ਦੇਸ਼ ਭਗਤ ’ਵਰਸਿਟੀ ਤੇ ਆਈਐੱਮਏ ਨੇ ਲੋਹੜੀ ਮਨਾਈ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 8 ਜਨਵਰੀ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਅਤੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਪੰਜਾਬੀ ਵਿਰਸੇ ਦੀ ਝਲਕ ਪੇਸ਼ ਕੀਤੀ। ਸੱਭਿਆਚਾਰਕ ਪਹਿਰਾਵੇ ਵਿੱਚ ਸਜੇ ਵਿਦਿਆਰਥੀਆਂ ਨੇ ਵੱਖ-ਵੱਖ ਪੰਜਾਬੀ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਭੰਗੜਾ ਤੇ ਗਿੱਧਾ ਸ਼ਾਮਲ ਸੀ। ਇਸ ਮਾਹੌਲ ਨੂੰ ਦਿਲਚਸਪ ਬਣਾਉਂਦਿਆਂ ਦੇਸ਼ ਭਗਤ ਰੇਡੀਓ ਦੇ ਜੌਕੀ ਰਾਹੁਲ ਅਤੇ ਮਿਲੀ ਨੇ ਮਨੋਰੰਜਕ ਅਤੇ ਇੰਟਰੈਕਟਿਵ ਪ੍ਰਦਰਸ਼ਨ ਪੇਸ਼ ਕੀਤੇ। ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਆਈਐੱਮਏ ਦੇ ਪ੍ਰਧਾਨ ਡਾ. ਪਵਨ ਕੁਮਾਰ ਬਾਂਸਲ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਦੀਪ ਸਿੰਘ ਨੇ ਪਰਿਵਾਰ ਸਣੇ ਸਿਰਕਤ ਕੀਤੀ। ਵਾਈਸ ਚੇਅਰਮੈਨ ਡਾ. ਹਰਸ਼ ਸਦਾਵਰਤੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਆਈਏਐੱਸ ਸਕੱਤਰ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਯੂਟੀ, ਚੰਡੀਗੜ੍ਹ ਅਜੈ ਚਗਤੀ, ਏਡੀਸੀ ਚੰਡੀਗੜ੍ਹ ਅਮਨਦੀਪ ਸਿੰਘ ਭੱਟੀ, ਡਾਇਰੈਕਟਰ ਜਨਰਲ ਸਿਹਤ ਸੇਵਾਵਾਂ ਹਰਿਆਣਾ ਡਾ. ਮੁਨੀਸ਼ ਬਾਂਸਲ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸਨਮਾਨਿਆ। ਇਸ ਮੌਕੇ ਆਈਐੱਮਏ ਦੇ ਪ੍ਰਧਾਨ ਪਵਨ ਕੁਮਾਰ ਬਾਂਸਲ, ਸਕੱਤਰ ਡਾ. ਨਿਰਮਲ ਭਸੀਨ, ਬੈਂਕ ਆਫ ਇੰਡੀਆ ਦੇ ਜ਼ੋਨਲ ਮੈਨੇਜਰ ਰਾਜੇਸ਼ ਰੰਜਨ ਤੇ ਸਕੂਲ ਆਫ ਪਰਫਾਰਮਿੰਗ ਆਰਟ ਐਂਡ ਮੀਡੀਆ ਦੇ ਡਾਇਰੈਕਟਰ ਡਾ. ਸੁਰਜੀਤ ਕੌਰ ਪਥੇਜਾ ਹਾਜ਼ਰ ਸਨ।
ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਭਲਕੇ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਟੇਟ ਐਵਾਰਡ ਪੰਜਾਬ ਕਲਾ ਮੰਚ ਚਮਕੌਰ ਸਾਹਿਬ ਵੱਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਸੀ ਗੁਜਰਾਂ ਵਿੱਚ ਦਸ ਪਿੰਡਾਂ ਦੀਆਂ ਨਵ-ਜੰਮੀਆਂ ਲੜਕੀਆਂ ਦੀ ਪਹਿਲੀ ਲੋਹੜੀ 10 ਜਨਵਰੀ ਨੂੰ 11.30 ਵਜੇ ਮਨਾਈ ਜਾ ਰਹੀ ਹੈ। ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਬਸੀ ਗੁੱਜਰਾ, ਕੀੜੀ ਅਫਗਾਨਾਂ, ਮਾਨਗੜ ਰਕਾਲੀ, ਰਾਣੇਵਾਲ, ਕੋਟਲਾ ਸੁਰਮੁੱਖ ਸਿੰਘ, ਮਹਿਤੋਤ, ਫਤਿਹਪੁਰ, ਟੱਪਰੀਆਂ, ਕੰਧੋਲਾ, ਕਤਲੌਰ ਅਤੇ ਪਿੰਡ ਸੰਧੂਆਂ ਦੀਆਂ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ ਜਾਵੇਗੀ।