ਦੁਨੀਆ ਭਰ ਵਿੱਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
ਨਵੀਂ ਦਿੱਲੀ: ਆਲਮੀ ਪੱਧਰ ’ਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਹੁਣ 27.2 ਕਰੋੜ ਹੋਣ ਦਾ ਅੰਦਾਜ਼ਾ ਹੈ, ਜੋ ਪਿਛਲੇ ਅੰਦਾਜ਼ੇ ਨਾਲੋਂ 2.1 ਕਰੋੜ ਵੱਧ ਹੈ। ਯੂਨੈਸਕੋ ਦੀ ਆਲਮੀ ਸਿੱਖਿਆ ਨਿਗਰਾਨੀ ਟੀਮ (ਜੀਈਐੱਮ) ਨੇ ਇਹ ਜਾਣਕਾਰੀ ਦਿੱਤੀ। ਆਪਣੀ ਹਾਲੀਆ ਰਿਪੋਰਟ ਵਿੱਚ ਜੀਈਐੱਮ ਨੇ ਖਦਸ਼ਾ ਪ੍ਰਗਟਾਇਆ ਕਿ 2025 ਦੇ ਅੰਤ ਤੱਕ ਦੇਸ਼ ਆਪਣੇ ਕੌਮੀ ਟੀਚਿਆਂ ਤੋਂ ਪੱਛੜ ਸਕਦੇ ਹਨ। ਰਿਪੋਰਟ ਅਨੁਸਾਰ, ‘ਇਸ ਵਾਧੇ ਦੇ ਦੋ ਕਾਰਨ ਹਨ। ਪਹਿਲਾ ਨਵੇਂ ਦਾਖਲੇ ਅਤੇ ਹਾਜ਼ਰੀ ਦੇ ਅੰਕੜਿਆਂ ਵਿੱਚ ਗਿਰਾਵਟ। 2021 ਵਿੱਚ ਅਫਗਾਨਿਸਤਾਨ ਵਿੱਚ ਕੁੜੀਆਂ ਦੇ ਸੈਕੰਡਰੀ ਸਕੂਲ ਜਾਣ ’ਤੇ ਪਾਬੰਦੀ ਨੇ ਵੀ ਇਸ ਵਾਧੇ ਵਿੱਚ ਯੋਗਦਾਨ ਪਾਇਆ ਹੈ।’ ਇਸ ਵਿੱਚ ਕਿਹਾ ਗਿਆ ਕਿ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵਾਧੇ ਦਾ ਦੂਜਾ ਕਾਰਨ ਸੰਯੁਕਤ ਰਾਸ਼ਟਰ ਦੇ ਅਪਡੇਟ ਕੀਤੇ ਅਬਾਦੀ ਦੇ ਅਨੁਮਾਨ ਵਿੱਚ ਵਾਧਾ ਹੈ, ਜਿਸ ਨਾਲ ਅਜਿਹੇ ਬੱਚਿਆਂ ਦੀ ਗਿਣਤੀ ਵਿੱਚ 1.3 ਕਰੋੜ ਦਾ ਵਾਧਾ ਹੋਇਆ ਹੈ।’ ਕੁੱਲ ਮਿਲਾ ਕੇ ਪ੍ਰਾਇਮਰੀ ਸਕੂਲ ਜਾਣ ਦੀ ਉਮਰ ਦੇ ਲਗਪਗ 11 ਫੀਸਦ ਬੱਚੇ (7.8 ਕਰੋੜ), ਲੋਅਰ ਸੈਕੰਡਰੀ ਸਕੂਲ ਜਾਣ ਦੀ ਉਮਰ ਦੇ 15 ਫੀਸਦ ਬੱਚੇ (6.4 ਕਰੋੜ) ਅਤੇ ਹਾਇਰ ਸੈਕੰਡਰੀ ਸਕੂਲ ਜਾਣ ਦੀ ਉਮਰ ਵਰਗ ਦੇ 31 ਫੀਸਦ ਨੌਜਵਾਨ (13 ਕਰੋੜ) ਸਕੂਲ ਨਹੀਂ ਜਾ ਰਹੇ ਹਨ। -ਪੀਟੀਆਈ