ਦੁਬਈ ਦੇ ਯੁਵਰਾਜ ਦੀ ਫੇਰੀ ਨੇ ਦੁਵੱਲੇ ਸਹਿਯੋਗ ਦਾ ਰਾਹ ਪੱਧਰਾ ਕੀਤਾ: ਮੋਦੀ
ਦੁਬਈ, 8 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੁਬਈ ਦੇ ਸ਼ਹਿਜ਼ਾਦੇ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਭਾਰਤ ਦੀ ਵਿਸ਼ੇਸ਼ ਫੇਰੀ ਨੇ ਮਜ਼ਬੂਤ ਦੁਵੱਲੇ ਸਹਿਯੋਗ ਦਾ ਰਾਹ ਪੱਧਰਾ ਕੀਤਾ ਹੈ। ਮੋਦੀ ਨੇ ਇਹ ਦਾਅਵਾ ਸੰਯੁਕਤ ਅਰਬ ਅਮੀਰਾਤ ਦੇ ਪ੍ਰਭਾਵਸ਼ਾਲੀ ਆਗੂ ਨਾਲ ਮੁਲਕਾਤ ਮਗਰੋਂ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ’ਤੇ ਪੋਸਟ ’ਚ ਕਿਹਾ ਕਿ ਦੁਬਈ ਨੇ ਭਾਰਤ-ਯੂਏਈ ਵਿਆਪਕ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਅਲ-ਮਕਤੂਮ ਸਵੇਰੇ ਦੋ ਦਿਨਾ ਭਾਰਤ ਦੌਰੇ ’ਤੇ ਇੱਥੇ ਪਹੁੰਚੇ ਹਨ। ਮੋਦੀ ਨੇ ਕਿਹਾ, ‘‘ਦੁਬਈ ਦੇ ਸ਼ਹਿਜ਼ਾਦੇ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਮਿਲ ਕੇ ਖੁਸ਼ੀ ਹੋਈ। ਦੁਬਈ ਨੇ ਭਾਰਤ-ਯੂਏਈ ਵਿਆਪਕ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਇਹ ਵਿਸ਼ੇਸ਼ ਦੌਰਾ ਸਾਡੀ ਗੂੜ੍ਹੀ ਦੋਸਤੀ ਦੀ ਪੁਸ਼ਟੀ ਕਰਦਾ ਹੈ ਅਤੇ ਭਵਿੱਖ ’ਚ ਹੋਰ ਮਜ਼ਬੂਤ ਸਹਿਯੋਗ ਦਾ ਰਾਹ ਪੱਧਰਾ ਕਰਦਾ ਹੈ।’’
ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਬਈ ਦੇ ਸ਼ਹਿਜ਼ਾਦੇ, ਯੂਏਈ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਵੱਖਰੇ ਤੌਰ ’ਤੇ ਮੀਟਿੰਗ ਮਗਰੋਂ ਆਖਿਆ ਕਿ ਭਾਰਤ ਸਹਿ-ਉਤਪਾਦਨ ਅਤੇ ਸਹਿ ਵਿਕਾਸ ਪ੍ਰਾਜੈਕਟਾਂ ਸਣੇ ਰੱਖਿਆ ਖੇਤਰ ਵਿੱਚ ਖਾੜੀ ਮੁਲਕ ਨਾਲ ਮਿਲ ਕੇ ਕੰਮ ਕਰਨ ਦਾ ਚਾਹਵਾਨ ਹੈ। ਰੱਖਿਆ ਮੰਤਰੀ ਨੇ ਅਲ ਮਕਤੂਮ ਨਾਲ ਮੀਟਿੰਗ ਨੂੰ ਸਾਰਥਕ ਕਰਾਰ ਦਿੱਤਾ। ਦੋਵਾਂ ਆਗੂਆਂ ਨੇ ਭਾਰਤ ਤੇ ਯੂਏਈ ਵਿਚਾਲੇ ਫੌਜੀ ਸਾਜ਼ੋ ਸਾਮਾਨ ਦੇ ਸੰਭਾਵੀ ਸਹਿ-ਵਿਕਾਸ ਸਣੇ ਰੱਖਿਆ ਸਬੰਧਾਂ ਨੂੰ ਹੁਲਾਰਾ ਦੇਣ ’ਤੇ ਸਹਿਮਤੀ ਜਤਾਈ। ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੁਬਈ ਦੇ ਸ਼ਹਿਜ਼ਾਦੇ ਨਾਲ ਮੁਲਾਕਾਤ ਦੌਰਾਨ ਦੁਵੱਲੇ ਸਹਿਯੋਗ ਦੀ ਸ਼ਲਾਘਾ ਕੀਤੀ। -ਪੀਟੀਆਈ
ਮੁਦਰਾ ਲੋਨ ਨੇ ਅਣਗਿਣਤ ਲੋਕਾਂ ਨੁੂੰ ਉੱਦਮੀ ਬਣਨ ਦਾ ਮੌਕਾ ਦਿੱਤਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੁਦਰਾ ਯੋਜਨਾ ਤਹਿਤ 33 ਲੱਖ ਕਰੋੜ ਤੋਂ ਵੱਧ ਦੇ ਗਾਰੰਟੀ-ਮੁਕਤ ਲੋਨ ਪਾਸ ਕੀਤੇ ਗਏ ਹਨ ਤੇ ਇਸ ਨਾਲ ਅਣਗਿਣਤ ਲੋਕਾਂ ਨੂੰ ਆਪਣੀ ਉੱਦਮਸ਼ੀਲਤਾ ਦਿਖਾਉਣ ਦਾ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੀ 10ਵੀਂ ਵਰ੍ਹੇਗੰਢ ਮੌਕੇ ਆਪਣੀ ਰਿਹਾਇਸ਼ ’ਤੇ ਚੋਣਵੇਂ ਲਾਭਕਾਰੀਆਂ ਨਾਲ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਮੁਲਕ ਦੇ ਨੌਜਵਾਨਾਂ ਵਿੱਚ ਉੱਦਮ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ’ਚ ਮਦਦ ਮਿਲੀ ਹੈ। ਉਨ੍ਹਾਂ ਨੂੰ ਨੌਕਰੀ ਦੀ ਤਲਾਸ਼ ਕਰਨ ਦੀ ਬਜਾਇ ਰੁਜ਼ਗਾਰ ਦੇਣ ਵਾਲਾ ਬਣਨ ਦਾ ਆਤਮ-ਵਿਸ਼ਵਾਸ ਮਿਲਿਆ ਹੈ। -ਪੀਟੀਆਈAdvertisement