ਦੋ ਧਿਰਾਂ ਦੀ ਲੜਾਈ ਦੇ ਮਾਮਲੇ ਵਿੱਚ 22 ਖਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਤਰਨ ਤਾਰਨ, 4 ਜਨਵਰੀ
ਪਿੰਡ ਮੋਹਨਪੁਰਾ ਦੀਆਂ ਦੋ ਧਿਰਾਂ ਵੱਲੋਂ ਬੀਤੇ ਸਮੇਂ ਤੋਂ ਇੱਕ-ਦੂਸਰੇ ਨਾਲ ਲੜਾਈ-ਝਗੜਾ ਕਰਦੇ ਰਹਿਣ ਕਾਰਨ ਪਿੰਡ ’ਚ ਤਣਾਅ ਪੈਦਾ ਹੋਣ ਦੇ ਖਦਸ਼ੇ ਕਾਰਨ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਨੇ ਦੋਵਾਂ ਧਿਰਾਂ ਦੀਆਂ ਦੋ ਔਰਤਾਂ ਸਮੇਤ ਕੁੱਲ 22 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ| ਵਧੀਕ ਥਾਣਾ ਮੁਖੀ ਸਬ ਇੰਸਪੈਕਟਰ ਵਿਪਿਨ ਕੁਮਾਰ ਨੇ ਦੱਸਿਆ ਕਿ ਪਿੰਡ ਦੀ ਇੱਕ ਧਿਰ ਦੀ ਅਗਵਾਈ ਸਰਬਰਿੰਦਰ ਸਿੰਘ ਅਤੇ ਦੂਸਰੀ ਧਿਰ ਦੀ ਅਗਵਾਈ ਸੁਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ| ਇਨ੍ਹਾਂ ਧਿਰਾਂ ਦੇ ਵੱਡੀ ਗਿਣਤੀ ਸਮਰਥਕਾਂ ਵੱਲੋਂ ਪਹਿਲਾਂ 13 ਦਸੰਬਰ ਅਤੇ ਬਾਅਦ ’ਚ 2 ਜਨਵਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਇੱਕ-ਦੂਸਰੇ ’ਤੇ ਹਮਲਾ ਕੀਤਾ| ਇਸ ਸਬੰਧੀ ਕਿਸੇ ਵੀ ਧਿਰ ਨੇ ਪੁਲੀਸ ਨੂੰ ਸ਼ਿਕਾਇਤ ਤੱਕ ਨਹੀਂ ਕੀਤੀ| ਸਬ ਇੰਸਪੈਕਟਰ ਵਿਪਿਨ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋਵੇਂ ਧਿਰਾਂ ਨੇ ਕਈ ਵਾਰ ਇੱਕ ਦੂਸਰੇ ਨਾਲ ਲੜਾਈ ਝਗੜਾ ਕੀਤਾ ਹੈ ਜਿਸ ਕਰਕੇ ਪਿੰਡ ਅੰਦਰ ਸਥਿਤੀ ਦੇ ਕਿਸੇ ਵੇਲੇ ਵੀ ਗੰਭੀਰ ਰੁਖ਼ ਅਖਤਿਆਰ ਕਰ ਜਾਣ ਦਾ ਖ਼ਤਰਾ ਸੀ| ਪੁਲੀਸ ਨੇ ਦੋਵਾਂ ਧਿਰਾਂ ਦੇ ਜਿਹੜੇ 22 ਜਣਿਆਂ ਵਿਰੁੱਧ ਸੰਗੀਨ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ, ਉਨ੍ਹਾਂ ਵਿੱਚ ਸਰਬਰਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਕੌਰ, ਬਿੰਦਰ ਕੌਰ ਤੋਂ ਇਲਾਵਾ ਰਾਜਵਿੰਦਰ ਸਿੰਘ ਉਰਫ਼ ਦਿੱਲੀ, ਸ਼ਮਸ਼ੇਰ ਸਿੰਘ, ਅਜੇ ਸਿੰਘ, ਸਿਮਰਨਜੀਤ ਸਿੰਘ ਉਰਫ਼ ਜੀਤਾ, ਗੁਰਮੀਤ ਸਿੰਘ (ਵਾਸੀ) ਚੋਹਲਾ ਸਾਹਿਬ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਕਾਲੀ, ਕਾਕਾ, ਵਿਜੈਪਾਲ ਸਿੰਘ, ਅਜੈਪਾਲ ਸਿੰਘ, ਲਖਬੀਰ ਸਿੰਘ, ਕੁਲਦੀਪ ਸਿੰਘ, ਸੁਖਚੈਨ ਸਿੰਘ, ਚੰਦਪਾਲ ਸਿੰਘ, ਹਰਦੀਪ ਸਿੰਘ, ਜਸਵੰਤ ਸਿੰਘ ਡੱਡੂ ਅਤੇ ਗੁਰਜੰਟ ਸਿੰਘ (ਵਾਸੀ ਮੋਹਨਪੁਰ) ਦੇ ਨਾਂ ਸ਼ਾਮਲ ਹਨ| ਸਾਰੇ ਮੁਲਜ਼ਮ ਫ਼ਰਾਰ ਹਨ ਅਤੇ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ|