ਦਸੂਹਾ: ਚੀਨੀ ਡੋਰ ਦੀ ਲਪੇਟ ’ਚ ਆ ਕੇ ਨੌਜਵਾਨ ਜ਼ਖਮੀ
04:35 AM Dec 14, 2024 IST
ਪੱਤਰ ਪ੍ਰੇਰਕਦਸੂਹਾ, 13 ਦਸੰਬਰ
Advertisement
ਸ਼ਹਿਰ ’ਚ ਰੇਲਵੇ ਓਵਰਬ੍ਰਿਜ ’ਤੇ ਇੱਕ ਮੋਟਰਸਾਈਕਲ ਸਵਾਰ ਚੀਨੀ ਡੋਰ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਦੀ ਪਛਾਣ ਅਮਰਜੋਤ ਸਿੰਘ (23) ਪੁੱਤਰ ਅਮਰਿੰਦਰ ਸਿੰਘ ਵਾਸੀ ਪਿੰਡ ਖੋਖਰ ਵਜੋਂ ਹੋਈ ਹੈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਨੱਕ ਅਤੇ ਬੁੱਲ ’ਤੇ 8 ਟਾਂਕੇ ਲਾਏ ਹਨ। ਅਮਰਜੋਤ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ ਤੋਂ ਆਪਣੇ ਪਿੰਡ ਖੋਖਰ ਵੱਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਜਦੋਂ ਉਹ ਰੇਲਵੇ ਓਵਰਬ੍ਰਿਜ ਪਾਰ ਕਰ ਰਿਹਾ ਸੀ ਤਾਂ ਅਚਾਨਕ ਉਸ ਦੇ ਗਲੇ ਵਿੱਚ ਚੀਨੀ ਡੋਰ ਫਸ ਗਈ। ਡੋਰ ਵਿੱਚ ਉਲਝਣ ਕਾਰਨ ਉਸ ਦਾ ਨੱਕ ਅਤੇ ਬੁੱਲ ਕੱਟਿਆ ਗਿਆ। ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦੂਜੇ ਪਾਸੇ ਸਮਾਜ ਸੇਵੀ ਵਿਜੇ ਕਾਮਰੇਡ ਨੇ ਚੀਨੀ ਡੋਰ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
Advertisement
Advertisement