ਦਿੱਲੀ ਸਰਕਾਰ ਨੇ ਵਿਧਾਇਕਾਂ ਦੇ ਫੰਡ ਘਟਾਏ
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਈ
ਦਿੱਲੀ ਸਰਕਾਰ ਨੇ ਪਿਛਲੀ ਕੇਜਰੀਵਾਲ ਸਰਕਾਰ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਸਰਕਾਰ ਨੇ ਵਿਧਾਇਕ ਫੰਡ ਘਟਾ ਦਿੱਤਾ ਹੈ। ਦਿੱਲੀ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਹੁਕਮ ਅਨੁਸਾਰ ਕੈਬਨਿਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਵਿਧਾਇਕ ਐੱਲਏਡੀ ਫੰਡ ਪ੍ਰਤੀ ਵਿਧਾਨ ਸਭਾ ਹਲਕਾ ਪ੍ਰਤੀ ਸਾਲ 5 ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਹੈ। ਦਿੱਲੀ ਸਰਕਾਰ ਨੇ ਸਾਲਾਨਾ ਵਿਧਾਇਕ ਸਥਾਨਕ ਖੇਤਰ ਵਿਕਾਸ ਫੰਡ 15 ਕਰੋੜ ਰੁਪਏ ਤੋਂ ਘਟਾ ਕੇ 5 ਕਰੋੜ ਰੁਪਏ ਕਰ ਦਿੱਤਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਤਤਕਾਲੀ ‘ਆਪ’ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ, ਫੰਡ ਨੂੰ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਕਰ ਦਿੱਤਾ ਸੀ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2025-26 ਤੋਂ ਪ੍ਰਤੀ ਵਿਧਾਨ ਸਭਾ ਹਲਕਾ ਪ੍ਰਤੀ ਸਾਲ 5 ਕਰੋੜ ਰੁਪਏ ਫੰਡਾਂ ਦੀ ਵੰਡ ਨਿਰਧਾਰਤ ਕੀਤੀ ਗਈ ਹੈ। ਇਹ ਇੱਕ ਗੈਰ ਪ੍ਰਤੀਬੰਧ ਫੰਡ ਹੋਵੇਗਾ ਅਤੇ ਇਸ ਨੂੰ ਪੂੰਜੀ ਨਾਲ ਜੁੜੇ ਪ੍ਰਵਾਨਿਤ ਕੰਮਾਂ ਦੇ ਨਾਲ-ਨਾਲ ਜਾਇਦਾਦਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਬਿਨਾਂ ਕਿਸੇ ਸੀਮਾ ਦੇ ਖਰਚ ਕੀਤਾ ਜਾ ਸਕਦਾ ਹੈ। ਇੱਕ ਭਾਜਪਾ ਵਿਧਾਇਕ ਨੇ ਕਿਹਾ ਕਿ ਸਰਕਾਰ ਨੇ ਐੱਮਐੱਲਏ ਐੱਲਏਡੀ ਫੰਡ ਤਹਿਤ 350 ਕਰੋੜ ਰੁਪਏ ਰੱਖੇ ਹਨ, ਜੋ ਕਿ ਦਿੱਲੀ ਦੇ 70 ਵਿਧਾਇਕਾਂ ਵਿੱਚ 5-5 ਕਰੋੜ ਰੁਪਏ ਵੰਡੇ ਗਏ ਹਨ। ਪਿਛਲੀ ‘ਆਪ’ ਸਰਕਾਰ ਵਿੱਚ 2021-22 ਅਤੇ 2022-23 ਵਿੱਚ ਹਰੇਕ ਵਿਧਾਇਕ ਨੂੰ 4 ਕਰੋੜ ਰੁਪਏ ਦਿੱਤੇ ਗਏ ਸਨ ਜਿਸ ਨੂੰ 2023-24 ਵਿੱਚ ਵਧਾ ਕੇ 7 ਕਰੋੜ ਰੁਪਏ ਕਰ ਦਿੱਤਾ ਗਿਆ ਸੀ।