ਦਿੱਲੀ ਸਰਕਾਰ ਹਰ ਸਾਲ ਕਰਵਾਏਗੀ ਮਜ਼ਦੂੁਰਾਂ ਦੀ ਸਿਹਤ ਜਾਂਚ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਮਈ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਿਹਾ ਕਿ ਦਿੱਲੀ ਸਰਕਾਰ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਾਲਾਨਾ ਸਿਹਤ ਜਾਂਚ ਕਰਵਾਏਗੀ ਅਤੇ ਉਨ੍ਹਾਂ ਲਈ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਆਰਾਮ ਦੇ ਸਮੇਂ ਨੂੰ ਨਿਰਧਾਰਤ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰੇਗੀ।
ਕੌਮਾਂਤਰੀ ਜ਼ਦੂਰ ਦਿਵਸ ‘ਤੇ ਮਜ਼ਦੂਰਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਪ੍ਰੋਗਰਾਮ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਉਨ੍ਹਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ ਜੋ ਰੋਜ਼ੀ-ਰੋਟੀ, ਬਿਹਤਰ ਸਿਹਤ ਸੰਭਾਲ ਅਤੇ ਸਿੱਖਿਆ ਦੀ ਭਾਲ ਵਿੱਚ ਦਿੱਲੀ ਆਉਂਦੇ ਹਨ।
ਰੇਖਾ ਗੁਪਤਾ ਨੇ ਦਿੱਲੀ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪਿਛਲੇ ਦੋ ਮਹੀਨਿਆਂ ਵਿੱਚ ਉਨ੍ਹਾਂ ਦੇ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੀਆਂ ਗਈਆਂ ਕਈ ਪਹਿਲਕਦਮੀਆਂ ’ਤੇ ਚਾਣਨਾ ਪਾਇਆ। ਉਨ੍ਹਾਂ ਕਿਹਾ ਕਿ ਸਿਹਤ ਜਾਂਚ ਯੋਜਨਾ ਸਾਰੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਵਰ ਕਰੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਗਰਮੀਆਂ ਦੀ ਸਿਖਰ ਦੀ ਗਰਮੀ ਦੌਰਾਨ ਮਜ਼ਦੂਰਾਂ ਲਈ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਛੁੱਟੀ ਲਾਜ਼ਮੀ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰੇਗੀ, ਜਿਸ ਨਾਲ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ।
ਭਾਜਪਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਪਹਿਲਾਂ ਹੀ ਕਾਮਿਆਂ ਨੂੰ ਸਿੱਧੇ ਤੌਰ ‘ਤੇ ਲਾਭ ਪਹੁੰਚਾਉਣ ਵਾਲੀਆਂ ਮੁੱਖ ਯੋਜਨਾਵਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਸਿਹਤ ਬੀਮਾ ਲਈ ਆਯੁਸ਼ਮਾਨ ਭਾਰਤ, 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਲਈ ਵਯ ਵੰਦਨਾ ਯੋਜਨਾ, ਕਿਫਾਇਤੀ ਭੋਜਨ ਲਈ ਅਟਲ ਕੰਟੀਨ ਅਤੇ ਬੱਚਿਆਂ ਦੀ ਦੇਖਭਾਲ ਲਈ ਪਾਲਣ ਕੇਂਦਰ ਸ਼ਾਮਲ ਹਨ।
ਮਜ਼ਦੂਰ ਜਮਾਤ ਰਾਸ਼ਟਰ ਨਿਰਮਾਣ ਦੇ ਥੰਮ੍ਹ: ਰੇਖਾ ਗੁਪਤਾ
ਮੁੱਖ ਮੰਤਰੀ ਰੇਖਾ ਗੁਪਤਾ ਨੇ ਐਕਸ ’ਤੇ ਕਿਹਾ ਕਿ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਉਨ੍ਹਾਂ ਮਜ਼ਬੂਤ ਹੱਥਾਂ ਨੂੰ ਸਤਿਕਾਰਯੋਗ ਸਲਾਮ ਜੋ ਆਪਣੀ ਮਿਹਨਤ ਨਾਲ ਰਾਸ਼ਟਰ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ। ਕਾਮੇ ਸਿਰਫ਼ ਕਿਰਤ ਦਾ ਸਾਧਨ ਨਹੀਂ ਹਨ, ਉਹ ਰਾਸ਼ਟਰ ਨਿਰਮਾਣ ਦੇ ਥੰਮ੍ਹ ਹਨ। ਉਨ੍ਹਾਂ ਦੇ ਅਧਿਕਾਰਾਂ, ਸੁਰੱਖਿਆ ਅਤੇ ਸਨਮਾਨਜਨਕ ਜੀਵਨ ਦੀ ਰੱਖਿਆ ਕਰਨਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕਾਮਿਆਂ ਦੇ ਮਾਣ, ਅਧਿਕਾਰਾਂ ਅਤੇ ਸੁਰੱਖਿਆ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਸਾਡਾ ਸੰਕਲਪ ਹੈ ਕਿ ਹਰ ਕਾਮੇ ਦਾ ਜੀਵਨ ਮਾਣ, ਨਿਆਂ ਅਤੇ ਮੌਕਿਆਂ ਨਾਲ ਭਰਪੂਰ ਹੋਵੇ।