ਧਨੌਲਾ ’ਚ ਕੁੜੀਆਂ ਦਾ ਕਾਲਜ ਤੇ ਪਸ਼ੂਆਂ ਦਾ ਹਸਪਤਾਲ ਅਪਗਰੇਡ ਕਰਾਂਗੇ: ਮੀਤ ਹੇਅਰ
ਰਵਿੰਦਰ ਰਵੀ
ਧਨੌਲਾ, 5 ਜਨਵਰੀ
ਧਨੌਲਾ ’ਚ ਜਲਦ ਹੀ ਨਵਾਂ ਲੜਕੀਆਂ ਵਾਲਾ ਕਾਲਜ ਅਤੇ ਪਸ਼ੂਆਂ ਦੇ ਹਸਪਤਾਲ ਅਪਗਰੇਡ ਕਰਕੇ ਆਧੁਨਿਕ ਬਣਾਇਆ ਜਾਵੇਗਾ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਧਨੌਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਨੌਲਾ ਵਾਸੀ ਪਿਛਲੇ ਕਈ ਸਾਲਾਂ ਤੋਂ ਜੋ ਪ੍ਰਸ਼ਾਨੀਆਂ ਨਾਲ ਜੂਝ ਰਹੇ ਸਨ। ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਨਾਲ ਨਗਰ ਕੌਂਸਲ ਧਨੌਲਾ ਵੱਲੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਸਖ਼ਤ ਲਹਿਜ਼ੇ ’ਚ ਕਿਹਾ ਕਿ ਧਨੌਲਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ’ਚ ਲਾਪ੍ਰਵਾਹੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰ ਕੰਮ ਨੂੰ ਸਰਕਾਰੀ ਨਿਯਮਾਂ ਅਨਸੁਾਰ ਹੀ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਜੇਕਰ ਠੇਕੇਦਾਰ ਕੰਮ ’ਚ ਕੋਈ ਕੁਤਾਹੀ ਕਰਦਾ ਹੈ ਤਾਂ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਮੀਤ ਹੇਅਰ ਅੱਜ ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਧਨੌਲਾ ਦੀ ਪ੍ਰਧਾਨ ਰਣਜੀਤ ਕੌਰ ਸੋਢੀ ਦੇ ਛੋਟੇ ਪੁੱਤਰ ਸਾਹਿਬ ਸਿੰਘ ਸੋਡੀ ਦੇ ਲੰਘੇ ਦਿਨੀਂ ਹੋਏ ਵਿਆਹ ਦੀ ਖੁਸ਼ੀ ਵਿੱਚ ਨਵੀਂ ਜੋੜੀ ਨੂੰ ਅਸ਼ੀਰਵਾਦ ਦੇਣ ਆਏ ਸਨ। ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਕਾਸ ਕਰਕੇ ਦਿਖਾਉਂਦੀ ਹੈ, ਝੂਠੇ ਵਾਅਦੇ ਨਹੀਂ ਕਰਦੀ। ਇਸ ਮੌਕੇ ਹਰਿੰਦਰ ਸਿੰਘ ਸੋਢੀ, ਹਰਦੀਪ ਸਿੰਘ ਸੋਢੀ, ਰਜਿੰਦਰਪਾਲ ਸਿੰਘ ਰਾਜੀ, ਜਗਤਾਰ ਸਿੰਘ ,ਬੂਟਾ ਸਿੰਘ, ਭਾਨਾ ਸਿੰਘ, ਮੇਵਾ ਸਿੰਘ, ਗੌਰਵ ਬਾਂਸਲ, ਕੇਵਲ ਸਿੰਘ ਆਦਿ ਮੌਜੂਦ ਸਨ।