ਦਿੱਲੀ ਨਗਰ ਨਿਗਮ: ‘‘ਨਾਮਜ਼ਦ ਮੈਂਬਰਾਂ’’ ਨੂੰ ਵੋਟ ਦਾ ਅਧਿਕਾਰ ਦੇਣ ’ਤੇ ਹੰਗਾਮਾ
ਨਵੀਂ ਦਿੱਲੀ, 6 ਫਰਵਰੀ
ਦਿੱਲੀ ਦੇ ਨਗਰ ਨਿਗਮ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ‘ਨਾਮਜ਼ਦ ਮੈਂਬਰਾਂ’ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣ ‘ਤੇ ਹੰਗਾਮੇ ਮਗਰੋਂ ਹਾਊਸ ਦੀ ਕਾਰਵਾਈ ਅੱਜ ਤੀਜੀ ਵਾਰ ਮੇਅਰ ਦੀ ਚੋਣ ਕੀਤੇ ਬਿਨਾਂ ਹੀ ਮੁਲਤਵੀ ਕਰ ਦਿੱਤੀ ਗਈ। ਦਿੱਲੀ ਨਗਰ ਨਿਗਮ ਦੇ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਕਿਹਾ, ”ਦਿੱਲੀ ਨਗਰ ਨਿਗਮ ਦੀ ਕਾਰਵਾਈ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤੀ ਗਈ ਹੈ।” ਦਿੱਲੀ ਨਗਰ ਨਿਗਮ (ਐੱਮਸੀਡੀ) ਸਦਨ ਦੀ ਕਾਰਵਾਈ ਅੱਜ ਅੱਧੇ ਘੰਟੇ ਦੀ ਦੇਰੀ ਨਾਲ ਸਵੇਰੇ ਕਰੀਬ 11.30 ਵਜੇ ਸ਼ੁਰੂ ਹੋਈ। ਇਸ ਤੋਂ ਤੁਰੰਤ ਬਾਅਦ ਸ਼ਰਮਾ ਨੇ ਐਲਾਨ ਕੀਤਾ ਕਿ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀਆਂ ਚੋਣਾਂ ਨਾਲੋ-ਨਾਲ ਕਰਵਾਈਆਂ ਜਾਣਗੀਆਂ। ਸ਼ਰਮਾ ਨੇ ਕਿਹਾ ਕਿ ‘ਐਲਡਰਮੈਨ’ ਮੇਅਰ, ਡਿਪਟੀ ਮੇਅਰ ਅਤੇ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਵਿਚ ਵੋਟ ਪਾ ਸਕਦੇ ਹਨ। ਇਸ ਐਲਾਨ ਤੋਂ ਬਾਅਦ ‘ਆਪ’ ਦੇ ਕੌਂਸਲਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਾਰਟੀ ਆਗੂ ਮੁਕੇਸ਼ ਗੋਇਲ ਨੇ ਕਿਹਾ ਕਿ ”ਐਲਡਰਮੈਨ” ਵੋਟ ਨਹੀਂ ਪਾ ਸਕਦੇ। ਇਸ ‘ਤੇ ਸ਼ਰਮਾ ਨੇ ਕਿਹਾ, ”ਲੋਕਾਂ ਨੇ ਤੁਹਾਨੂੰ ਇੱਥੇ ਸੇਵਾ ਕਰਨ ਲਈ ਭੇਜਿਆ ਹੈ, ਚੋਣ ਹੋਣ ਦਿਓ।” ਇਸ ਤੋਂ ਪਹਿਲਾਂ ਐਲਾਨ ਨੂੰ ਲੈ ਕੇ ਹੰਗਾਮੇ ਦਰਮਿਆਨ ਸਦਨ ਦੀ ਕਾਰਵਾਈ ਕੁਝ ਦੇਰ ਲਈ ਮੁਲਤਵੀ ਕਰ ਦਿੱਤੀ ਗਈ। ਹਾਲਾਂਕਿ ਬਾਅਦ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ ਨੇ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤੀ। -ੲੇਜੰਸੀ