ਦੇਸ਼ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਬਕਰੀਦ
ਨਵੀਂ ਦਿੱਲੀ/ਸ੍ਰੀਨਗਰ, 7 ਜੂਨ
ਮੁਸਲਿਮ ਭਾਈਚਾਰੇ ਵੱਲੋਂ ਅੱਜ ਦੇਸ਼ ਭਰ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਬਕਰੀਦ ਮਨਾਈ ਗਈ। ਬਕਰੀਦ ਨੂੰ ਈਦ-ਉਲ-ਅਜ਼ਹਾ ਵੀ ਕਿਹਾ ਜਾਂਦਾ ਹੈ। ਇਸ ਦੌਰਾਨ ਕੌਮੀ ਰਾਜਧਾਨੀ ਦੀ ਜਾਮਾ ਮਸਜਿਦ, ਫਤਹਿਪੁਰੀ ਮਸਜਿਦ, ਸੀਲਮਪੁਰ, ਓਖਲਾ ਅਤੇ ਨਿਜ਼ਾਮੂਦੀਨ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਨਮਾਜ਼ ਪੜ੍ਹੀ। ਨਮਾਜ਼ ਅਦਾ ਕਰਨ ਤੋਂ ਬਾਅਦ ਉਨ੍ਹਾਂ ਇੱਕ-ਦੂਜੇ ਨੂੰ ਜੱਫੀ ਪਾਈ ਤੇ ਵਧਾਈ ਦਿੱਤੀ। ਇਸ ਦੌਰਾਨ ਦੇਸ਼ ਭਰ ਵਿੱਚ ਪੁਲੀਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।
ਕਸ਼ਮੀਰ ਵਿੱਚ ਵੀ ਸ਼ਰਧਾ ਨਾਲ ਈਦ ਮਨਾਈ ਗਈ। ਇੱਥੇ ਹਜ਼ਰਤਬਲ ਦਰਗਾਹ ’ਤੇ 40,000 ਤੋਂ ਲੋਕਾਂ ਨੇ ਨਮਾਜ਼ ਅਦਾ ਕੀਤੀ। ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨੇ ਵੀ ਇੱਥੇ ਹੀ ਨਮਾਜ਼ ਅਦਾ ਕੀਤੀ। ਅਧਿਕਾਰੀਆਂ ਨੇ ਈਦਗਾਹ ’ਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਰਕੇ ਪੁਰਾਣੇ ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਨੂੰ ਛੱਡ ਕੇ ਘਾਟੀ ਦੀਆਂ ਸਾਰੀਆਂ ਮਸਜਿਦਾਂ ਵਿੱਚ ਘੱਟ ਇਕੱਠ ਦੇਖਣ ਨੂੰ ਮਿਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਈਦ ਦੀ ਨਮਾਜ਼ ਸ਼ਾਂਤੀਪੂਰਵਕ ਅਦਾ ਕੀਤੀ ਗਈ। ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਨੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਤੇ ਖੜਗੇ ਵੱਲੋਂ ਈਦ ਦੀ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਈਦ ਮੌਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਸਦਭਾਵਨਾ ਤੇ ਸ਼ਾਂਤੀ ਬਣਾਈ ਰੱਖਣ ਦਾ ਸੱਦਾ ਦਿੱਤਾ। ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਐਕਸ ’ਤੇ ਉਰਦੂ ਵਿੱਚ ਪੋਸਟ ਕਰਦਿਆਂ ਕਿਹਾ, ‘ਈਦ ਉਲ ਅਜ਼ਹਾ ਮੌਕੇ ਸਾਰੇ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਦਿਲੋਂ ਵਧਾਈ।’ ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪ੍ਰਿਯੰਕਾ ਗਾਂਧੀ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। -ਏਐੱਨਆਈ