ਦੋ ਨਾਬਾਲਗਾਂ ਵੱਲੋਂ ਸਹਿਪਾਠੀਆਂ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਗਸਤ
ਉੱਤਰ ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ਵਿੱਚ ਦੋ ਨਾਬਾਲਗ ਲੜਕਿਆਂ ਨੇ ਆਪਣੇ ਸਹਿਪਾਠੀਆਂ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਪੁਲੀਸ ਅਧਿਕਾਰੀ ਨੇ ਕਿ ਇਹ ਕਥਿਤ ਘਟਨਾ ਅਪਰੈਲ ਵਿੱਚ ਇੱਕ ਸਕੂਲ ਦੇ ‘ਸਮਰ ਕੈਂਪ’ ਦੌਰਾਨ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਦੋ ਲੜਕਿਆਂ ਨੇ ਪੁਲੀਸ ਕੋਲ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਕਿ ਉਨ੍ਹਾਂ ਦੇ ਪੰਜ ਤੋਂ ਛੇ ਸਹਿਪਾਠੀਆਂ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਘਟਨਾਵਾਂ ਸਬੰਧੀ ਦੋ ਕੇਸ ਦਰਜ ਕੀਤੇ ਗਏ ਹਨ। ਪੁਲੀਸ ਨੇ ਦੱਸਿਆ ਕਿ ਸਾਰੇ ਮੁਲਜ਼ਮ ਨਾਬਾਲਗ ਹਨ ਅਤੇ ਉਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਕਮਿਸ਼ਨ ਇਨ੍ਹਾਂ ਮਾਮਲਿਆਂ ਵਿੱਚ ਕਾਰਵਾਈ ਲਈ ਲਈ ਪੁਲੀਸ ਅਤੇ ਸਕੂਲ ਪ੍ਰਬੰਧਨ ਨੂੰ ਨੋਟਿਸ ਭੇਜ ਰਿਹਾ ਹੈ। ਉਨ੍ਹਾਂ ਐਕਸ (ਪਹਿਲਾਂ ਟਵਿੱਟਰ) ’ਤੇ ਪੋਸਟ ਕੀਤਾ, “ਸ਼ਾਹਬਾਦ ਡੇਅਰੀ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ 12 ਅਤੇ 13 ਸਾਲ ਦੀ ਉਮਰ ਦੇ ਦੋ ਲੜਕਿਆਂ ਨਾਲ ਉਸੇ ਸਕੂਲ ਦੇ ਲੜਕਿਆਂ ਵੱਲੋਂ ਜਿਨਸੀ ਸ਼ੋਸ਼ਣ ਕੀਤਾ ਗਿਆ। ਇਹ ਬਹੁਤ ਹੀ ਘਿਣਾਉਣਾ ਅਤੇ ਡਰਾਉਣ ਵਾਲਾ ਮਾਮਲਾ ਹੈ। ਬੱਚਿਆਂ ਵਿੱਚ ਅਜਿਹੀ ਅਪਰਾਧਿਕ ਮਾਨਸਿਕਤਾ ਕਿਵੇਂ ਪੈਦਾ ਕੀਤੀ ਜਾ ਰਹੀ ਹੈ? ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਅਗਲੀ ਕਾਰਵਾਈ ਲਈ ਪੁਲੀਸ ਅਤੇ ਸਕੂਲ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਸਾਡੀ ਟੀਮ ਪੀੜਤ ਬੱਚਿਆਂ ਅਤੇ ਪਰਿਵਾਰਾਂ ਦੇ ਨਾਲ ਹੈ।’’