ਧਮਾਕੇ ਮਗਰੋਂ ਵਿਰਾਸਤੀ ਮਾਰਗ ’ਤੇ ਸੁਰੱਖਿਆ ਪ੍ਰਬੰਧ ਸਖ਼ਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਮਈ
ਸ੍ਰੀ ਦਰਬਾਰ ਸਾਹਿਬ ਨੇੜੇ ਵਿਰਾਸਤੀ ਮਾਰਗ ਵਿਚ ਹੋਏ ਧਮਾਕੇ ਤੋਂ ਬਾਅਦ ਲੋਕਾਂ ਵਿੱਚ ਬਣ ਰਹੀ ਡਰ ਦੀ ਭਾਵਨਾ ਖ਼ਤਮ ਕਰਨ ਦੇ ਮੰਤਵ ਨਾਲ ਪੁਲੀਸ ਵੱਲੋਂ ਇੱਥੇ ਸੁਰੱਖਿਆ ਪ੍ਰਬੰਧ ਅਤੇ ਚੌਕਸੀ ਵਧਾ ਦਿੱਤੀ ਗਈ ਹੈ।
ਹੈਰੀਟੇਜ ਸਟਰੀਟ ਵਿੱਚ ਸਥਾਪਤ ਸਾਰਾਗੜ੍ਹੀ ਪਾਰਕਿੰਗ ਵਿੱਚ ਲਗਪਗ 30 ਘੰਟੇ ਪਹਿਲਾਂ ਧਮਾਕਾ ਹੋਇਆ ਸੀ ਅਤੇ ਅੱਜ ਸਵੇਰੇ ਮੁੜ ਧਮਾਕਾ ਹੋਇਆ। ਫ਼ਿਲਹਾਲ ਦੋਵੇਂ ਧਮਾਕੇ ਭੇਤ ਬਣੇ ਹੋਏ ਹਨ ਪਰ ਇਸ ਨਾਲ ਲੋਕਾਂ ਦੇ ਮਨਾਂ ਵਿਚ ਡਰ ਦੀ ਭਾਵਨਾ ਹੈ। ਅੱਜ ਜਾਂਚ ਦੌਰਾਨ ਪੁਲੀਸ ਵੱਲੋਂ ਇਸ ਇਲਾਕੇ ਦੀ ਇੱਕ ਸੜਕ ਨੂੰ ਸੀਲ ਕਰ ਦਿੱਤਾ ਗਿਆ ਸੀ। ਬਾਅਦ ਵਿਚ ਪੁਲੀਸ ਵੱਲੋਂ ਇਸ ਇਲਾਕੇ ਵਿਚ ਫਲੈਗ ਮਾਰਚ ਕੀਤਾ ਗਿਆ। ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਆਖਿਆ ਕਿ ਵਿਰਾਸਤੀ ਮਾਰਗ ਵਿਚ ਵਧੇਰੇ ਚੌਕਸੀ ਅਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ ਨੇ ਆਖਿਆ ਕਿ ਇਹ ਧਮਾਕੇ ਕਿਸੇ ਸਾਜ਼ਿਸ਼ ਦਾ ਸੰਕੇਤ ਹਨ। ਧਮਾਕਿਆਂ ਦੇ ਕਾਰਨ ਸੰਗਤ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਅੰਮ੍ਰਿਤਸਰ ਵਿਕਾਸ ਮੰਚ ਨੇ ਵਿਰਾਸਤੀ ਮਾਰਗ ਵਿੱਚ ਵਾਪਰੀਆਂ ਧਮਾਕੇ ਦੀਆਂ ਦੋ ਘਟਨਾਵਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਵਿਰਾਸਤੀ ਮਾਰਗ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੈ। ਜਥੇਬੰਦੀ ਦੇ ਆਗੂ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ, ਹਰਦੀਪ ਸਿੰਘ ਚਾਹਲ ਨੇ ਆਖਿਆ ਕਿ ਵਿਰਾਸਤੀ ਮਾਰਗ ਵਿੱਚ ਹੋਏ ਕਬਜ਼ਿਆਂ ਨੂੰ ਖਾਲੀ ਕਰਵਾਉਣ ਬਾਰੇ ਕਈ ਵਾਰ ਪ੍ਰਸ਼ਾਸਨ, ਨਗਰ ਨਿਗਮ ਨੂੰ ਸੂਚਿਤ ਕਰ ਚੁੱਕੇ ਹਨ ਪਰ ਸੁਣਵਾਈ ਨਹੀਂ ਹੋਈ।