For the best experience, open
https://m.punjabitribuneonline.com
on your mobile browser.
Advertisement

ਧਰਤੀ ਦਾ ਖ਼ਿਆਲ ਤੇ ਸੰਭਾਲ

11:59 AM Dec 03, 2023 IST
ਧਰਤੀ ਦਾ ਖ਼ਿਆਲ ਤੇ ਸੰਭਾਲ
Advertisement

ਦੁਬਈ ਵਿਚ ਜਲਵਾਯੂ ਤਬਦੀਲੀਆਂ ਬਾਰੇ ਸੰਯੁਕਤ ਰਾਸ਼ਟਰ ਦੀ ਕਾਨਫਰੰਸ ਕਾਪ28 ਸ਼ੁਰੂ ਹੋ ਗਈ ਹੈ। ਦੁਨੀਆਂ ਵਿਚ ਹੋ ਰਹੀਆਂ ਭਿਆਨਕ ਜਲਵਾਯੂ ਤਬਦੀਲੀਆਂ ਤੇ ਆਲਮੀ ਤਪਸ਼ ਦਾ ਸਿੱਧਾ ਸਬੰਧ ਸਰਮਾਏਦਾਰੀ ਨਿਜ਼ਾਮਾਂ ਦੀ ਵਿਕਾਸ ਦੌੜ ਨਾਲ ਜੁੜਿਆ ਹੋਇਆ ਹੈ। ਕਈ ਦੇਸ਼ਾਂ ਦੇ ਦਾਨਿਸ਼ਵਰ ਇਸ ਨੂੰ ਕਈ ਹੋਰ ਦ੍ਰਿਸ਼ਟੀਕੋਣਾਂ ਤੋਂ ਦੇਖਦੇ ਹਨ। ਇਹ ਲੇਖ ਉੱਘੇ ਵਿਦਵਾਨ ਸੱਯਦ ਹੁਸੈਨ ਨਾਸਰ ਦੇ ਨਜ਼ਰੀਏ ਦੀ ਵਿਆਖਿਆ ਕਰਦਾ ਹੈ।

Advertisement

ਰਾਮਚੰਦਰ ਗੁਹਾ

ਵਾਤਾਵਰਨ ਸੰਕਟ

ਲਵਾਯੂ ਸੰਕਟ ਨੇ ਇਨਸਾਨ ਵੱਲੋਂ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਧੱਕੇ ਨਾਲ ਸਾਡੇ ਧਿਆਨ ਵਿਚ ਲੈ ਆਂਦਾ ਹੈ। ਇਹ ਸਹੀ ਹੈ ਕਿ ਭਾਰਤ ਦੀਆਂ ਵਾਤਾਵਰਨ ਸਬੰਧੀ ਸਮੱਸਿਆਵਾਂ ਕਿਸੇ ਵੀ ਤਰ੍ਹਾਂ ਮਹਿਜ਼ ਆਲਮੀ ਤਪਸ਼ ਦਾ ਸਿੱਟਾ ਨਹੀਂ ਹਨ। ਉੱਤਰੀ ਭਾਰਤ ਦੇ ਸ਼ਹਿਰਾਂ ਵਿਚ ਪ੍ਰਦੂਸ਼ਣ ਦੀਆਂ ਆਸਮਾਨ ਨੂੰ ਛੂੰਹਦੀਆਂ ਦਰਾਂ, ਲਾਪ੍ਰਵਾਹੀ ਵਾਲੀ ਯੋਜਨਾਬੰਦੀ ਨਾਲ ਬਣਾਈਆਂ ਜਾ ਰਹੀਆਂ ਸੜਕਾਂ ਅਤੇ ਡੈਮਾਂ ਕਾਰਨ ਹਿਮਾਲਿਆ ਦੀ ਲਗਾਤਾਰ ਤਬਾਹੀ, ਪਾਣੀ ਦੇ ਧਰਤੀ ਹੇਠਲੇ ਭੰਡਾਰਾਂ ਦਾ ਘਟਦੇ ਜਾਣਾ, ਰਸਾਇਣਾਂ ਕਾਰਨ ਮਿੱਟੀ ਦਾ ਪਲੀਤ ਹੋਣਾ, ਜੈਵਿਕ ਵੰਨ-ਸੁਵੰਨਤਾ ਦਾ ਹੋ ਰਿਹਾ ਨੁਕਸਾਨ ਆਦਿ ਸਾਰਾ ਕੁਝ ਵਾਤਾਵਰਨ ਤਬਦੀਲੀ ਤੋਂ ਵੱਖਰੇ ਅਤੇ ਆਜ਼ਾਦਾਨਾ ਤੌਰ ’ਤੇ ਚੱਲ ਰਿਹਾ ਹੈ। ਵਾਤਾਵਰਨ ਨੂੰ ਵੱਖ-ਵੱਖ ਰੂਪਾਂ ਵਿਚ ਪਹੁੰਚਾਇਆ ਜਾ ਰਿਹਾ ਨੁਕਸਾਨ ਮਨੁੱਖੀ ਸਿਹਤ ਅਤੇ ਤੰਦਰੁਸਤੀ ਉੱਤੇ ਥੋੜ੍ਹੀ ਮਿਆਦ ’ਚ ਹੀ ਮਾੜਾ ਅਸਰ ਪਾਉਂਦਾ ਹੈ। ਇਹ ਭਾਰਤ ਅਤੇ ਸੰਸਾਰ ਵੱਲੋਂ ਚੁਣੇ ਗਏ ਆਰਥਿਕ ਮਾਡਲ ਦੀ ਲੰਮੀ ਮਿਆਦ ਲਈ ਵਿਹਾਰਕਤਾ ਉੱਤੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਵਾਤਾਵਰਨ ਸਬੰਧੀ ਚੁਣੌਤੀਆਂ ਦਾ ਟਾਕਰਾ ਕਿਵੇਂ ਕੀਤਾ ਜਾਵੇ, ਇਸ ਵਿਸ਼ੇ ਉੱਤੇ ਅੱਜਕੱਲ੍ਹ ਬਹੁਤ ਜ਼ਿਆਦਾ ਕਿਤਾਬਾਂ ਲਿਖੀਆਂ ਜਾ ਰਹੀਆਂ ਹਨ। ਪਰ ਇਸ ਲੇਖ ਵਿਚ ਮੁੱਖ ਤੌਰ ’ਤੇ ਪੰਜਾਹ ਸਾਲ ਤੋਂ ਵੱਧ ਸਮਾਂ ਪਹਿਲਾਂ ਪ੍ਰਕਾਸ਼ਿਤ ਹੋਏ ਇਕ ਮਜ਼ਮੂਨ ਉੱਤੇ ਚਰਚਾ ਕੀਤੀ ਜਾਵੇਗੀ। ਇਹ ਕਿਤਾਬ ਓਨੀ ਚਰਚਿਤ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਕਿਉਂਕਿ ਇਸ ਦਾ ਵਿਸ਼ਾ-ਵਸਤੂ ਉਸ ਸਮੇਂ ਲਈ ਢੁਕਵਾਂ ਸੀ ਅਤੇ ਸਾਡੇ ਅਜੋਕੇ ਸਮੇਂ ਲਈ ਉਸ ਤੋਂ ਵੀ ਵੱਧ ਢੁਕਵਾਂ ਹੈ।
ਇਸ ਕਿਤਾਬ ਦਾ ਨਾਂ ਹੈ ‘ਮੈਨ ਐਂਡ ਨੇਚਰ: ਦਿ ਸਪਿਰਿਚੁਅਲ ਕ੍ਰਾਈਸਿਸ ਔਫ ਮੌਡਰਨ ਮੈਨ’ (Man and Nature: The Spiritual Crisis of Modern Man ਭਾਵ ‘ਆਦਮੀ ਅਤੇ ਕੁਦਰਤ: ਆਧੁਨਿਕ ਮਨੁੱਖ ਦਾ ਅਧਿਆਤਮਕ ਸੰਕਟ’)। ਇਹ ਕਿਤਾਬ ਸੱਯਦ ਹੁਸੈਨ ਨਾਸਰ ਦੀ ਲਿਖੀ ਹੈ ਜੋ ਉਸ ਵੇਲੇ ਤਹਿਰਾਨ ਯੂਨੀਵਰਸਿਟੀ ਵਿਚ ਫਿਲਾਸਫ਼ੀ ਦੇ ਪ੍ਰੋਫੈਸਰ ਸਨ। ਉਹ ਹੁਣ 90 ਵਰ੍ਹਿਆਂ ਦੇ ਹਨ। ਉਨ੍ਹਾਂ ਬੜੇ ਨਿਵੇਕਲੇ ਢੰਗ ਨਾਲ ਬਹੁਤ ਹੀ ਦਿਲਚਸਪ ਅਤੇ ਹੱਦੋਂ ਵੱਧ ਉਤਪਾਦਕ ਜ਼ਿੰਦਗੀ ਜੀਵੀ ਹੈ। ਇਰਾਨ ਵਿਚ ਵਿਦਵਾਨਾਂ ਤੇ ਲੇਖਕਾਂ ਦੇ ਪਰਿਵਾਰ ਵਿਚ ਪੈਦਾ ਹੋਏ ਇਸ ਸ਼ਖ਼ਸ ਨੇ ਮੈਸਾਚਿਊਸੈਟਸ ਇੰਸਟੀਚਿਊਟ ਔਫ ਟੈਕਨੋਲੋਜੀ ਅਤੇ ਹਾਰਵਰਡ ਤੋਂ ਸਿੱਖਿਆ ਹਾਸਲ ਕੀਤੀ ਅਤੇ ਫਿਰ ਉਹ 1958 ਵਿਚ ਆਪਣੇ ਵਤਨ ਪਰਤ ਗਏ। ਪੱਛਮੀ ਮੁਲਕਾਂ ਵਿਚ ਰੁਜ਼ਗਾਰ ਦੀਆਂ ਵੱਕਾਰੀ ਅਤੇ ਮੋਟੀਆਂ ਤਨਖ਼ਾਹਾਂ ਵਾਲੀਆਂ ਪੇਸ਼ਕਸ਼ਾਂ ਨੂੰ ਠੋਕਰ ਮਾਰ ਕੇ ਉਨ੍ਹਾਂ ਨੇ ਤਹਿਰਾਨ ਵਿਚ ਪੜ੍ਹਾਇਆ ਅਤੇ ਵਿਦਿਆਰਥੀਆਂ ਦੀਆਂ ਕਈ ਪੀੜ੍ਹੀਆਂ ਦੀ ਰਹਿਨੁਮਾਈ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਾਰਸੀ ਅਤੇ ਅੰਗਰੇਜ਼ੀ ਜ਼ੁਬਾਨਾਂ ਵਿਚ ਵੱਡੀ ਗਿਣਤੀ ਕਿਤਾਬਾਂ ਤੇ ਲੇਖ ਲਿਖੇ ਅਤੇ ਕਦੇ-ਕਦੇ ਉਹ ਫਰਾਂਸਿਸੀ ਤੇ ਅਰਬੀ ਭਾਸ਼ਾਵਾਂ ਵਿਚ ਵੀ ਲਿਖਦੇ ਰਹੇ। ਹਾਲਾਂਕਿ ਉਨ੍ਹਾਂ ਨੂੰ ਇਰਾਨ ਦੇ 1979 ਦੇ ਇਸਲਾਮੀ ਇਨਕਲਾਬ ਕਾਰਨ ਮਜਬੂਰਨ ਵਤਨੋਂ ਬੇਵਤਨ ਹੋਣਾ ਪਿਆ ਕਿਉਂਕਿ ਇਰਾਨ ਦੇ ਕੱਟੜ ਆਇਤੁੱਲਾ ਆਗੂਆਂ ਨੂੰ ਵਿਚਾਰਾਂ ਦੀ ਆਜ਼ਾਦੀ ਨੂੰ ਪਸੰਦ ਨਹੀਂ ਸਨ ਕਰਦੇ। ਨਾਸਰ ਨੇ ਉਸ ਤੋਂ ਬਾਅਦ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਅਤੇ ਨਾਲ ਹੀ ਮੁੱਖ ਤੌਰ ’ਤੇ ਬੌਧਿਕ ਇਤਿਹਾਸ ਅਤੇ ਤੁਲਨਾਤਮਿਕ ਧਰਮ ਦੇ ਖੇਤਰ ਵਿਚ ਵੱਡੇ ਪੱਧਰ ’ਤੇ ਲਗਾਤਾਰ ਲਿਖਦੇ ਵੀ ਰਹੇ।

ਸੱਯਦ ਹੁਸੈਨ ਨਾਸਰ ਅਤੇ ਉਸ ਦੀ ਕਿਤਾਬ ‘ਮੈਨ ਐਂਡ ਨੇਚਰ’ ਦਾ ਟਾਈਟਲ।

‘ਮੈਨ ਐਂਡ ਨੇਚਰ’ ਦੇ ਸ਼ੁਰੂ ਵਿਚ ਪ੍ਰੋ. ਨਾਸਰ ਨੇ ਲਿਖਿਆ ਕਿ ਜਿੱਥੇ ਪੱਛਮ ਵਿਚ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਜਾਣ ਸਬੰਧੀ ਜਾਗਰੂਕਤਾ ਵਧ ਰਹੀ ਸੀ, ‘ਆਮ ਕਰਕੇ ਉਹੋ ਲੋਕ ਜਿਹੜੇ ਇਨ੍ਹਾਂ ਜ਼ਾਹਰਾ ਸਮੱਸਿਆਵਾਂ ਨੂੰ ਸਮਝਦੇ ਹਨ, ਉਹ ‘ਵਿਕਾਸ’ ਨੂੰ ਹੋਰ ਅੱਗੇ ਵਧਾਉਣ ਜਾਂ ਧਰਾਤਲੀ ਹੋਂਦ ਵੱਲੋਂ ਆਪਣੇ ਤੌਰ ’ਤੇ ਠੋਸੇ ਗਏ ਹਾਲਾਤ ਕਾਰਨ ਪੈਦਾ ‘ਇਨਸਾਨੀ ਤਕਲੀਫ਼ਾਂ’ ਖ਼ਿਲਾਫ਼ ਜੰਗ ਦੀ ਗੱਲ ਕਰਦੇ ਹਨ। ਦੂਜੇ ਸ਼ਬਦਾਂ ਵਿਚ ਉਹ ਇਨਸਾਨ ਤੇ ਕੁਦਰਤ ਦਰਮਿਆਨ ਵਿਗੜੇ ਤਵਾਜ਼ਨ ਕਾਰਨ ਉੱਭਰੀਆਂ ਸਮੱਸਿਆਵਾਂ ਨੂੰ ਕੁਦਰਤ ਉੱਤੇ ਹੋਰ ਜਿੱਤ ਅਤੇ ਦਬਦਬੇ ਰਾਹੀਂ ਖ਼ਤਮ ਕਰਨਾ ਚਾਹੁੰਦੇ ਹਨ। ...ਕੁਝ ਕੁ ਲੋਕ ਹੀ ਹਕੀਕਤ ਦਾ ਸਾਹਮਣਾ ਕਰਨ ਅਤੇ ਇਸ ਤੱਥ ਨੂੰ ਤਸਲੀਮ ਕਰਨ ਦੇ ਚਾਹਵਾਨ ਹਨ ਕਿ ਇਨਸਾਨੀ ਸਮਾਜ ਵਿਚ ਉਦੋਂ ਤੱਕ ਕੋਈ ਸ਼ਾਂਤੀ ਸੰਭਵ ਨਹੀਂ ਜਦੋਂ ਤੱਕ ਕੁਦਰਤ ਅਤੇ ਸਮੁੱਚੇ ਕੁਦਰਤੀ ਵਾਤਾਵਰਨ ਪ੍ਰਤੀ ਸਾਡਾ ਰਵੱਈਆ ਹਮਲਾਵਰਾਨਾ ਅਤੇ ਲੜਨ ਵਾਲਾ ਰਹੇਗਾ।’
‘ਮੈਨ ਐਂਡ ਨੇਚਰ’ 1966 ਦੀਆਂ ਗਰਮੀਆਂ ਦੌਰਾਨ ਸ਼ਿਕਾਗੋ ਯੂਨੀਵਰਸਿਟੀ ਵਿਚ ਦਿੱਤੇ ਗਏ ਭਾਸ਼ਣਾਂ ਉੱਤੇ ਆਧਾਰਿਤ ਕਿਤਾਬ ਹੈ। ਇਸ ਕਾਰਨ ਇਹ ਕਿਤਾਬ ਪੱਛਮੀ ਅਤੇ ਖ਼ਾਸ ਕਰਕੇ ਅਮਰੀਕੀ ਪਾਠਕਾਂ/ਲੋਕਾਂ ਨੂੰ ਸੰਬੋਧਿਤ ਹੈ। ਵਿਕਾਸ ਨੀਤੀਆਂ ਦੇ ਮਾਮਲੇ ਵਿਚ ਭਾਰਤ ਅਤੇ ਚੀਨ ਵਰਗੇ ਮੁਲਕਾਂ ਨੇ ਵੀ ਪੱਛਮੀ ਨਮੂਨੇ ਨੂੰ ਹੀ ਬੜਾ ਵਧ-ਚੜ੍ਹ ਕੇ ਅਪਣਾਇਆ ਹੈ। ਇਸ ਲਈ ਪ੍ਰੋਫੈਸਰ ਨਾਸਰ ਦੀਆਂ ਚਿਤਾਵਨੀਆਂ ਉੱਤੇ ਸਾਨੂੰ ਵੀ ਗ਼ੌਰ ਕਰਨੀ ਚਾਹੀਦੀ ਹੈ।
ਨਾਸਰ ਦਲੀਲ ਦਿੰਦੇ ਹਨ ਕਿ ਸਮੱਸਿਆ ਦੀ ਜੜ੍ਹ ਵਿਚਾਰਾਂ ਦੇ ਖੇਤਰ ਵਿਚ ਹੈ। ਆਧੁਨਿਕ ਆਦਮੀ ਨੇ ਹੰਕਾਰੀ ਢੰਗ ਨਾਲ ਕੁਦਰਤ ਉੱਤੇ ਪੂਰਨ ਤਾਨਾਸ਼ਾਹੀ ਵਰਤੀ ਤਾਂ ਜੋ ਉਹ ਆਪਣੀ ਮਨਮਰਜ਼ੀ ਮੁਤਾਬਿਕ ਕੁਦਰਤ ਨੂੰ ਵਰਤਣ, ਇਸ ਦੀ ਦੁਰਵਰਤੋਂ ਕਰਨ, ਆਪਣੇ ਵੱਸ ਵਿਚ ਕਰਨ ਅਤੇ ਇਸ ਉੱਤੇ ਦਾਬਾ ਪਾਉਣ ਦੀ ਮੁਕੰਮਲ ਆਜ਼ਾਦੀ ਮਾਣ ਸਕੇ। ਨਾਸਰ ਲਿਖਦੇ ਹਨ, ‘‘ਅਸਲ ਵਿਚ ‘ਕੁਦਰਤ ਉੱਤੇ ਪਾਏ ਗਏ ਇਸੇ ਗ਼ਲਬੇ ਨੇ ਹੱਦੋਂ ਵੱਧ ਆਬਾਦੀ, ‘ਸਾਹ ਲੈਣ ਜੋਗੀ ਥਾਂ’ ਦੀ ਵੀ ਅਣਹੋਂਦ, ਸ਼ਹਿਰੀ ਜ਼ਿੰਦਗੀ ਦੀ ਜਾਮ ਹੋ ਜਾਣ ਵਾਲੀ ਹਾਲਤ ਤੇ ਭੀੜ-ਭੜੱਕਾ, ਹਰ ਤਰ੍ਹਾਂ ਦੇ ਕੁਦਰਤੀ ਵਸੀਲਿਆਂ ਦੇ ਖ਼ਾਤਮੇ, ਕੁਦਰਤੀ ਸੁੰਦਰਤਾ ਦੀ ਤਬਾਹੀ, ਮਸ਼ੀਨ ਤੇ ਉਸ ਦੇ ਉਤਪਾਦਾਂ ਰਾਹੀਂ ਰਹਿਣ-ਸਹਿਣ ਦੇ ਮਾਹੌਲ ਵਿਚ ਭਾਰੀ ਖ਼ਰਾਬੀ, ਮਾਨਸਿਕ ਬਿਮਾਰੀਆਂ ਵਿਚ ਗ਼ੈਰਮਾਮੂਲੀ ਵਾਧੇ ਅਤੇ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਮੁਸ਼ਕਲਾਂ, ਜਿਨ੍ਹਾਂ ਵਿਚੋਂ ਕੁਝ ਤਾਂ ਬਹੁਤ ਹੀ ਦੁਸ਼ਵਾਰ ਦਿਖਾਈ ਦਿੰਦੀਆਂ ਹਨ ਆਦਿ ਦੀ ਸਮੱਸਿਆ ਪੈਦਾ ਕੀਤੀ ਹੈ।’
ਪ੍ਰੋਫੈਸਰ ਨਾਸਰ ਹੋਰ ਲਿਖਦੇ ਹਨ: ‘‘ਆਧੁਨਿਕ ਆਦਮੀ ਦੇ ਕੁਦਰਤ ਉੱਤੇ ਹਾਵੀ ਹੋਣ ਦੀ ਭਾਵਨਾ ਅਤੇ ਕੁਦਰਤ ਬਾਰੇ ਬਣਾਈ ਹੋਈ ਭੌਤਿਕਵਾਦੀ ਧਾਰਨਾ ਹੀ ਨਹੀਂ ਸਗੋਂ ਇਕ ਲਾਲਸਾ ਤੇ ਲਾਲਚ ਦੀ ਭਾਵਨਾ ਵੀ ਆਪਸ ਵਿਚ ਮਿਲੇ ਹੋਏ ਹਨ ਜੋ ਵਾਤਾਵਰਨ ਉੱਤੇ ਕਿਤੇ ਭਾਰੀ ਪੈਂਦੇ ਹਨ।’’ ਉਨ੍ਹਾਂ ਖ਼ਾਸਕਰ ਅਮਰੀਕਾ ਵਿਚ ਠੋਸ ਢੰਗ ਨਾਲ ਵਿਕਸਿਤ ਕੀਤੇ ਗਏ, ਚੀਜ਼ਾਂ ਦੇ ਅੰਦਰ ਅਪਾਰ ਅਤੇ ਅਸੀਮਿਤ ਸੰਭਾਵਨਾਵਾਂ ਦੇ ਵਿਸ਼ਵਾਸ ਦੀ ਨਿਖੇਧੀ ਕੀਤੀ, ਜਿਵੇਂ ਰੂਪਾਂ ਦੀ ਦੁਨੀਆਂ ਸੀਮਿਤ ਨਹੀਂ ਸੀ ਅਤੇ ਇਹ ਇਨ੍ਹਾਂ ਰੂਪਾਂ ਦੀਆਂ ਮੂਲ ਸੀਮਾਵਾਂ ਨਾਲ ਬੱਝੀ ਹੋਈ ਸੀ।’
ਉਹ ਦਲੀਲ ਦਿੰਦੇ ਹਨ ਕਿ ‘ਮਨੁੱਖ ਅਤੇ ਉਸ ਦੀਆਂ ਸੰਭਾਵਨਾਵਾਂ ਦੀ ਅਸੀਮ ਤਾਕਤ’ ਦੀ ਇਸ ਝੂਠੀ ਧਾਰਨਾ ਨੂੰ ਅਰਥ ਸ਼ਾਸਤਰ ਦੇ ਇਕ ਆਜ਼ਾਦ ਵਿਸ਼ੇ ਵਜੋਂ ਹੋਏ ਵਿਕਾਸ ਨੇ ਹੱਲਾਸ਼ੇਰੀ ਦਿੱਤੀ ਹੈ, ‘ਜਿਸ ਦੇ ਤਹਿਤ ਇਨਸਾਨ ਨੂੰ ਮਹਿਜ਼ ਭੌਤਿਕ ਲੋੜਾਂ ਵਾਲਾ ਇਕ ਜੀਵ ਮੰਨਿਆ ਜਾਂਦਾ ਹੈ’। ਆਧੁਨਿਕ ਵਿਗਿਆਨ ਅਤੇ ਆਧੁਨਿਕ ਅਰਥਸ਼ਾਸਤਰ ਦੋਵਾਂ ਨੇ ਇਨਸਾਨ ਨੂੰ ਨੈਤਿਕ ਜਾਂ ਅਧਿਆਤਮਕ ਸੰਜਮ ਦੇ ਕਿਸੇ ਵੀ ਵਿਚਾਰ ਤੋਂ ਤੋੜ ਦਿੱਤਾ ਹੈ। ਉਨ੍ਹਾਂ ਨੇ ਸਾਨੂੰ ਕੁਦਰਤ ਨੂੰ ‘ਜਿੰਨਾ ਵੱਧ ਤੋਂ ਵੱਧ ਸੰਭਵ ਹੋ ਸਕੇ ਵਰਤਣ ਅਤੇ ਮਾਣਨ ਵਾਲੀ ਸ਼ੈਅ’ ਤਸਲੀਮ ਕਰਨ ਲਈ ਉਤਸ਼ਾਹਿਤ ਕੀਤਾ ਹੈ ਜਿਸ ਦਾ ‘ਅਸੀਂ ਉਸ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਜਾਂ ਕੁਦਰਤ ਦੇ ਅਹਿਸਾਨ ਮੰਨਣ ਦੀ ਭਾਵਨਾ ਤੋਂ ਬਿਨਾਂ ਵੱਧ ਤੋਂ ਵੱਧ ਲਾਹਾ ਲੈ ਸਕਦੇ ਹਾਂ’। ਮਨੁੱਖਾਂ ਨੂੰ ਧਰਤੀ ਉੱਤੇ ਆਪਣੀ ਹੋਂਦ ਬਣਾਈ ਰੱਖਣ ਲਈ ਨਵੇਂ ਸਿਰੇ ਤੋਂ ਕੁਦਰਤ ਦੇ ਨਾਲ ਤੇ ਇਸ ਦੀ ਸੰਗਤ ਵਿਚ ਰਹਿਣਾ ਸਿੱਖਣਾ ਹੋਵੇਗਾ ਅਤੇ ਅਜਿਹਾ ਕਰਦਿਆਂ ਕੁਦਰਤ ਦੀ ਪਵਿੱਤਰਤਾ ਦੀ ਭਾਵਨਾ ਨੂੰ ਬਹਾਲ ਕਰਨਾ ਹੋਵੇਗਾ ਜੋ (ਪ੍ਰੋਫੈਸਰ ਨਾਸਰ ਮੰਨਦੇ ਸਨ ਕਿ) ਵਿਸ਼ਵਾਸ ਅਤੇ ਅਭਿਆਸ ਦੀਆਂ ਗ਼ੈਰ-ਆਧੁਨਿਕ ਪ੍ਰਣਾਲੀਆਂ ਦੀ ਵਿਸ਼ੇਸ਼ਤਾ ਨੂੰ ਜ਼ਾਹਿਰ ਕਰਦਾ ਹੈ।
‘ਮੈਨ ਐਂਡ ਨੇਚਰ’ ਦਾ ਪਹਿਲਾ ਐਡੀਸ਼ਨ 1968 ਵਿਚ ਛਪਿਆ, ਜਦੋਂ ਸੱਯਦ ਹੁਸੈਨ ਨਾਸਰ ਹਾਲੇ ਤਹਿਰਾਨ ਵਿਚ ਹੀ ਰਹਿੰਦੇ ਸਨ। ਇਕ ਦਹਾਕਾ ਬਾਅਦ ਇਸਲਾਮੀ ਬੁਨਿਆਦਪ੍ਰਸਤਾਂ ਨੇ ਉਨ੍ਹਾਂ ਨੂੰ ਜਲਾਵਤਨ ਹੋਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਅਮਰੀਕਾ ਵਿਚ ਨਵੇਂ ਸਿਰਿਉਂ ਜ਼ਿੰਦਗੀ ਸ਼ੁਰੂ ਕੀਤੀ ਅਤੇ ਉੱਥੇ ‘ਮੈਨ ਐਂਡ ਨੇਚਰ’ ਦੇ ਵਿਸ਼ਿਆਂ ਉੱਤੇ ਮੁੜ ਗ਼ੌਰ ਕਰਨ ਤੋਂ ਪਹਿਲਾਂ ਹੋਰ ਵਿਸ਼ਿਆਂ ਉੱਤੇ ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ। ਪ੍ਰੋਫੈਸਰ ਨਾਸਰ ਨੇ 1996 ਵਿਚ ਇਕ ਹੋਰ ਕਿਤਾਬ ‘ਰਿਲੀਜਨ ਐਂਡ ਦਿ ਆਰਡਰ ਔਫ ਨੇਚਰ’ (Religion and the Order of Nature ਭਾਵ ‘ਧਰਮ ਅਤੇ ਕੁਦਰਤ ਦਾ ਢਾਂਚਾ’) ਲਿਖੀ ਜਿਸ ਵਿਚ ਦਲੀਲ ਦਿੱਤੀ ਕਿ ਆਧੁਨਿਕ ਪੱਛਮ ਵਿਚ ‘ਧਰਮਨਿਰਪੱਖ ਮਨੁੱਖਤਾਵਾਦ ਅਤੇ ਇਨਸਾਨ ਦੇ ਹੀ ਸਭ ਕੁਝ ਹੋਣ ਦੀ ਸੋਚ ਦੇ ਉਭਾਰ ਦੇ ਮਨੁੱਖ ਅਤੇ ਕੁਦਰਤੀ ਇਤਿਹਾਸ ਦੋਵਾਂ ਲਈ ‘ਬੇਅੰਤ ਨਤੀਜੇ’ ਨਿਕਲੇ ਕਿਉਂਕਿ ‘ਹੁਣ ਕੁਦਰਤ ਉੱਤੇ ਪਾਏ ਜਾਣ ਵਾਲੇ ਦਬਦਬੇ ਉੱਤੇ ਧਰਮ ਦੀ ਕੋਈ ਰੋਕ ਨਹੀਂ ਸੀ ਰਹੀ, ਭਾਵੇਂ ਅਜਿਹਾ ਦੌਲਤ ਹਾਸਲ ਕਰਨ ਲਈ ਕੁਦਰਤ ਨੂੰ ਆਪਣੇ ਅਧੀਨ ਕਰਨ ਵਾਸਤੇ ਸੀ ਅਤੇ ਹੋਰਨਾਂ ਸੱਭਿਅਤਾਵਾਂ ਨੂੰ ਜਿੱਤਣ ਲਈ ਜਾਂ ਫਿਰ ਦੋਵੇਂ ਗੱਲਾਂ ਹੋਣ।’ ਇਸ ਇਰਾਨੀ-ਅਮਰੀਕੀ ਵਿਦਵਾਨ ਨੇ ਲਿਖਿਆ ਹੈ ਕਿ ਮਨੁੱਖੀ ਸਮਾਜ ‘ਤਕਰੀਬਨ ਸਰਵ-ਵਿਆਪੀ ਤੌਰ ’ਤੇ ਮੰਨੇ ਜਾਂਦੇ ਕੁਦਰਤ ਦੀ ਪਵਿੱਤਰਤਾ ਦੇ ਵਿਚਾਰ ਤੋਂ ਲਾਂਭੇ ਹੋ ਕੇ ਅਜਿਹੀ ਸਥਿਤੀ ਵਿਚ ਚਲਾ ਗਿਆ ਹੈ ਜਿਹੜੀ ਇਨਸਾਨ ਨੂੰ ਕੁਦਰਤ ਤੋਂ ਵੱਖ ਕਰਦੀ ਹੈ ਅਤੇ ਇਹ ਹੁਣ ਕੁਦਰਤ ਨੂੰ ਵੀ ਜੀਵਨ ਪਾਲਕ ਨਹੀਂ ਸਗੋਂ ਬੇਜਾਨ ਸ਼ੈਅ ਸਮਝਦੀ ਹੈ, ...ਜਿਸ ’ਤੇ ਖਾਲਸ ਦੁਨਿਆਵੀ ਇਨਸਾਨ ਵੱਲੋਂ ਗ਼ਲਬਾ ਪਾਇਆ ਅਤੇ ਇਸ ਨੂੰ ਕਿਵੇਂ ਵੀ ਵਰਤਿਆ ਜਾ ਸਕਦਾ ਹੈ।’
‘ਰਿਲੀਜਨ ਐਂਡ ਦਿ ਆਰਡਰ ਔਫ ਨੇਚਰ’ ਇਸ ਗੱਲ ਦਾ ਮੁਲਾਂਕਣ ਕਰਦੀ ਹੈ ਕਿ ਵਾਤਾਵਰਨ ਸਬੰਧੀ ਸੰਕਟ ਦੇ ਹੱਲ ਵਿਚ ਵੱਖੋ-ਵੱਖ ਧਾਰਮਿਕ ਰਵਾਇਤਾਂ ਕੀ ਹਿੱਸਾ ਪਾ ਸਕਦੀਆਂ ਹਨ। ਇਸ ਤਰ੍ਹਾਂ ਨਾਸਰ ਉਮੀਦ ਭਰੇ ਢੰਗ ਨਾਲ ਇਕ ਅਜਿਹੀ ਸਥਿਤੀ ਬਾਰੇ ਲਿਖਦੇ ਹਨ ਜਿਸ ਵਿਚ ਦੁਨੀਆਂ ਭਰ ਦੇ ਧਰਮ ਆਪਸੀ ਤੌਰ ’ਤੇ ਇਕ-ਦੂਜੇ ਨੂੰ ਅਮੀਰ ਬਣਾ ਸਕਣ ਅਤੇ ਨਾਲ ਹੀ ਧਰਤੀ ਨੂੰ ਲੱਗੇ ਜ਼ਖ਼ਮਾਂ ਨੂੰ ਭਰਨ ਲਈ ਕੁਦਰਤ ਦੀ ਪਵਿੱਤਰਤਾ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਆਧਾਰ ਉੱਤੇ ਆਪਸੀ ਸਹਿਯੋਗ ਕਰ ਸਕਣ।’
ਇਹ ਪਹੁੰਚ ਅਜੋਕੇ ਤਕਨੀਕੀ ਆਸ਼ਾਵਾਦੀਆਂ ਦੇ ਉਲਟ ਹੈ ਜਿਨ੍ਹਾਂ ਦਾ ਵਿਸ਼ਵਾਸ ਹੈ ਕਿ ਵਾਤਾਵਰਨ ਸੰਕਟ ਨੂੰ ਨਵੇਂ ਊਰਜਾ ਵਸੀਲਿਆਂ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਜਿਵੇਂ ਸੂਰਜੀ, ਹਾਈਡਰੋਜਨ ਅਤੇ ਪੌਣ ਰਾਹੀਂ ਅਤੇ ਨਾਲ ਹੀ ਪੈਟਰੋਲ ਦੇ ਬਾਲਣ ਨਾਲ ਚੱਲਣ ਵਾਲੀਆਂ ਕਾਰਾਂ ਦੀ ਥਾਂ ਇਲੈਕਟ੍ਰਿਕ ਬੈਟਰੀ ਵਾਲੀਆਂ ਕਾਰਾਂ ਅਪਣਾ ਕੇ, ਕਾਰਬਨ ਨੂੰ ਕਾਬੂ ਕਰ ਕੇ ਅਤੇ ਭੂ-ਇੰਜਨੀਅਰਿੰਗ ਰਾਹੀਂ। ਹਾਲ ਹੀ ਵਿਚ ‘ਕਲਾਈਮੇਟ ਕੈਪੀਟਲਿਜ਼ਮ’ (Climate Capitalism ਭਾਵ ‘ਜਲਵਾਯੂ ਸਰਮਾਏਦਾਰੀ) ਵਰਗੇ ਦਿਲਕਸ਼ ਤੇ ਅਸਰਦਾਰ ਸਿਰਲੇਖ ਤਹਿਤ ਛਪੀ ਕਿਤਾਬ, ਜਿਸ ਦੀ ਤਾਈਦ ਸੰਸਾਰ ਦੇ ਕੁਝ ਚੋਟੀ ਦੇ ਟੈੱਕ ਅਰਬਪਤੀਆਂ ਨੇ ਵੀ ਕੀਤੀ ਹੈ, ਭਰੋਸੇ ਨਾਲ ਇਹ ਐਲਾਨ ਕਰਦਿਆਂ ਅਜਿਹੀਆਂ ਨਵੀਆਂ ਕਾਢਾਂ ਨੂੰ ਸੂਚੀਬੱਧ ਕਰਦੀ ਹੈ ਕਿ ਇਨਸਾਨ ‘ਸੰਸਾਰ ਦੇ ਤਾਕਤਵਰ ਆਰਥਿਕ ਸਿਸਟਮ (ਭਾਵ ਪੂੰਜੀਵਾਦ) ਦੇ ਅੰਦਰ ਹੀ ਜਲਵਾਯੂ ਤਬਦੀਲੀ ਨਾਲ ਸਿੱਝ ਸਕਦਾ ਹੈ ਅਤੇ ਇਹ ਯਕੀਨੀ ਬਣਾ ਸਕਦਾ ਹੈ ਕਿ ਤਰੱਕੀ ਦਾ ਪਹੀਆ ਰੁਕੇ ਨਾ...।’
ਦੂਜੇ ਪਾਸੇ ਪ੍ਰੋਫੈਸਰ ਨਾਸਰ ਵਾਤਾਵਰਨ ਸੰਕਟ ਦੀ ਜੜ੍ਹ ਵਜੋਂ ਮਾੜੀ ਜਾਂ ਮਾੜੇ ਢੰਗ ਨਾਲ ਲਾਗੂ ਕੀਤੀ ਗਈ ਤਕਨਾਲੋਜੀ ਦੀ ਥਾਂ ਮਾੜੇ ਵਿਚਾਰਾਂ ਨੂੰ ਦੇਖਦੇ ਹਨ। ਉਨ੍ਹਾਂ ਲਿਖਿਆ ਹੈ ਕਿ ‘ਮੌਜੂਦਾ ਮਾੜੀ ਹਾਲਤ ਮੁੱਖ ਤੌਰ ’ਤੇ ਕੁਦਰਤ ਦੇ ਗਿਆਨ ਅਤੇ ਅੰਦਰੂਨੀ ਅਧਿਆਤਮਕ ਸੰਕਟ ਦਾ ਨਤੀਜਾ ਹੈ ਅਤੇ ਇਹ ਮਹਿਜ਼ ਖ਼ਰਾਬ ਇੰਜਨੀਅਰਿੰਗ ਦਾ ਸਿੱਟਾ ਨਹੀਂ।’
ਮੇਰੀ ਦੋਵੇਂ ਤਰ੍ਹਾਂ ਦੀ ਪਹੁੰਚ ਦਾ ਹਮਾਇਤੀ ਹਾਂ, ਉਂਝ ਮੈਂ ਦੋਵਾਂ ਨੂੰ ਹੀ ਅੰਸ਼ਕ ਮੰਨਦਾ ਹਾਂ, ਮੁਕੰਮਲ ਨਹੀਂ। ਮੁੜ-ਨਵਿਆਉਣਯੋਗ ਊਰਜਾ ਵਿਚ ਨਵੀਆਂ ਕਾਢਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ; ਅਤੇ ਕੁਦਰਤ ਦੀ ਵਧੇਰੇ ਸੰਭਾਲ ਕੀਤੇ ਜਾਣ ਪੱਖੋਂ ਵੀ ਇੰਝ ਹੀ ਕੀਤਾ ਜਾਣਾ ਚਾਹੀਦਾ ਹੈ। ਪਰ ਯਕੀਨਨ ਜੀਵਨਸ਼ੈਲੀ ਦੀ ਵੀ ਆਪਣੀ ਅਹਿਮੀਅਤ ਹੈ। ਅਰਬਪਤੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾ ਤਾਂ ਆਪਣੇ ਨਿੱਜੀ ਹਵਾਈ ਜਹਾਜ਼ ਤਿਆਗਣੇ ਪੈਣ, ਨਾ ਹੀ ਐਸ਼ੋ-ਇਸ਼ਰਤ ਵਾਲੀਆਂ ਨਿੱਜੀ ਬੇੜੀਆਂ ਅਤੇ ਨਾ ਹੀ ਕਈ ਮਹਾਂਦੀਪਾਂ ਵਿਚ ਫੈਲੇ ਹੋਏ ਮਹਿਲਾਂ ਵਰਗੇ ਘਰਾਂ ਨੂੰ ਛੱਡਣਾ ਪਵੇ ਅਤੇ ਇੰਝ ਹੀ ਜਲਵਾਯੂ ਤਬਦੀਲੀ ਦੀ ਸਮੱਸਿਆ ਦਾ ਹੱਲ ਹੋ ਜਾਵੇ। ਇਸੇ ਤਰ੍ਹਾਂ ਧਰਮ ਵੀ ਸਮਕਾਲੀ ਦੁਨੀਆਂ ਵਿਚ ਪ੍ਰੇਮ-ਪਿਆਰ ਅਤੇ ਸਦਭਾਵਨਾ ਦੀ ਥਾਂ ਝਗੜੇ-ਝੇੜਿਆਂ ਦਾ ਮੁੱਢ ਹਨ। ਇਕ ਪਾਸੇ ਜਿੱਥੇ ਕੁਝ ਖ਼ਾਸ ਆਮ ਲੋਕ ਧਰਤੀ ਉੱਤੇ ਵਧੇਰੇ ਨਿਮਰਤਾ ਤੇ ਸਹਿਜ ਨਾਲ ਚੱਲ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਅਕੀਦਾ ਉਨ੍ਹਾਂ ਨੂੰ ਇੰਝ ਕਰਨਾ ਸਿਖਾਉਂਦਾ ਹੈ, ਉੱਥੇ ਦੂਜੇ ਪਾਸੇ ਕੁਝ ਹੋਰ ਆਪਣੇ ਅਕੀਦਿਆਂ ਦੀ ਅਜਿਹੇ ਢੰਗਾਂ ਨਾਲ ਵਿਆਖਿਆ ਕਰਨ ਦੀ ਸਮੱਸਿਆ ਦੇ ਸ਼ਿਕਾਰ ਹੁੰਦੇ ਹਨ ਜੋ ਹਿੰਸਾ ਅਤੇ ਜੰਗ ਨੂੰ ਹੁਲਾਰਾ ਦਿੰਦੀ ਹੈ। ਮਹਾਤਮਾ ਬੁੱਧ, ਸੰਤ ਫਰਾਂਸਿਸ ਅਸੀਸੀ ਅਤੇ ਮਹਾਤਮਾ ਗਾਂਧੀ ਅਜਿਹੀਆਂ ਕੁਝ ਕੁ ਗਿਣੀਆਂ-ਚੁਣੀਆਂ ਧਾਰਮਿਕ ਹਸਤੀਆਂ ਵਿਚੋਂ ਸਨ ਜਿਨ੍ਹਾਂ ਨੇ ਆਪਣੇ ਵਿਸ਼ਵਾਸ ਦੀ ਵਾਤਾਵਰਨ ਪੱਖੀ ਜ਼ਿੰਮੇਵਾਰਾਨਾ ਨੈਤਿਕਤਾ ਨੂੰ ਹੁਲਾਰਾ ਦੇਣ ਵਾਲੀ ਵਿਆਖਿਆ ਸਫਲਤਾਪੂਰਬਕ ਕੀਤੀ ਜਦੋਂਕਿ ਨਾਲ ਦੀ ਨਾਲ ਉਨ੍ਹਾਂ ਨੇ ਵਿਅਕਤੀਆਂ ਅਤੇ ਧਰਮਾਂ ਦੀ ਆਪਸੀ ਸੰਵੇਦਨਾ ਤੇ ਹਮਦਰਦੀ ਲਈ ਵੀ ਕੰਮ ਕੀਤਾ।
ਪ੍ਰੋਫੈਸਰ ਨਾਸਰ ਨੇ ਸ਼ਾਨਦਾਰ ਢੰਗ ਨਾਲ ਇਸ ਗ਼ਲਤ ਵਿਸ਼ਵਾਸ ਨੂੰ ਖ਼ਾਰਜ ਕਰ ਦਿੱਤਾ ਕਿ ਤਕਨੀਕੀ ਮੁਹਾਰਤ ਸਾਨੂੰ ਇਨਸਾਨਾਂ ਨੂੰ ਹੋਰ ਵੀ ਜ਼ਿਆਦਾ ਐਸ਼ੋ-ਇਸ਼ਰਤ ਵਾਲੀ ਜੀਵਨਸ਼ੈਲੀ ਮਾਣਨ ਦਾ ਭਰੋਸਾ ਦੇ ਸਕਦੀ ਹੈ। ਅਧਿਆਤਮਕ ਤਬਦੀਲੀ ਦਾ ਉਨ੍ਹਾਂ ਦਾ ਸੱਦਾ ਚੰਗਾ ਹੈ, ਭਾਵੇਂ ਕੋਈ ਵੀ ਸ਼ਾਇਦ (ਰਵਾਇਤੀ ਭਾਵਨਾ ਵਿਚ) ਖ਼ੁਦ ਧਾਰਮਿਕ ਹੋਏ ਬਿਨਾਂ ਵੀ ਆਪਣੇ ਆਪ ਵਿਚ ਕੁਦਰਤ ਦਾ ਸਤਿਕਾਰ ਅਤੇ ਕੁਦਰਤੀ ਵਸੀਲਿਆਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਨੈਤਿਕਤਾ ਵਿਕਸਿਤ ਕਰ ਸਕਦਾ ਹੈ।
ਅਖ਼ੀਰ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਵਾਤਾਵਰਨ ਸੰਕਟ ਦੇ ਟਾਕਰੇ ਲਈ ਜ਼ੋਰਦਾਰ ਸੰਸਥਾਗਤ ਤਬਦੀਲੀਆਂ ਦੀ ਵੀ ਲੋੜ ਹੋ ਸਕਦੀ ਹੈ ਜਿਸ ਤਹਿਤ ਨੁਮਾਇੰਦਗੀ ਅਤੇ ਪ੍ਰਸ਼ਾਸਨ ਦੇ ਵਧੇਰੇ ਲੋਕਤੰਤਰੀ, ਵਧੇਰੇ ਵਿਕੇਂਦਰੀਕਰਨ ਵਾਲੇ ਅਤੇ ਵਧੇਰੇ ਪਾਰਦਰਸ਼ੀ ਰੂਪ ਵਾਲੇ ਢੰਗ ਤਰੀਕੇ ਵੱਲ ਕਦਮ ਵਧਾਉਣੇ ਪੈਣਗੇ। ਇਕ ਅਜਿਹਾ ਸਿਆਸੀ ਨਿਜ਼ਾਮ ਜਿੱਥੇ ਕੋਲੇ ਅਤੇ ਪੈਟਰੋ-ਕੈਮੀਕਲ ਦੇ ਸਿਰੇ ਦੇ ਵੱਡੇ ਕਾਰੋਬਾਰੀ ਇਹ ਤੈਅ ਕਰਦੇ ਹਨ ਕਿ ਚੋਣਾਂ ਲਈ
ਫੰਡ ਕਿਵੇਂ ਦਿੱਤੇ ਜਾਣ, ਚੋਣਾਂ ਲੜੀਆਂ ਤੇ ਜਿੱਤੀਆਂ ਕਿਵੇਂ ਜਾਣ, ਹਾਕਮ ਪਾਰਟੀ ਨੂੰ ਕਿਹੜੀਆਂ ਨੀਤੀਆਂ ਅਤੇ ਕਾਨੂੰਨਾਂ ਨੂੰ ਅੱਗੇ ਵਧਾਉਣਾ
ਚਾਹੀਦਾ ਹੈ, ਮੀਡੀਆ ਨੂੰ ਕੀ ਕਹਿਣਾ ਚਾਹੀਦਾ ਹੈ ਅਤੇ ਕਿਸ ਚੀਜ਼ ਦੀ ਰਿਪੋਰਟਿੰਗ ਨਹੀਂ ਕਰਨੀ ਚਾਹੀਦੀ; ਉਹ ਨਿਜ਼ਾਮ ਵਾਤਾਵਰਨ ਸਬੰਧੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਬੇਮੁਖ ਹੋਵੇਗਾ।
ਈ-ਮੇਲ: ramachandraguha@yahoo.in

Advertisement
Author Image

sukhwinder singh

View all posts

Advertisement
Advertisement
×