ਦਿੱਲੀ, ਸ਼ਾਹਬਾਦ ਅਤੇ ਨਰਾਇਣਗੜ੍ਹ ਵਿੱਚ ਤਿਰੰਗਾ ਯਾਤਰਾਵਾਂ
ਨਵੀਂ ਦਿੱਲੀ, 19 ਮਈ
ਇੱਥੇ ਚਾਂਦਨੀ ਚੌਕ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਪ੍ਰਵੀਣ ਖੰਡੇਲਵਾਲ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਅਪਰੇਸ਼ਨ ਸਿੰਧੂਰ ਲਈ ਫੌਜੀ ਬਲਾਂ ਦੀ ਸ਼ਲਾਘਾ ਕਰਨ ਦੇ ਉਦੇਸ਼ ਨਾਲ ਅੱਜ ਤਿਰੰਗਾ ਯਾਤਰਾ ਕੱਢੀ। ਇਹ ਤਿਰੰਗਾ ਯਾਤਰਾ ਬਿਟਾਨੀਆ ਚੌਕ ਤੋਂ ਸ਼ੁਰੂ ਹੋਈ। ਇਸ ਵਿੱਚ ਜ਼ਿਆਦਾ ਗਿਣਤੀ ਵਿੱਚ ਪਾਰਟੀ ਦੀਆਂ ਮਹਿਲਾ ਵਰਕਰਾਂ ਸ਼ਾਮਲ ਸਨ। ਇਸ ਦੌਰਾਨ ਖੰਡੇਲਵਾਲ ਨੇ ਕਿਹਾ ਕਿ ਇਹ ਯਾਤਰਾ ਸਾਡੇ ਫੌਜੀਆਂ ਦੇ ਸਨਮਾਨ ਵਿੱਚ ਕੱਢੀ ਗਈ ਹੈ, ਜਿਨ੍ਹਾਂ ਨੇ ਆਪਣੀ ਬੀਰਤਾ ਅਤੇ ਸਾਹਸ ਨਾਲ ਪਾਕਿਸਤਾਨ ਨੂੰ ਸਬਕ ਸਿਖਾਇਆ। ਉਨ੍ਹਾਂ ਆਖਿਆ ਕਿ ਸਾਨੂੰ ਇਸ ਯਾਤਰਾ ਵਿੱਚ ਸ਼ਾਮਲ ਹੋ ਕੇ ਮਾਣ ਮਹਿਸੂਸ ਹੋ ਰਿਹਾ ਹੈ।-ਪੀਟੀਆਈ
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਪਹਿਲਗਾਮ ਵਿੱਚ ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਮਾਮਲੇ ਵਿੱਚ ਭਾਰਤੀ ਫੌਜ ਵੱਲੋਂ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇਣ ਮਗਰੋਂ ਫੌਜ ਨੂੰ ਉਤਸ਼ਾਹਿਤ ਕਰਨ ਅਤੇ ਉਸ ਦੀ ਹਿੰਮਤ ਅਤੇ ਬਹਾਦਰੀ ਦੀ ਸ਼ਲਾਘਾ ਕਰਨ ਲਈ ਸਾਬਕਾ ਵਿਧਾਇਕ ਡਾ. ਪਵਨ ਸੈਣੀ ਦੀ ਅਗਵਾਈ ਹੇਠ ਇੱਥੇ ਤਿਰੰਗਾ ਯਾਤਰਾ ਕੱਢੀ ਗਈ। ਤਿਰੰਗਾ ਯਾਤਰਾ ਵਿੱਚ ਭਾਜਪਾ ਵਰਕਰਾਂ, ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਜ਼ਿਲ੍ਹਾ ਮਾਹਮੰਤਰੀ ਵਿਵੇਕ ਗੁਪਤਾ ਅਤੇ ਕਰਮ ਚੰਦ ਗੋਲਡੀ ਸੈਣੀ ਹਾਜ਼ਰ ਸਨ।
ਇਹ ਤਿਰੰਗਾ ਮਾਰਚ ਨਰਾਇਣਗੜ੍ਹ ਅਨਾਜ ਮੰਡੀ ਤੋਂ ਸ਼ੁਰੂ ਹੋਇਆ ਅਤੇ ਮੁੱਖ ਬਾਜ਼ਾਰ ਵਿੱਚੋਂ ਲੰਘਿਆ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਚੌਕ ’ਤੇ ਸਮਾਪਤ ਹੋਇਆ। ਯਾਤਰਾ ਦੌਰਾਨ ਪੂਰਾ ਸ਼ਹਿਰ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਡਾ. ਪਵਨ ਸੈਣੀ ਨੇ ਕਿਹਾ ਕਿ ਤਿਰੰਗਾ ਸਿਰਫ਼ ਇੱਕ ਝੰਡਾ ਨਹੀਂ ਹੈ ਸਗੋਂ ਭਾਰਤ ਦੀ ਪਛਾਣ, ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ। ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੇ ਇਰਾਦੇ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਤਹਿਤ, ਪਾਕਿਸਤਾਨ ਵਿੱਚ ਅਤਿਵਾਦੀ ਸੰਗਠਨਾਂ ਦੇ ਮੁੱਖ ਦਫਤਰਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਦੀ ਅਗਵਾਈ ਹੇਠ ਪਹਿਲਾਂ ਜ਼ਿਲ੍ਹਾ ਹੈੱਡਕੁਆਰਟਰ ’ਤੇ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ ਅਤੇ ਹੁਣ ਹਰ ਵਿਧਾਨ ਸਭਾ ਹਲਕੇ ਵਿੱਚ, ਇਸੇ ਤਹਿਤ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਸ ਮੌਕੇ ਮੰਡਲ ਪ੍ਰਧਾਨ ਜਗਦੀਪ ਕੌਰ, ਧਰਮਵੀਰ ਗੁਰਜਰ, ਵਿਕਰਮ ਰਾਣਾ, ਹਰਜਿੰਦਰ ਪਾਲ, ਯੂਥ ਜ਼ਿਲ੍ਹਾ ਪ੍ਰਧਾਨ ਸੰਦੀਪ ਅੰਬਲੀ, ਹਨੀਸ਼ ਸੈਣੀ, ਸਾਬਕਾ ਜ਼ਿਲ੍ਹਾ ਪਰੀਸ਼ਦ ਚੇਅਰਮੈਨ ਸੁਰਿੰਦਰ ਰਾਣਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਬਟੋਰਾ, ਰਾਕੇਸ਼ ਬਿੰਦਲ, ਪੰਕਜ ਸੈਣੀ, ਸੁਨੀਲ ਸ਼ਰਮਾ, ਰਣਧੀਰ ਸੈਣੀ, ਸਵਰਨ ਸਿੰਘ ਹਾਜ਼ਰ ਸਨ।
ਤਿਰੰਗਾ ਯਾਤਰਾ ਮੌਕੇ ਕਈ ਥਾਵਾਂ ’ਤੇ ਫੁੱਲਾਂ ਦੀ ਵਰਖਾ
ਸ਼ਾਹਬਾਦ (ਸਤਨਾਮ ਸਿੰਘ): ਭਾਰਤੀ ਫੌਜ ਦੀ ਹਿੰਮਤ ਤੇ ਬਹਾਦਰੀ ਨੂੰ ਸਲਾਮ ਕਰਨ ਤੇ ਆਮ ਲੋਕਾਂ ਵਿਚ ਦੇਸ਼ ਭਗਤੀ ਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਇੱਥੇ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਅਪਰੇਸ਼ਨ ਸਿੰਧੂਰ ਦੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਵਜੋਂ ਕੱਢੀ ਗਈ। ਯਾਤਰਾ ਦੀ ਅਗਵਾਈ ਭਾਜਪਾ ਆਗੂ ਸੁਭਾਸ਼ ਕਲਸਾਣਾ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਗੋਲਡੀ ਨੇ ਕੀਤੀ। ਇਹ ਯਾਤਰਾ ਪੀਡਬਲਿਊਡੀ ਆਰਾਮਘਰ ਤੋਂ ਸ਼ੁਰੂ ਹੋ ਕੇ ਸ਼ਹੀਦ ਊਧਮ ਸਿੰਘ ਚੌਕ, ਪ੍ਰਤਾਪ ਮੰਡੀ, ਆਰੀਆ ਕੰਨਿਆ ਕਾਲਜ, ਸਰਕਾਰੀ ਹਸਪਤਾਲ ਸਣੇ ਵੱਖ-ਵੱਖ ਸਥਾਨਾਂ ਤੋਂ ਲੰਘਦੀ ਹੋਈ ਸ਼ਹੀਦ ਜਗਦੀਸ਼ ਕਾਲੜਾ ਪਾਰਕ ਵਿਚ ਸਮਾਪਤ ਹੋਈ। ਇੱਥੇ ਸ਼ਹੀਦ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਯਾਤਰਾ ਦੌਰਾਨ ਹਿੰਦੁਸਤਾਨ ਜਿੰਦਾਬਾਦ ਤੇ ਅਤਿਵਾਦ ਮੁਰਦਾਬਾਦ ਵਰਗੇ ਨਾਅਰੇ ਲਗਾਏ ਗਏ। ਇਸ ਦੌਰਾਨ ਕਈ ਥਾਈਂ ਯਾਤਰਾ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਭਾਜਪਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਅਪ੍ਰੇਸ਼ਨ ਸਿੰਧੂਰ ਨੇ ਨਾ ਸਿਰਫ ਭਾਰਤ ਦੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸਗੋਂ ਵਿਸ਼ਵ ਪੱਧਰ ’ਤੇ ਭਾਰਤ ਦੀ ਮਜ਼ਬੂਤ ਇੱਛਾ ਸ਼ਕਤੀ ਤੇ ਆਤਮ ਵਿਸ਼ਵਾਸ ਨੂੰ ਪੇਸ਼ ਕੀਤਾ। ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਕਰਤਾਰ ਕੌਰ, ਪਾਲਿਕਾ ਚੇਅਰਮੈਨ ਗੁਲਸ਼ਨ ਕਵਾਤਰਾ ਹਰਿਆਣਾ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਖਹਿਰਾ, ਸਰਪੰਚ ਵਿਕਰਮ ਅਟਵਾਨ, ਸਰਬਜੀਤ ਸਿੰਘ ਕਲਸਾਣੀ, ਨਿਰਮਲ ਸਿੰਘ ਵਿਰਕ, ਰਾਜਦੀਪ ਕੌਰ ਢਾਕਾ, ਦੀਪਕ ਅਨੰਦ, ਗੌਰਵ ਸੈਣੀ, ਗੁਰਜੰਟ ਸਿੰਘ ਮੌਜੂਦ ਸਨ।