ਦੋ ਧਿਰਾਂ ਦਰਮਿਆਨ ਗੋਲੀਆਂ ਚੱਲੀਆਂ, ਇੱਕ ਹਲਾਕ ਤੇ ਦੂਜਾ ਜ਼ਖ਼ਮੀ
ਹਰਜੀਤ ਸਿੰਘ ਪਰਮਾਰ
ਬਟਾਲਾ, 26 ਮਈ
ਇੱਥੋਂ ਨੇੜਲੇ ਕਸਬਾ ਘੁਮਾਣ ਦੇ ਬਾਵਾ ਪੈਟਰੋਲ ਪੰਪ ਸਾਹਮਣੇ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ ਵਿੱਚ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਦੂਜਾ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਰਾ ਵਾਸੀ ਪਿੰਡ ਬਰਿਆਰ ਵਜੋਂ ਹੋਈ ਹੈ ਜਦੋਂਕਿ ਜਖ਼ਮੀ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਮਡਿਆਲਾ ਵਜੋਂ ਦੱਸੀ ਜਾ ਰਹੀ ਹੈ। ਜ਼ਖ਼ਮੀ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦੋਵਾਂ ਧਿਰਾਂ ਦਰਮਿਆਨ ਰੰਜਿਸ਼ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਰਾਜੇਸ਼ ਕੱਕੜ ਅਤੇ ਥਾਣਾ ਘੁਮਾਣ ਦੀ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਦੋਵਾਂ ਧਿਰਾਂ ’ਚ 20 ਤੋਂ ਵੱਧ ਗੋਲੀਆਂ ਚੱਲੀਆਂ ਹਨ। ਡੀਐੱਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਬਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਪਣੀ ਕਾਰ ਵਿੱਚ ਘੁਮਾਣ ਦੇ ਇੱਕ ਪੈਟਰੋਲ ਪੰਪ ਦੇ ਬਾਹਰ ਖੜ੍ਹੇ ਸਨ।
ਇਸ ਦੌਰਾਨ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਗੁਰਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਬਲਜਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਡੀਐੱਸਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਪੁਲੀਸ ਨੂੰ ਕਰੀਬ 17 ਖੋਲ ਬਰਾਮਦ ਹੋਏ ਹਨ।