ਦੈੜੀ ਜ਼ਮੀਨ ਦੀ ਨਿਲਾਮੀ ਐਨ ਮੌਕੇ ’ਤੇ ਰੱਦ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 2 ਜੂਨ
ਮੁਹਾਲੀ ਬਲਾਕ ਅਧੀਨ ਪਿੰਡ ਦੈੜੀ ਦੀ ਪੰਚਾਇਤ ਦੀ ਮਲਕੀਅਤੀ ਵਾਲੀ 5 ਏਕੜ, 6 ਕਨਾਲ, 17 ਮਰਲੇ ਜ਼ਮੀਨ ਦੀ ਨਿਲਾਮੀ ਅੱਜ ਐਨ ਮੌਕੇ ’ਤੇ ਰੱਦ ਕਰ ਦਿੱਤੀ ਗਈ। ਇਸ ਜ਼ਮੀਨ ਦੀ ਰਾਖਵੀਂ ਕੀਮਤ ਵੀਹ ਕਰੋੜ ਰੁਪਏ ਪ੍ਰਤੀ ਏਕੜ ਤੈਅ ਕੀਤੀ ਗਈ ਸੀ। ਬੋਲੀ ਮੁਹਾਲੀ ਦੀ ਡਿਪਟੀ ਕਮਿਸ਼ਨਰ, ਪੰਚਾਇਤ ਵਿਭਾਗ ਦੇ ਡਿਪਟੀ ਡਾਇਰੈਕਟਰ, ਪੰਚਾਇਤ ਵਿਭਾਗ ਦੇ ਜੁਆਇੰਟ ਡਾਇਰੈਕਟਰ, ਡੀਡੀਪੀਓ ਅਤੇ ਬੀਡੀਪੀਓ ਦੀ ਨਿਗਰਾਨੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡੀਸੀ ਦਫ਼ਤਰ ਦੇ ਕਮਰਾ ਨੰਬਰ 256 ਵਿਚ ਸਵੇਰੇ 11 ਵਜੇ ਹੋਣੀ ਸੀ। ਪਿੰਡ ਦੈੜੀ ਦੀ ਸਰਪੰਚ ਰਣਜੀਤ ਕੌਰ ਅਤੇ ਪੰਚਾਇਤ ਮੈਂਬਰ ਸਮਸ਼ੇਰ ਸਿੰਘ, ਨਿਰਮੈਲ ਸਿੰਘ, ਸਵਰਨਜੀਤ ਕੌਰ, ਮਨਜੀਤ ਕੌਰ ਤੈਅ ਸਮੇਂ ’ਤੇ ’ਤੇ ਪਹੁੰਚ ਗਏ। ਇਸ ਮੌਕੇ ਦੋਵੇਂ ਬੋਲੀਕਾਰ ਵੀ ਮੌਜੂਦ ਸਨ। ਦੈੜੀ ਦੇ ਪੰਚ ਸਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ’ਤੇ ਹੀ ਜ਼ਮੀਨ ਦੀ ਬੋਲੀ ਮੁਲਤਵੀ ਹੋਣ ਬਾਰੇ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਪੰਚਾਇਤ ਨੂੰ ਜ਼ਮੀਨ ਦੀ ਨਿਲਾਮੀ ਸਬੰਧੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਇਹ ਜ਼ਮੀਨ ਵਾਹੀਯੋਗ ਨਹੀਂ ਅਤੇ ਨਾ ਹੀ ਕੋਈ ਆਮਦਨ ਹੋ ਰਹੀ ਹੈ। ਉਨ੍ਹਾਂ ਬੋਲੀ ਰੱਦ ਹੋਣ ਨੂੰ ਮੰਦਭਾਗਾ ਦੱਸਿਆ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪ੍ਰਬੰਧਕੀ ਕਾਰਨਾਂ ਕਰਕੇ ਇਹ ਨਿਲਾਮੀ ਮੁਲਤਵੀ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਦੈੜੀ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਮੁਲਤਵੀ ਹੋਣ ਪਿੱਛੇ ਸਿਆਸੀ ਕਾਰਨ ਹਨ। ਇਸ ਸਬੰਧੀ ਸਾਹਮਣੇ ਆਏ ਦੋ ਬੋਲੀਕਾਰ ਮੁਹਾਲੀ ਦੇ ਕਾਂਗਰਸ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਭਾਈਵਾਲੀ ਵਾਲੇ ਗਰੁੱਪ ਨਾਲ ਸਬੰਧਤ ਸਨ। ਇਸ ਗਰੁੱਪ ਨੂੰ ਜ਼ਮੀਨ ਹਾਸਲ ਕਰਨ ਤੋਂ ਰੋਕੇ ਜਾਣ ਲਈ ਹੀ ਬੋਲੀ ਮੁਲਤਵੀ ਕੀਤੇ ਜਾਣ ਦੀ ਚਰਚਾ ਹੈ।