ਦਸਵੀਂ ਦੇ ਨਤੀਜਿਆਂ ’ਚ ਪੇਂਡੂ ਸਕੂਲਾਂ ਨੇ ਬਾਜ਼ੀ ਮਾਰੀ: ਧਾਲੀਵਾਲ
ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 17 ਮਈ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਤੇੜਾ ਕਲਾਂ ਦੇ ਸਰਕਾਰੀ ਮਿਡਲ ਸਕੂਲ ’ਚ 8.11 ਲੱਖ ਰੁਪਏ, ਪਿੰਡ ਕਾਮਲਪੁਰਾ ਦੇ ਸਰਕਾਰੀ ਹਾਈ ਸਕੂਲ ਚ 48.65 ਲੱਖ ਰੁਪਏ ਤੇ ਸਰਕਾਰੀ ਪ੍ਰਾਇਮਰੀ ਸਕੂਲ ’ਚ 12.67 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੀਤੇ ਕੱਲ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜੇ ’ਚੋਂ ਸ਼ਹਿਰੀ ਸਕੂਲੀ ਵਿਦਿਆਰਥੀਆਂ ’ਚੋਂ ਪਾਸ ਹੋਏ 94.71 ਫੀਸਦ ਦੇ ਮੁਕਾਬਲੇ ਪੇਂਡੂ ਸਕੂਲਾਂ ਦੇ ਵਿਦਿਆਰਥੀਆਂ ’ਚੋਂ ਪਾਸ ਹੋਏ 96.09 ਫੀਸਦ ਨੇ ਮੱਲ ਮਾਰ ਕੇ ਪੇਂਡੂ ਸਰਕਾਰੀ ਸਿੱਖਿਆ ’ਚ ਨਿਵੇਕਲਾ ਤੇ ਪਲੇਠਾ ਮੀਲ ਪੱਥਰ ਸਥਾਪਤ ਕੀਤਾ ਹੈ। ਇਸ ਮੌਕੇ ਤੇ ਮੰਤਰੀ ਧਾਲੀਵਾਲ ਨੇ ਪਿੰਡ ਕਾਮਲਪੁਰਾ ਸਕੂਲ ਵਿੱਚ ਲੱਗੇ ਪੁਰਾਤਨ ਦੋ ਪਿੱਪਲ ਦੇ ਰੁੱਖਾਂ ਦੀ ਸਾਂਭ-ਸੰਭਾਲ ਲਈ ਆਪਣੇ ਅਖ਼ਤਿਆਰੀ ਫੰਡ ’ਚੋਂ 50 ਹਜ਼ਾਰ ਰੁਪਏ ਗ੍ਰਾਂਟ ਤੇ ਕਿਰਤੀ ਪਰਿਵਾਰ ਦੇ ਪੜ੍ਹਾਈ ’ਚ ਅੱਵਲ ਆਏ ਚਾਰ ਬੱਚਿਆਂ ਨੂੰ ਆਪਣੀ ਨਿੱਜੀ ਜੇਬ ’ਚੋਂ 2500-2500 ਰੁਪਏ ਇਨਾਮ ਵਜੋਂ ਦੇ ਕੇ ਹੌਸਲਾ-ਅਫਜ਼ਾਈ ਕੀਤੀ।
ਧਾਲੀਵਾਲ ਵੱਲੋਂ ਸਰਹੱਦੀ ਪਿੰਡਾਂ ਵਿੱਚ ਨਸ਼ਾ ਮੁਕਤ ਯਾਤਰਾ ਰੈਲੀਆਂ
ਅਜਨਾਲਾ (ਸੁਖਦੇਵ ਸਿੰਘ ਅਜਨਾਲਾ): ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਰਹੱਦੀ ਪਿੰਡ ਬਲੜਵਾਲ, ਅਬਾਦੀ ਹਰਨਾਮ ਸਿੰਘ ਅਤੇ ਦੀਨੇਵਾਲੀ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਮੁਕਤੀ ਯਾਤਰਾ ਤਹਿਤ ਜਾਗਰੂਕ ਰੈਲੀਆਂ ਦੌਰਾਨ ਲੋਕਾਂ ਨੂੰ ਨਸ਼ੇ ਤੇ ਮਾੜੇ ਪ੍ਰਭਾਵ ਤੋਂ ਜਾਣੂ ਕਰਾਉਂਦਿਆਂ ਇਸ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ। ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ “ਨਸ਼ਾ ਮੁਕਤੀ ਅਭਿਆਨ ਨਸ਼ਾ ਮੁਕਤ ਪੰਜਾਬ ਬਣੇਗਾ, ਦੇਸ਼ ਦੀ ਸ਼ਾਨ” ਨਾਅਰਾ ਦਿੱਤਾ।