ਦੇਹ ਵਪਾਰ ਕਰਵਾਉਣ ਦੇ ਦੋਸ਼ ਹੇਠ ਸਪਾਅ ਸੈਂਟਰ ਦਾ ਮੈਨੇਜਰ ਗ੍ਰਿਫ਼ਤਾਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜੂਨ
ਸੰਗਰੂਰ ਪੁਲੀਸ ਨੇ ਸ਼ਹਿਰ ਵਿੱਚ ਸਪਾਅ ਸੈਂਟਰ ਦੀ ਆੜ ਹੇਠ ਕਥਿਤ ਰੂਪ ਵਿਚ ਚੱਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਸੈਂਟਰ ਦੇ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਂਟਰ ਦੇ ਮਾਲਕ ਅਤੇ ਮੈਨੇਜਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ ਪੁਲੀਸ ਦੇ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਖ਼ਬਰ ਖਾਸ ਵਲੋਂ ਇਤਲਾਹ ਦਿੱਤੀ ਗਈ ਸੀ ਕਿ ਹਰਿਆਣਾ ਨਾਲ ਸਬੰਧਤ ਦੋ ਵਿਅਕਤੀਆਂ ਨੇ ਨਾਨਕਿਆਣਾ ਰੋਡ ’ਤੇ ਐੱਚਆਰਡੀ ਕੰਪਲੈਕਸ ਦੀ ਤੀਜੀ ਮੰਜ਼ਲ ’ਤੇ ਸਪਾਅ ਸੈਂਟਰ ਖੋਲ੍ਹਿਆ ਹੋਇਆ ਹੈ ਜਿਥੇ ਉਹ ਲੋੜਵੰਦ ਔਰਤਾਂ ਨੂੰ ਦਫ਼ਤਰ ਵਿਚ ਬੁਲਾਉਂਦੇ ਹਨ ਅਤੇ ਇਨ੍ਹਾਂ ਕੋਲੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਹਨ। ਇਹ ਧੰਦੇ ’ਚੋਂ ਕਮਾਈ ਦਾ ਮੋਟਾ ਹਿੱਸਾ ਖੁਦ ਰੱਖ ਲੈਂਦੇ ਹਨ ਅਤੇ ਇਨ੍ਹਾਂ ਨੂੰ ਔਰਤਾਂ ਨੂੰ ਸਿਰਫ਼ ਨਾਮਾਤਰ ਦਿੰਦੇ ਹਨ। ਇਤਲਾਹ ਮਿਲਣ ’ਤੇ ਪੁਲੀਸ ਵਲੋਂ ਸਪਾਅ ਸੈਂਟਰ ’ਤੇ ਛਾਪਾ ਮਾਰਿਆ ਗਿਆ ਅਤੇ ਸੈਂਟਰ ਦੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਮਿਲੀਆਂ ਲੜਕੀਆਂ/ਔਰਤਾਂ ਦੇ ਬਿਆਨ ਦਰਜ ਕਰਕੇ ਉਨ੍ਹਾਂ ਨੂੰ ਪਰਿਵਾਰਾਂ ਕੋਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਪਾ ਸੈਂਟਰ ਦੇ ਮਾਲਕ ਅਮਿਤ ਕੁਮਾਰ ਵਾਸੀ ਪਾਣੀਪਤ ਹਰਿਆਣਾ ਅਤੇ ਮੈਨੇਜਰ ਦੀਪ ਵਾਸੀ ਹਰਿਆਣਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਮਾਲਕ ਦੀ ਗ੍ਰਿਫ਼ਤਾਰੀ ਬਾਕੀ ਹੈ ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।