ਦਿਵਿਆਂਗ ਵਿਦਿਆਰਥੀਆਂ ਨੂੰ ਨਕਲੀ ਅੰਗ ਤੇ ਸਹਾਇਕ ਯੰਤਰ ਵੰਡੇ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਮਈ
ਵਿਆਪਕ ਸਿੱਖਿਆ ਵਿਭਾਗ ਵੱਲੋਂ ਸੈਕਟਰ 8 ਦੇ ਪ੍ਰਾਇਮਰੀ ਸਕੂਲ ਵਿਚ ਜ਼ਿਲ੍ਹੇ ਦੇ ਚੁਣੇ ਹੋਏ 63 ਦਿਵਿਆਂਗ ਵਿਦਿਆਰਥੀਆਂ ਨੂੰ ਸਹਾਇਕ ਯੰਤਰ ਵੰਡੇ ਗਏ। ਇਨ੍ਹਾ ਵਿੱਚ ਇਕ ਨੇਤਰਹੀਣ ਵਿਦਿਆਰਥਣ ਨੂੰ ਮੋਬਾਈਲ ਫੋਨ ਵੀ ਦਿੱਤਾ ਗਿਆ। ਇਕ ਅਪਾਹਜ ਨੂੰ ਈ ਟ੍ਰਾਈਸਾਈਕਲ ਦਿੱਤਾ ਗਿਆ ਤੇ ਹੋਰ ਸਾਰੇ ਅਪਾਹਜ ਵਿਦਿਆਰਥੀਆਂ ਦੀ ਡਾਕਟਰ ਵਲੋਂ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਸਰਟੀਫਿਕੇਟ ਵੰਡੇ ਗਏ ਤੇ ਉਨਾਂ ਦੀ ਲੋੜ ਅਨੁਸਾਰ ਸਹਾਇਕ ਯੰਤਰਾਂ ਦੀ ਮੰਨਜ਼ੂਰੀ ਦਿੱਤੀ ਗਈ। ਇਹ ਸਹਾਇਕ ਯੰਤਰ ਵਿਸ਼ੇਸ਼ ਤੌਰ ’ਤੇ ਬੱਚਿਆਂ ਲਈ ਨਕਲੀ ਅੰਗ ਵਿਭਾਗ ਕਾਨਪੁਰ ਭਾਰਤ ਸਰਕਾਰ ਵੱਲੋਂ ਮਾਪਣ ਤੋਂ ਬਾਅਦ ਤਿਆਰ ਕੀਤੇ ਗਏ ਹਨ। ਕੈਂਪ ਦਾ ਉਦਘਾਟਨ ਜ਼ਿਲ੍ਹਾ ਪ੍ਰਾਜੈਕਟ ਕੋਆਰਡੀਨੇਟਰ ਸੰਤੋਸ਼ ਚੌਹਾਨ ਨੇ ਕੀਤਾ। ਸਹਾਇਕ ਪ੍ਰੌਜੈਕਟ ਕੋਆਰਡੀਨੇਟਰ ਕਰਾਂਤੀ ਚਾਵਲਾ ਨੇ ਕਿਹਾ ਕਿ ਸਰਕਾਰ ਹਰ ਬੱਚੇ ਨੂੰ ਸਿਖਿਆ ਤੇ ਬਰਾਬਰ ਦੇ ਮੌਕੇ ਦੇਣ ਲਈ ਵਚਨਬੱਧ ਹੈ। ਪ੍ਰਿੰਸੀਪਲ ਸੁਨੀਤਾ ਨੇ ਕਿਹਾ ਕਿ ਅਪਾਹਜ ਬੱਚੇ ਪੈਰਾਲੰਪਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਤਗਮੇ ਜਿੱਤ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ। ਅਧਿਆਪਕਾ ਸੁਖਵੀਰ ਕੌਰ ਨੇ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ ਇਨ੍ਹਾਂ ਬੱਚਿਆਂ ਨਾਲ ਤਨ, ਮਨ ਤੇ ਧਨ ਨਾਲ ਖੜ੍ਹਾ ਹੈ। ਰਾਜੇਸ਼ ਭਾਰਦਵਾਜ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਨੀਲਮ ਸ਼ਰਮਾ, ਆਸਥਾ, ਪ੍ਰਭਾ, ਰੇਣੂਕਾ, ਜੋਤੀ, ਬਿਜੇਂਦਰ, ਅਨੁਜ, ਹਰੀ ਸ਼ੰਕਰ ਮਿਸ਼ਰਾ,ਪਵਨ ਪਾਂਡੇ, ਸੁਨੀਲ ,ਰਾਜੇਸ਼ ਆਦਿ ਹਾਜ਼ਰ ਸਨ।