ਦਾਤਰ ਮਾਰ ਕੇ ਪਤਨੀ ਦਾ ਕਤਲ
ਐੱਨਪੀ ਧਵਨ
ਪਠਾਨਕੋਟ, 11 ਜੂਨ
ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਵਿੱਚ ਪਤੀ ਨੇ ਆਪਣੀ ਪਤਨੀ ਦਾ ਕਥਿਤ ਤੌਰ ’ਤੇ ਦਾਤਰ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸਵਿਤਾ (35) ਵਾਸੀ ਅਕਾਲਗੜ੍ਹ ਵੱਜੋਂ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਹੈ। ਮ੍ਰਿਤਕਾ ਦੇ ਭਰਾ ਸੋਹਨ ਲਾਲ ਨੇ ਦੱਸਿਆ ਕਿ ਉਸ ਦੀ ਭੈਣ ਸਵਿਤਾ ਦਾ ਵਿਆਹ ਲਗਪਗ 10 ਸਾਲ ਪਹਿਲਾਂ ਬਲਰਾਮ ਨਾਲ ਹੋਇਆ ਸੀ ਅਤੇ ਉਸ ਦੀਆਂ 2 ਲੜਕੀਆਂ ਅਤੇ 5 ਮਹੀਨੇ ਦਾ ਪੁੱਤਰ ਹੈ। ਉਸ ਦਾ ਜੀਜੇ ਬਲਰਾਮ ਮੋਟਰਸਾਈਕਲ ਮਕੈਨਿਕ ਹੈ। ਅੱਜ ਸਵੇਰੇ ਉਸ ਦੇ ਜੀਜੇ ਦਾ ਫੋਨ ਆਇਆ ਕਿ ਉਸ ਨੇ ਸਵਿਤਾ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਹੈ ਅਤੇ ਉਸ ਦੇ ਸਿਰ ’ਚੋਂ ਖੂਨ ਵਗ ਰਿਹਾ ਹੈ। ਜਦ ਉਹ ਆਪਣੀ ਭੈਣ ਦੇ ਘਰ ਪੁੱਜਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੀੜਤਾ ਦੇ ਭਰਾ ਨੇ ਇਹ ਵੀ ਦੋਸ਼ ਲਗਾਇਆ ਕਿ ਅੱਜ ਸਵੇਰੇ 5 ਵਜੇ ਉਸ ਦੀ ਭੈਣ ਨੇ ਉਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਸ ਨੂੰ ਬਚਾਅ ਲਿਆ ਜਾਵੇ, ਕਿਉਂਕਿ ਉਸ ਦਾ ਪਤੀ ਮਾਰ ਦੇਵੇਗਾ।
ਥਾਣਾ ਡਿਵੀਜ਼ਨ ਨੰਬਰ-2 ਦੇ ਮੁਖੀ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਪੀੜਤ ਸੋਹਨ ਲਾਲ ਦੇ ਬਿਆਨਾਂ ’ਤੇ ਮੁਲਜ਼ਮ ਬਲਰਾਮ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਵਿੱਚ ਵਰਤਿਆ ਦਾਤਰ ਬਰਾਮਦ ਕਰ ਲਿਆ ਹੈ। ਮੁਲਜ਼ਮ ਨੇ ਪਤਨੀ ਦੇ ਕਤਲ ਦਾ ਕਾਰਨ ਨਹੀਂ ਦੱਸਿਆ।