For the best experience, open
https://m.punjabitribuneonline.com
on your mobile browser.
Advertisement

ਦੀਵਾਲੀ ਮੌਕੇ ਦਿੱਲੀ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

08:17 AM Nov 14, 2023 IST
ਦੀਵਾਲੀ ਮੌਕੇ ਦਿੱਲੀ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਨਵੀਂ ਦਿੱਲੀ ਵਿੱਚ ਦੀਵਾਲੀ ਵਾਲੀ ਰਾਤ ਅਸਮਾਨ ’ਤੇ ਛਾਈ ਧੁੰਦ ਦੌਰਾਨ ਸੜਕ ਤੋਂ ਲੰਘਦੇ ਹੋਏ ਵਾਹਨ। -ਫੋਟੋ: ਪੀਟੀਆਈ
Advertisement

* ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਦੀਵਾਲੀ ’ਤੇ ਪ੍ਰਦੂਸ਼ਣ ਵਧਿਆ

* ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਨੂੰ ਲੈ ਕੇ ‘ਆਪ’ ਅਤੇ ਭਾਜਪਾ ਮਿਹਣੋ-ਮਿਹਣੀ

ਨਵੀਂ ਦਿੱਲੀ, 13 ਨਵੰਬਰ
ਦੀਵਾਲੀ ਤੋਂ ਅਗਲੇ ਦਿਨ ਨਵੀਂ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਦੂਸ਼ਿਤ ਸ਼ਹਿਰਾਂ ਵਿੱਚ ਦਰਜ ਕੀਤਾ ਗਿਆ। ਸਵਿਸ ਗਰੁੱਪ ਆਈਕਿਊ ਏਅਰ ਅਨੁਸਾਰ ਮੁੰਬਈ ਪੰਜਵੇਂ ਅਤੇ ਕੋਲਕਾਤਾ ਛੇਵੇਂ ਸਥਾਨ ’ਤੇ ਰਹੇ। ਦਿੱਲੀ ਵਿੱਚ ਬੀਤੇਂ ਦਿਨੀਂ ਮੀਂਹ ਕਰਕੇ ਹਵਾ ਪ੍ਰਦੂਸ਼ਣ ਤੋਂ ਕੁੱਝ ਰਾਹਤ ਮਿਲੀ ਸੀ ਪਰ ਐਤਵਾਰ ਰਾਤ ਦੀਵਾਲੀ ਮੌਕੇ ਪਾਬੰਦੀ ਦੇ ਬਾਵਜੂਦ ਚਲਾਏ ਗਏ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਵਧ ਗਿਆ। ਇਸ ਦੌਰਾਨ ਸ਼ਾਮ 4 ਵਜੇ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 218 ਦਰਜ ਕੀਤਾ ਗਿਆ ਸੀ ਪਰ ਐਤਵਾਰ ਦੇਰ ਰਾਤ ਤੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਕਾਰਨ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧਦਾ ਅੱਜ ਸ਼ਾਮ ਚਾਰ ਵਜੇ ਤੱਕ 358 ਤੱਕ ਪਹੁੰਚ ਗਿਆ। ਦਿੱਲੀ ਦੇ ਆਰ.ਕੇ ਪੁਰਮ ਵਿੱਚ ਏਕਿਊਆਈ 402, ਜਹਾਂਗੀਰਪੁਰੀ ਵਿੱਚ 419, ਬਵਾਨਾ ਵਿੱਚ 407 ਅਤੇ ਮੁੰਡਕਾ ਵਿੱਚ 403 ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਦੀਵਾਲੀ ਤੋਂ ਅਗਲੇ ਦਿਨ ਦੇਸ਼ ਭਰ ਦੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਨਜ਼ਰ ਆਇਆ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਏਕਿਊਆਈ 385, ਹਰਿਆਣਾ ਦੇ ਕੈਥਲ ਵਿੱਚ 361, ਰਾਜਸਥਾਨ ਦੇ ਭਰਤਪੁਰ ਵਿੱਚ 380 ਅਤੇ ਉੜੀਸਾ ਦੇ ਭੁਵਨੇਸ਼ਵਰ ਅਤੇ ਕੱਟਕ ਵਿੱਚ ਕ੍ਰਮਵਾਰ 260 ਅਤੇ 380 ਰਿਹਾ।
ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਵਿਸ਼ਲੇਸ਼ਣ ਅਨੁਸਾਰ ਇਸ ਸਾਲ ਦੀਵਾਲੀ ਵਾਲੇ ਦਿਨ ਕੌਮੀ ਰਾਜਧਾਨੀ ਵਿੱਚ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਪੀਐੱਮ2.5 ਅਤੇ ਪੀਐਮ10 ਦੇ ਪੱਧਰ ਵਿੱਚ ਪਿਛਲੇ ਸਾਲ ਦੀਵਾਲੀ ਵਾਲੇ ਦਿਨ ਦੇ ਮੁਕਾਬਲੇ ਕ੍ਰਮਵਾਰ 45 ਅਤੇ 33 ਫੀਸਦ ਦਾ ਵਾਧਾ ਹੋਇਆ ਹੈ। ਕੌਮੀ ਰਾਜਧਾਨ ਵਿੱਚ ਸਾਰੇ ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਦੀਵਾਲੀ ’ਤੇ ਪ੍ਰਦੂਸ਼ਣ ਦੇ ਪੱਧਰ ’ਚ ਵਾਧਾ ਦਰਜ ਕੀਤਾ ਹੈ। ਪ੍ਰਦੂਸ਼ਣ ਦੇ ਮੁੱਦੇ ’ਤੇ ‘ਆਪ’ ਅਤੇ ਭਾਜਪਾ ਮੁੜ ਆਹਮੋ-ਸਾਹਮਣੇ ਹੋ ਗਏ ਹਨ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਭਾਜਪਾ ਨੇ ਲੋਕਾਂ ਨੂੰ ਦੀਵਾਲੀ ’ਤੇ ਆਤਿਸ਼ਬਾਜ਼ੀ ਚਲਾਉਣ ਲਈ ਉਕਸਾਇਆ, ਜਿਸ ਨਾਲ ਕੌਮੀ ਰਾਜਧਾਨੀ ਦੇ ਏਕਿਊਆਈ ਵਿੱਚ ਰਾਤੋ-ਰਾਤ ਵਾਧਾ ਹੋ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਤਿਸ਼ਬਾਜ਼ੀ ਲਈ ਪਟਾਕੇ ਯੂਪੀ ਅਤੇ ਹਰਿਆਣਾ ਤੋਂ ਲਿਆਂਦੇ ਗਏ ਸਨ। ਉਧਰ ਭਾਜਪਾ ਆਗੂ ਹਰੀਸ਼ ਖੁਰਾਣਾ ਨੇ ਦੋਸ਼ ਲਾਇਆ ਕਿ ‘ਆਪ’ ਪੰਜਾਬ ਵਿੱਚ ਪਰਾਲੀ ਸਾੜਨ ਦੇ ਮੁੱਦੇ ਨਾਲ ਨਜਿੱਠਣ ਲਈ ਨਾਕਾਮ ਰਹੀ ਹੈ ਅਤੇ ਇਸ ਅਸਫਲਤਾ ਨੂੰ ਲੁਕਾਉਣ ਲਈ ਉਹ ਭਾਜਪਾ ’ਤੇ ਦੋਸ਼ ਲਾ ਰਹੀ ਹੈ। -ਪੀਟੀਆਈ

Advertisement

ਦੀਵਾਲੀ ਦੀ ਰਾਤ ਵਿਗੜੀ ਪੰਜਾਬ ਦੀ ਆਬੋ-ਹਵਾ

ਦੀਵਾਲੀ ਮੌਕੇ ਚਲਾਏ ਪਟਾਕਿਆਂ ਕਾਰਨ ਲੁਧਿਆਣਾ ’ਚ ਫੈਲਿਆ ਪ੍ਰਦੂਸ਼ਣ। -ਫੋਟੋ: ਹਿਮਾਂਸ਼ੂ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਨਵੰਬਰ
ਦੀਵਾਲੀ ਤੋਂ ਅਗਲੇ ਦਿਨ ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ‘ਖ਼ਰਾਬ’ ਰਹੀ। ਅੱਜ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 207 ਦਰਜ ਕੀਤਾ ਗਿਆ। ਬੀਤੀ ਸ਼ਾਮ 4 ਵਜੇ ਔਸਤ ਹਵਾ ਦੀ ਗੁਣਵੱਤਾ ‘ਤਸੱਲੀਬਖ਼ਸ਼’ ਜਾਂ ‘ਦਰਮਿਆਨੀ’ ਸ਼੍ਰੇਣੀ ਸੀ, ਪਰ ਬਾਅਦ ਵਿੱਚ ਇਹ ਵਿਗੜਨੀ ਸ਼ੁਰੂ ਹੋ ਗਈ। ਦੀਵਾਲੀ ਦੀ ਰਾਤ ਪੰਜਾਬ ਵਿਚ ਪਿਛਲੇ ਸਾਲ ਦੇ ਮੁਕਾਬਲੇ ਔਸਤ ਏਕਿਊਆਈ ’ਚ 7.6 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਸਾਲ 2021 ਦੀ ਦੀਵਾਲੀ ਦੇ ਮੁਕਾਬਲੇ ਪ੍ਰਦੂਸ਼ਣ ਵਿਚ 22.8 ਫ਼ੀਸਦੀ ਕਮੀ ਆਈ ਹੈ। ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਪੰਜ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਇਸ ਸਾਲ ਦੀਵਾਲੀ ਦੇ ਦਿਨਾਂ ਦੌਰਾਨ ਏਕਿਊਆਈ ਦਾ ਪੱਧਰ 2022 ਅਤੇ 2021 ਦੇ ਇਸੇ ਸਮੇਂ ਦੇ ਮੁਕਾਬਲੇ ਘੱਟ ਦਰਜ ਕੀਤਾ ਗਿਆ ਹੈ। ਇਸ ਦੀਵਾਲੀ ’ਤੇ ਪੰਜਾਬ ਦਾ ਏਕਿਊਆਈ 207 ਸੀ ਜਦੋਂ ਕਿ 2022 ਵਿੱਚ ਇਹ 224 ਅਤੇ 2021 ਵਿੱਚ 268 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਸਭ ਤੋਂ ਵੱਧ ਏਕਿਊਆਈ ਅੰਮ੍ਰਿਤਸਰ (235) ਵਿੱਚ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਵੀ ਸਭ ਤੋਂ ਵੱਧ ਏਕਿਊਆਈ ਅੰਮ੍ਰਿਤਸਰ (262) ’ਚ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਸਾਲ 2021 ਵਿੱਚ ਸਭ ਤੋਂ ਵੱਧ ਏਕਿਊਆਈ ਜਲੰਧਰ 327 (ਬਹੁਤ ਖ਼ਰਾਬ) ਵਿੱਚ ਦਰਜ ਕੀਤਾ ਗਿਆ ਸੀ। ਇਸ ਸਾਲ ਸਭ ਤੋਂ ਘੱਟ ਏਕਿਊਆਈ ਮੰਡੀ ਗੋਬਿੰਦਗੜ੍ਹ (153) ਵਿੱਚ ਦਰਜ ਕੀਤਾ ਗਿਆ ਹੈ। ਬੀਤੇ ਦੋ ਸਾਲਾਂ 2022 ਅਤੇ 2021 ਵਿੱਚ ਇੱਥੇ ਇਹ ਕ੍ਰਮਵਾਰ 188 ਅਤੇ 220 ਦਰਜ ਕੀਤਾ ਗਿਆ ਸੀ। ਇਸ ਸਾਲ ਏਕਿਊਆਈ ਵਿੱਚ ਸਭ ਤੋਂ ਵੱਧ ਕਮੀ ਮੰਡੀ ਗੋਬਿੰਦਗੜ੍ਹ (18.6 ਫ਼ੀਸਦੀ) ਵਿੱਚ ਦਰਜ ਕੀਤੀ ਗਈ ਹੈ।
ਹਵਾ ਗੁਣਵੱਤਾ ਦੀ ਰੀਅਲ ਟਾਈਮ ਮਾਨੀਟਰਿੰਗ ਲਈ ਪੰਜਾਬ ਦੇ ਛੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਸੀਏਏਕਿਊਐੱਮਐੱਸ) ਸਥਾਪਿਤ ਕੀਤੇ ਗਏ ਹਨ। ਉਧਰ ਹਰਿਆਣਾ ਦੇ ਕਈ ਹਿੱਸਿਆਂ ਵਿਚ ਵੀ ਹਵਾ ਦੀ ਗੁਣਵੱਤਾ ‘ਖਰਾਬ’ ਤੋਂ ‘ਬਹੁਤ ਖ਼ਰਾਬ’ ਰਹੀ। ਹਰਿਆਣਾ ਦੇ ਫਰੀਦਾਬਾਦ ਵਿਚਲੇ ਬੱਲਬਗੜ੍ਹ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 275, ਗੁਰੂਗ੍ਰਾਮ ਵਿੱਚ 351, ਜੀਂਦ ਵਿੱਚ 270, ਕੁਰੂਕਸ਼ੇਤਰ ਵਿੱਚ 263 ਅਤੇ ਪੰਚਕੂਲਾ ਵਿੱਚ 183 ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚਲੇ ਸੈਕਟਰ-22 ਵਿੱਚ ਏਕਿਊਆਈ 239 ਅਤੇ ਸੈਕਟਰ-53 ਵਿੱਚ 219 ਰਿਹਾ।

ਪਰਾਲੀ ’ਚ ਅੱਗ ਲਾਉਣ ਦੇ ਮਾਮਲੇ ਮੁੜ ਵਧੇ

ਦੀਵਾਲੀ ਵਾਲੇ ਦਿਨ ਪਰਾਲੀ ਨੂੰ ਅੱਗਾਂ ਲਾਉਣ ਦੇ ਸਿਲਸਿਲੇ ’ਚ ਮੁੜ ਤੇਜ਼ੀ ਦੇਖਣ ਨੂੰ ਮਿਲੀ ਹੈ। ਸੂਬੇ ਵਿਚ ਮੀਂਹ ਪੈਣ ਮਗਰੋਂ 10 ਨਵੰਬਰ ਨੂੰ ਪਰਾਲੀ ਨੂੰ ਅੱਗਾਂ ਲਾਉਣ ਦੇ ਸਿਰਫ਼ ਛੇ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੀ ਦੀਵਾਲੀ ਵਾਲੇ ਦਿਨ ਗਿਣਤੀ ਵਧ ਕੇ 987 ਹੋ ਗਈ। ਅੱਜ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 1626 ਹੋ ਗਈ ਹੈ। ਅੱਜ ਬਠਿੰਡਾ ਜ਼ਿਲ੍ਹੇ ਵਿਚ ਪਰਾਲੀ ਨੂੰ ਸਭ ਤੋਂ ਵੱਧ 272 ਥਾਵਾਂ ’ਤੇ ਅੱਗਾਂ ਲੱਗੀਆਂ ਹਨ ਜਦੋਂ ਕਿ ਸੰਗਰੂਰ ਦੂਸਰੇ ਨੰਬਰ ’ਤੇ ਹੈ।

Advertisement
Author Image

joginder kumar

View all posts

Advertisement
Advertisement
×