ਦਸਵੀਂ ਦੇ ਵਿਦਿਆਰਥੀ ਦੀ ਸਹਿਪਾਠੀ ਵੱਲੋਂ ਗੋਲੀ ਮਾਰ ਕੇ ਹੱਤਿਆ
ਹਿਸਾਰ (ਟਨਸ): ਸਕੂਲ ਵਿੱਚ ਡੈਸਕ ’ਤੇ ਬੈਠਣ ਲਈ ਸਾਲ ਪਹਿਲਾਂ ਹੋਏ ਝਗੜੇ ਦੀ ਰੰਜਿਸ਼ ’ਚ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਅੱਜ ਸਵੇਰੇ ਸਾਤਰੋਡ ਕੈਂਟ ਰੇਲਵੇ ਸਟੇਸ਼ਨ ਨੇੜੇ ਆਪਣੇ ਸਹਿ-ਜਮਾਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਦਿਆਰਥੀ ਦੀ ਪਛਾਣ ਸੈਨਿਕ ਛਾਉਣੀ ਦੇ ਸਾਹਮਣੇ ਸਥਿਤ ਮਸਤਨਾਥ ਕਲੋਨੀ ਵਾਸੀ 14 ਸਾਲਾ ਦੀਕਸ਼ਿਤ ਵਜੋਂ ਹੋਈ ਹੈ। ਮੁਲਜ਼ਮ ਵਿਦਿਆਰਥੀ ਦੀ ਉਮਰ ਵੀ ਇੰਨੀ ਹੀ ਹੈ ਅਤੇ ਉਹ ਹਾਂਸੀ ਦਾ ਰਹਿਣ ਵਾਲਾ ਹੈ। ਮ੍ਰਿਤਕ ਆਪਣੇ ਪਰਿਵਾਰ ’ਚ ਇਕਲੌਤਾ ਸੀ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਮੁਲਜ਼ਮ ਨਾਬਾਲਗ ਵਿਦਿਆਰਥੀ ਨੇ ਦੀਕਸ਼ਿਤ ਨੂੰ ਫੋਨ ਕਰ ਕੇ ਸਾਤਰੋਡ ਰੇਲਵੇ ਸਟੇਸ਼ਨ ਨੇੜੇ ਝਾੜੀਆਂ ’ਚ ਸੱਦਿਆ। ਜਦੋਂ ਦੀਕਸ਼ਿਤ ਉੱਥੇ ਗਿਆ ਤਾਂ ਮੁਲਜ਼ਮ ਨੇ ਦੋਨਾਲੀ ਨਾਲ ਉਸ ਦੇ ਢਿੱਡ ’ਚ ਦੋ ਗੋਲੀਆਂ ਮਾਰੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁਲਜ਼ਮ ਵਿਦਿਆਰਥੀ ਦੇ ਦਾਦਾ ਫ਼ੌਜ ’ਚੋਂ ਸੇਵਾਮੁਕਤ ਹਨ ਅਤੇ ਇਸ ਸਮੇਂ ਬੈਂਕ ਵਿੱਚ ਗਾਰਡ ਦੀ ਨੌਕਰੀ ਕਰਦੇ ਹਨ ਤੇ ਦੋਨਾਲੀ ਉਨ੍ਹਾਂ ਦੀ ਹੈ। ਮੁਲਜ਼ਮ ਦੇ ਪਿਤਾ ਇੱਕ ਪੈਟਰੋਲ ਪੰਪ ’ਤੇ ਨੌਕਰੀ ਕਰਦੇ ਹਨ।
ਰੰਜਿਸ਼ ਕਾਰਨ ਦਿੱਤਾ ਵਾਰਦਾਤ ਨੂੰ ਅੰਜਾਮ: ਥਾਣਾ ਮੁਖੀ
ਰੇਲਵੇ ਪੁਲੀਸ ਥਾਣਾ ਮੁਖੀ ਸਬ-ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਪਿਤਾ ਪ੍ਰਕਾਸ਼ ਦੀ ਸ਼ਿਕਾਇਤ ’ਤੇ 14 ਸਾਲਾ ਵਿਦਿਆਰਥੀ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 103 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਵਿਦਿਆਰਥੀ ਹਾਂਸੀ ਰੋਡ ’ਤੇ ਸਥਿਤ ਇੱਕ ਸਕੂਲ ਵਿੱਚ ਦਸਵੀਂ ਜਮਾਤ ’ਚ ਪੜ੍ਹਦੇ ਹਨ। ਮੁਲਜ਼ਮ ਦੋ ਮਹੀਨੇ ਪਹਿਲਾਂ ਸਕੂਲ ਛੱਡ ਚੁੱਕਾ ਸੀ। ਦੋਵੇਂ ਜਦੋਂ ਨੌਵੀਂ ਜਮਾਤ ’ਚ ਸਨ ਤਾਂ ਉਨ੍ਹਾਂ ਦੀ ਜਮਾਤ ਵਿੱਚ ਡੈਸਕ ’ਤੇ ਬੈਠਣ ਦੀ ਗੱਲ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ ਜਿਸ ਕਾਰਨ ਦੋਵਾਂ ’ਚ ਰੰਜਿਸ਼ ਸੀ।