ਦੇਸ਼ ਨੂੰ ਬਚਾਉਣ ਲਈ ਮੋਦੀ ਨੂੰ ਹਟਾਉਣਾ ਜ਼ਰੂਰੀ: ਸੋਹਲ
ਪੱਤਰ ਪ੍ਰੇਰਕ
ਦੀਨਾਨਗਰ, 15 ਸਤੰਬਰ
ਟਰੇਡ ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਸੰਗਤ ਸਿੰਘ ਕਾਹਲੋਂ ਦੀ 20ਵੀਂ ਬਰਸੀ ਮੌਕੇ ਅੱਜ ਕਮਿਊਨਿਸਟ ਆਗੂਆਂ ਵੱਲੋਂ ਦੇਸ਼ ਅਤੇ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਮੋਦੀ ਹਟਾਓ ਦਾ ਹੋਕਾ ਦਿੱਤਾ ਗਿਆ। ਮੁੱਖ ਬੁਲਾਰੇ ਨਰਿੰਦਰ ਕੌਰ ਸੋਹਲ ਨੈਸ਼ਨਲ ਕੌਂਸਲ ਮੈਂਬਰ ਸੀਪੀਆਈ ਤੇ ਸੂਬਾ ਮੀਤ ਪ੍ਰਧਾਨ ਪੰਜਾਬ ਇਸਤਰੀ ਸਭਾ ਨੇ ਕਿਹਾ ਕਿ ਮੋਦੀ ਦੇ ਰਾਜ ਅੰਦਰ ਮਨੀਪੁਰ ਵਰਗੀਆਂ ਸ਼ਰਮਨਾਕ ਘਟਨਾਵਾਂ ਕਾਰਨ ਦੇਸ਼ ਸ਼ਰਮਸਾਰ ਹੋਇਆ ਹੈ ਪਰ ਪ੍ਰਧਾਨ ਮੰਤਰੀ ’ਤੇ ਇਸਦਾ ਕੋਈ ਵੀ ਅਸਰ ਹੁੰਦਾ ਨਹੀਂ ਦਿਖਿਆ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਹੋਰ ਡੁੱਬਣ ਤੋਂ ਬਚਾਉਣ ਲਈ ਮੋਦੀ ਵਰਗਿਆਂ ਦਾ ਜਾਣਾ ਹੁਣ ਸਮੇਂ ਦੀ ਮੰਗ ਹੈ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ, ਬਲਾਕ ਸਕੱਤਰ ਬਲਬੀਰ ਸਿੰਘ ਕੱਤੋਵਾਲ ਅਤੇ ਏਟਕ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ ਨੇ ਵੀ ਆਪਣੇ ਸੰਬੋਧਨ ’ਚ ਕੇਂਦਰ ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਸਮਾਗਮ ਨੂੰ ਦਿਆਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਅਤੇ ਬਲਬੀਰ ਸਿੰਘ ਮੱਲ੍ਹੀ ਨੇ ਵੀ ਸੰਬੋਧਨ ਕੀਤਾ। ਪਰਿਵਾਰ ਵੱਲੋਂ ਕਾਮਰੇਡ ਸੁਖਦੇਵ ਸਿੰਘ ਕਾਹਲੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ।