ਦਾਨ ਸਿੰਘ ਵਾਲਾ ਕਾਂਡ: ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਰੋਸ ਰੈਲੀ
ਸ਼ਗਨ ਕਟਾਰੀਆ
ਬਠਿੰਡਾ, 13 ਜਨਵਰੀ
ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ’ਚ ਬੀਤੇ ਦਿਨੀਂ ਖੇਤ ਮਜ਼ਦੂਰਾਂ ਦੇ ਘਰ ਸਾੜੇ ਜਾਣ ਸਬੰਧੀ ਬਣੀ ਜਬਰ ਵਿਰੋਧੀ ਐਕਸ਼ਨ ਕਮੇਟੀ ਦਾ ਵਫ਼ਦ ਅੱਜ ਇੱਥੇ ਡਿਪਟੀ ਕਮਿਸ਼ਨਰ ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਮੁਲਜ਼ਮਾਂ ’ਤੇ ਦਰਜ ਪਰਚਿਆਂ ’ਚ ਸਖ਼ਤ ਧਾਰਾਵਾਂ ਜੋੜੀਆਂ ਜਾਣ, ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਮਦਦ ਕੀਤੀ ਜਾਵੇ, ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ ਅਤੇ ਲੁੱਟਿਆ ਗਿਆ ਘਰੇਲੂ ਸਾਮਾਨ ਬਰਾਮਦ ਕਰਵਾ ਕੇ ਮਜ਼ਦੂਰਾਂ ਨੂੰ ਵਾਪਸ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੂੰ ਮਿਲਣ ਤੋਂ ਪਹਿਲਾਂ ਰੈਲੀ ਕੀਤੀ ਗਈ, ਜਿਸ ਵਿੱਚ ਬੁਲਾਰਿਆਂ ਦਾ ਕਹਿਣਾ ਸੀ ਕਿ ਤਸ਼ੱਦਦ ਦਾ ਸ਼ਿਕਾਰ ਹੋਏ ਮਜ਼ਦੂਰ ਚਿੱਟੇ ਦੇ ਨਸ਼ੇ ਦਾ ਵਿਰੋਧ ਕਰ ਕਰਦੇ ਸਨ। ਆਗੂਆਂ ਨੇ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਉਹ ਪੂਰੇ ਘਟਨਾਕ੍ਰਮ ਨੂੰ ਦੋ ਪਰਿਵਾਰਾਂ ਦੀ ਆਪਸੀ ਰੰਜਿਸ਼ ਦੱਸ ਕੇ ਅਸਲੀਅਤ ’ਤੇ ਪਰਦਾ ਪਾ ਰਿਹਾ ਹੈ। ਵਫ਼ਦ ’ਚ ਸ਼ਾਮਲ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼ ਸਿੰਘ ਨੰਦਗੜ੍ਹ, ਮਜ਼ਦੂਰ ਮੁਕਤੀ ਮੋਰਚਾ ਦੇ ਅਮੀ ਲਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ, ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਹਰਵਿੰਦਰ ਸਿੰਘ ਸੇਮਾ, ਕਿਸਾਨ ਸਭਾ ਪੰਜਾਬ ਦੇ ਬਲਕਰਨ ਸਿੰਘ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਵਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਯੋਗ ਮੁਆਵਜ਼ਾ ਦੇਣ ਦੀ ਹਾਮੀ ਭਰੀ ਹੈ।
ਪ੍ਰਸ਼ਾਸਨ ਵੱਲੋਂ ਪੀੜਤਾਂ ਦੀ ਵਿੱਤੀ ਮਦਦ
ਐੱਸਡੀਐੱਮ ਬਠਿੰਡਾ ਬਲਕਰਨ ਸਿੰਘ ਅਤੇ ਰੈੱਡ ਕਰਾਸ ਦੇ ਸਕੱਤਰ ਦਰਸ਼ਨ ਕੁਮਾਰ ਨੇ ਅੱਜ ਪਿੰਡ ਦਾਨ ਸਿੰਘ ਵਾਲਾ ਅਤੇ ਪ੍ਰਾਇਮਰੀ ਹੈਲਥ ਸੈਂਟਰ ਗੋਨਿਆਣਾ ਪਹੁੰਚ ਕੇ ਪੀੜਤਾਂ ਦਾ ਹਾਲ ਜਾਣਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮਾਲੀ ਮਦਦ ਵੀ ਕੀਤੀ। ਅਧਿਕਾਰੀਆਂ ਨੇ ਰੈੱਡ ਕਰਾਸ ਸੁਸਾਇਟੀ ਤਰਫ਼ੋਂ ਪਰਿਵਾਰਾਂ ਨੂੰ ਰਾਸ਼ਨ, ਬਿਸਤਰੇ, ਕੰਬਲ, ਭਾਂਡੇ ਅਤੇ ਬਿਜਲਈ ਚੁੱਲ੍ਹੇ ਦਿੱਤੇ ਗਏ। ਐੱਸਡੀਐੱਮ ਨੇ ਪਰਿਵਾਰਾਂ ਨੂੰ ਹਰ ਕਿਸਮ ਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।Advertisement