ਦੋ ਕਿੱਲੋ ਹੈਰੋਇਨ ਤੇ 25 ਲੱਖ ਡਰੱਗ ਮਨੀ ਸਣੇ ਤਿੰਨ ਕਾਬੂ
ਸੰਜੀਵ ਹਾਂਡਾ
ਫਿਰੋਜ਼ਪੁਰ, 21 ਮਈ
ਫ਼ਿਰੋਜ਼ਪੁਰ ਦੇ ਥਾਣਾ ਘੱਲ ਖੁਰਦ ਦੀ ਪੁਲੀਸ ਨੇ ਕਾਰ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 2.70 ਕਿੱਲੋ ਹੈਰੋਇਨ ਅਤੇ 25 ਲੱਖ 12 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਉਰਫ਼ ਘਨੀ (22), ਰੋਹਿਤ ਭੱਟੀ (24) ਤੇ ਆਕਾਸ਼ (24) ਵਾਸੀਆਨ ਪਿੰਡ ਬੁੱਕਣ ਖ਼ਾਨ ਵਾਲਾ ਵਜੋਂ ਦੱਸੀ ਗਈ ਹੈ। ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਤਿੰਨੋਂ ਨੌਜਵਾਨ ਹੈਰੋਇਨ ਦੀ ਵੱਡੀ ਖੇਪ ਲੈ ਕੇ ਸਪਲਾਈ ਕਰਨ ਲਈ ਜਾ ਰਹੇ ਹਨ।
ਨਾਕਾਬੰਦੀ ਦੌਰਾਨ ਇਨ੍ਹਾਂ ਨੂੰ ਕਾਬੂ ਕਰਕੇ ਹੈਰੋਇਨ ਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਰਕਮ ਹਵਾਲਾ ਰਾਹੀਂ ਇਨ੍ਹਾਂ ਮੁਲਜ਼ਮਾਂ ਤੱਕ ਪਹੁੰਚਾਈ ਗਈ ਸੀ, ਜਿਸ ਬਾਰੇ ਹੋਰ ਤਫ਼ਤੀਸ਼ ਚੱਲ ਰਹੀ ਹੈ। ਐੱਸਐੱਸਪੀ ਮੁਤਾਬਕ ਮੁਲਜ਼ਮ ਕਰਨ ਅਤੇ ਆਕਾਸ਼ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ।
ਪੰਜ ਕਿੱਲੋ ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ
ਜਲੰਧਰ (ਹਤਿੰਦਰ ਮਹਿਤਾ): ਕਮਿਸ਼ਨਰੇਟ ਪੁਲੀਸ ਜਲੰਧਰ ਨੇ ਸਰਹੱਦ ਪਾਰ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ 5 ਕਿੱਲੋ ਹੈਰੋਇਨ ਅਤੇ 22,000 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਦੀ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਸੀਆਈਏ ਸਟਾਫ ਦੀ ਇੱਕ ਟੀਮ ਨੇ ਸ਼ਿਵਮ ਸੋਢੀ ਉਰਫ਼ ਸ਼ਿਵਾ ਪੁੱਤਰ ਵਰਿੰਦਰ ਸੋਢੀ ਵਾਸੀ ਸਿਮਰਨ ਐਨਕਲੇਵ, ਨੇੜੇ ਲੰਬਾ ਪਿੰਡ ਚੌਕ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ, ਜਿਸ ਕੋਲੋਂ 5 ਕਿੱਲੋ ਹੈਰੋਇਨ ਅਤੇ 22,000 ਡਰੱਗ ਮਨੀ ਬਰਾਮਦ ਹੋਈ। ਮੁਲਜ਼ਮ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 8, ਜਲੰਧਰ ’ਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਮੁਤਾਬਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਤਿੰਨ ਐੱਫਆਈਆਰ ਦਰਜ ਹਨ। ਫੜੀ ਗਈ ਹੈਰੋਇਨ ਦੀ ਮਾਰਕੀਟ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ।