ਦੰਗਲ ਮੇਲੇ ’ਤੇ ਬਾਜ ਰੌਣੀ ਨੇ ਜਿੱਤੀ ਵੱਡੀ ਝੰਡੀ ਦੀ ਕੁਸ਼ਤੀ
ਦੇਵਿੰਦਰ ਸਿੰਘ ਜੱਗੀ
ਪਾਇਲ, 13 ਨਵੰਬਰ
ਬੈਨੀਪਾਲ ਰੈਸਲਿੰਗ ਸੈਂਟਰ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਵੱਲੋਂ ਪਿੰਡ ਰੌਣੀ ਵਿੱਚ ਬਾਬਾ ਬਾਲਕ ਨਾਥ ਮਰੌੜ ਵਾਲਿਆਂ ਦੇ ਅਸ਼ੀਰਵਾਦ ਸਦਕਾ ਅਤੇ ਭਗਤ ਨਾਮਦੇਵ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪਹਿਲਵਾਨ ਅਮਰੀਕ ਸਿੰਘ ਰੌਣੀ ਦੀ ਦੇਖ ਰੇਖ ਹੇਠ 27ਵਾਂ ਮਹਾਨ ਦੰਗਲ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਦੰਗਲ ਮੇਲੇ ਵਿੱਚ ਵੱਖ-ਵੱਖ ਅਖਾੜਿਆ ਦੇ 300 ਤੋਂ ਵੱਧ ਭਲਵਾਨਾਂ ਨੇ ਹਿੱਸਾ ਲਿਆ।
ਦੰਗਲ ਮੇਲੇ ਦਾ ਉਦਘਾਟਨ ਬਾਬਾ ਤਰਸੇਮ ਪੁਰੀ, ਪਹਿਲਵਾਨ ਅਮਰੀਕ ਸਿੰਘ ਰੌਣੀ ਅਤੇ ਪ੍ਰਬੰਧਕ ਕਮੇਟੀ ਨੇ ਭਲਵਾਨਾਂ ਦੀ ਹੱਥ ਜੋੜੀ ਕਰਵਾਉਂਦਿਆਂ ਕੀਤਾ। ਵੱਡੀ ਝੰਡੀ ਦੀ ਕੁਸ਼ਤੀ ਇੱਕ ਲੱਖ ਪੱਚੀ ਹਜ਼ਾਰ ਦੀ ਪਹਿਲਵਾਨ ਬਾਜ ਰੌਣੀ ਤੇ ਮੋਨੂੰ ਦਹੀਆ ਦਿੱਲੀ ਵਿਚਕਾਰ ਹੋਏ ਗਹਿਗੱਚ ਮੁਕਾਬਲੇ ਦੌਰਾਨ ਬਾਜ ਰੌਣੀ ਜੇਤੂ ਰਿਹਾ। 1ਲੱਖ 25 ਹਜ਼ਾਰ ਦੀ ਦੂਜੀ ਝੰਡੀ ਦੀ ਕੁਸ਼ਤੀ ਚਿਰਾਗ ਦਿੱਲੀ ਤੇ ਤਾਲਬ ਬਾਬਾ ਫਲਾਹੀ ਦੇ ਜਬਰਦਸਤ ਮੁਕਾਬਲੇ ਦੌਰਾਨ ਬਰਾਬਰ ਰਹੀ। 51 ਹਜ਼ਾਰ ਦੀ ਤੀਜੀ ਕੁਸ਼ਤੀ ਤਾਜ ਰੌਣੀ ਤੇ ਇਰਫਾਨ ਇਰਾਨੀ ਮੁੱਲਾਂਪੁਰ ਗਰੀਬਦਾਸ ਵਿਚਕਾਰ ਬਰਾਬਰ ਰਹੀ। ਚੌਥੀ ਝੰਡੀ ਦੀ 31 ਹਜ਼ਾਰ ਦੀ ਕੁਸ਼ਤੀ ਰਵੀ ਰੌਣੀ ਨੇ ਵੱਡਾ ਜੱਸਾ ਬਰੜਵਾਲ ਨੂੰ ਚਿੱਤ ਕਰਕੇ ਜਿੱਤੀ। 31 ਹਜ਼ਾਰ ਦੀ ਦੂਜੀ ਝੰਡੀ ਦੀ ਕੁਸ਼ਤੀ ਚ ਪਰਮਿੰਦਰ ਪੱਟੀ ਨੇ ਸਹਿਬਾਜ ਆਲਮਗੀਰ ਦਾ ਘੋਗਾ ਚਿੱਤ ਕਰਕੇ ਜਿੱਤੀ। 11 ਹਜ਼ਾਰ ਦੀ ਕੁਸ਼ਤੀ ਸੋਨੂੰ ਰੌਣੀ ਨੇ ਵੰਸ਼ ਮਲਿਕ ਅਕੈਡਮੀ ਪਟਿਆਲਾ ਚ ਬਰਾਬਰ ਰਹੀਂ। ਸੇਰਾ ਲੱਲੀਆਂ ਨੇ ਹਰਸ਼ ਰੌਣੀ ਨੂੰ, ਕੀਰਤ ਰੌਣੀ ਨੇ ਲੰਕੇਸ਼ ਨੂੰ ਹਰਾਇਆ। ਅਰਸ਼ ਤੱਖਰਾਂ ਤੇ ਅਜੇ ਦੀ ਕੁਸ਼ਤੀ ਬਰਾਬਰ ਰਹੀਂ। ਇਸ ਦੰਗਲ ਮੇਲੇ ਨੂੰ ਐੱਸਪੀ ਜਸਕਰਨ ਸਿੰਘ ਅੰਮ੍ਰਿਤਸਰ, ਸਮਾਜਸੇਵੀ ਬਲਵੀਰ ਸਿੰਘ ਝਾਮਪੁਰ,ਐੱਸਪੀ ਮੁਕੇਸ਼ ਕੁਮਾਰ ਚੰਡੀਗੜ੍ਹ, ਸਰਪੰਚ ਸਰਬਜੀਤ ਸਿੰਘ ਲੱਕੀ, ਪਹਿਲਵਾਨ ਮਨਦੀਪ ਸਿੰਘ ਹੋਲ, ਬਿੱਟੂ ਵਿਰਦੀ, ਡਾ ਸਿੰਗਾਰਾ ਮੁੱਲਾਂਪੁਰ, ਡਾ ਅਮਰੀਕ ਸਿੰਘ ਨੇ ਸਹਿਯੋਗ ਦਿੱਤਾ ਗਿਆ।