ਦੂਸ਼ਿਤ ਪਾਣੀ ਦੇ ਮਾਮਲੇ ’ਚ ਸਕੂਲ ਨੂੰ ਕਲੀਨ ਚਿੱਟ
ਸਤਪਾਲ ਰਾਮਗੜ੍ਹੀਆ
ਪਿਹੋਵਾ, 21 ਮਈ
ਬਾਬਾ ਸ਼ਰਵਣਨਾਥ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦੀ ਖ਼ਬਰ ਅਫ਼ਵਾਹ ਸਾਬਤ ਹੋਈ। ਹੁਣ ਸਕੂਲ ਪ੍ਰਸ਼ਾਸਨ ਇਸ ਸਬੰਧੀ ਅੱਗੇ ਆਇਆ ਹੈ। ਭਾਰਤੀ ਸਿੱਖਿਆ ਸਮਿਤੀ ਦੇ ਸਕੱਤਰ ਭੂਸ਼ਣ ਗੌਤਮ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸ਼ਰਾਰਤੀ ਅਨਸਰਾਂ ਵੱਲੋਂ ਅਫ਼ਵਾਹ ਫੈਲਾਈ ਗਈ ਸੀ ਕਿ ਸਕੂਲ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੂਸ਼ਿਤ ਹੈ, ਜਿਸ ਕਾਰਨ ਕਈ ਬੱਚੇ ਬਿਮਾਰ ਹੋ ਗਏ ਹਨ। ਮਗਰੋਂ ਸਕੂਲ ਪ੍ਰਬੰਧਨ ਨੇ ਜਨ ਸਿਹਤ ਵਿਭਾਗ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਬੁਲਾਇਆ ਅਤੇ ਪਾਣੀ ਦੇ ਨਮੂਨੇ ਲੈਬ ਟੈਸਟ ਲਈ ਭੇਜ ਦਿੱਤੇ। ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਪਾਣੀ ਬਿਲਕੁਲ ਠੀਕ ਸੀ। ਰਿਪੋਰਟ ਜਨਤਕ ਕਰਦੇ ਹੋਏ ਸਕੂਲ ਪ੍ਰਬੰਧਨ ਨੇ ਕਿਹਾ ਕਿ ਇਹ ਅਫਵਾਹ ਦਾਖਲੇ ਦੇ ਸਮੇਂ ਦੌਰਾਨ ਸਕੂਲ ਨੂੰ ਪ੍ਰਭਾਵਿਤ ਕਰਨ ਲਈ ਜਾਣਬੁੱਝ ਕੇ ਫੈਲਾਈ ਗਈ ਸੀ। ਉਨ੍ਹਾਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਚਾਰਾਜ਼ੋਈ ਕੀਤੀ ਜਾਵੇਗੀ। ਪ੍ਰਿੰਸੀਪਲ ਡਾ. ਸੁਦੇਸ਼ ਕੁਮਾਰੀ ਸ਼ਰਮਾ, ਡਿਪਟੀ ਸੈਕਟਰੀ ਕਸ਼ਮੀਰੀ ਲਾਲ ਗਰਗ, ਸਾਬਕਾ ਡੀਈਓ ਜਸਬੀਰ ਸੈਣੀ, ਸਾਬਕਾ ਅਧਿਆਪਕ ਧਰਮਪਾਲ, ਡਾ. ਖਜ਼ਾਨ ਸਿੰਘ ਮਾਹਲਾ, ਰਿਸ਼ੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਸੈਸ਼ਨ ਤੋਂ ਇਹ ਮਾਡਲ ਸਕੂਲ ਸੀਬੀਐੱਸਈ ਅਤੇ ਸੀਨੀਅਰ ਸੈਕੰਡਰੀ ਹਰਿਆਣਾ ਬੋਰਡ ਨਾਲ ਸਬੰਧਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਬੱਚਿਆਂ ਨੇ ਬੋਰਡ ਦੀ ਪ੍ਰੀਖਿਆ ਵਿੱਚ 100 ਫ਼ੀਸਦ ਨਤੀਜਾ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ 22 ਮਈ ਨੂੰ ਸਕੂਲ ਵਿੱਚ ਸਮਾਗਮ ਦੌਰਾਨ ਸਾਰੇ ਬੱਚਿਆਂ ਨੂੰ ਸਨਮਾਨਤ ਕੀਤਾ ਜਾਵੇਗਾ।