ਦੋ ਤਸਕਰ ਕਿਲੋ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਜੂਨ
ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੀ ਪ੍ਰਕਿਰਿਆ ਵਿੱਚ ਸਫ਼ਲਤਾ ਪ੍ਰਾਪਤ ਕਰਦੇ ਹੋਏ ਬਿਊਰੋ ਦੀ ਅੰਬਾਲਾ ਇਕਾਈ ਨੇ ਇਕ ਟੈਂਪੋ ਟਰੈਵਲਰ ਵਿਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਤਸਕਰਾਂ ਨੂੰ 1.303 ਕਿਲੋ ਹਸ਼ੀਸ਼ ਸਣੇ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਬਿਊਰੋ ਦੇ ਮੁਖੀ ਡਾਇਰੈਕਟਰ ਜਨਰਲ ਓਪੀ ਸਿੰਘ ਨੇ ਦੱਸਿਆ ਕਿ ਪੂਰੇ ਸੂਬੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ। ਹਰਿਆਣਾ ਐੱਨਸੀਬੀ ਅੰਬਾਲਾ ਦੇ ਨੋਡਲ ਅਧਿਕਾਰੀ ਡਿਪਟੀ ਸੁਪਰੀਡੈਂਟ ਆਫ ਪੁਲੀਸ ਜਗਬੀਰ ਸਿੰਘ ਹਾਂਡਾ ਨੇ ਦੱਸਿਆ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਨਸ਼ਾ ਤਸਕਰ, ਹਿਮਾਚਲ ਤੋਂ ਨਸ਼ੀਲਾ ਪਦਾਰਥ ਲੈ ਕੇ ਸੂਬੇ ਦੇ ਸੋਨੀਪਤ ਜ਼ਿਲ੍ਹੇ ਵਿੱਚ ਤਸਕਰੀ ਦਾ ਕਾਰੋਬਾਰ ਕਰਦਾ ਹੈ, ਜੋ ਕਿ ਆਪਣੇ ਇਕ ਸਾਥੀ ਨਾਲ ਟੈਂਪੂ ਟਰੈਵਲਰ ਗੱਡੀ ਵਿੱਚ ਨਸ਼ੀਲਾ ਪਦਾਰਥ ਲੈ ਕੇ ਅੰਬਾਲਾ ਤੋਂ ਪਿਪਲੀ ਹੁੰਦੇ ਹੋਏ ਸੋਨੀਪਤ ਜਾ ਰਿਹ ਹੈ। ਪੁਲੀਸ ਟੀਮ ਨੇ ਪਿਪਲੀ ਕੋਲ ਬਣੇ ਜੀਟੀ ਰੋਡ ਪੁਲ ’ਤੇ ਨਾਕਾ ਲਾ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਵਿਕਰਮ ਉਰਫ ਖਾਸਾ, ਰਵੀ ਵਜੋਂ ਹੋਈ ਹੈ, ਜੋ ਕਿ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਟੈਪੂ ਟਰੈਵਲਰ ਗੱਡੀ ’ਚੋਂ 1.303 ਕਿਲੋਗਰਾਮ ਨਸ਼ੀਲਾ ਪਦਾਰਥ ਚਰਸ ਬਰਾਮਦ ਹੋਇਆ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਥਾਨੇਸਰ ਵਿੱਚ ਕੇਸ ਦਰਜ ਕੀਤਾ ਗਿਆ ਹੈ।