ਦਸਵੀਂ ਦਾ ਨਤੀਜਾ: ਵੀਆਈਪੀ ਸ਼ਹਿਰ ਮੁਹਾਲੀ ਫਾਡੀ, ਲੁਧਿਆਣਾ ਮੁੜ ਮੋਹਰੀ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਜ਼ਿਲ੍ਹੇਵਾਰ ਮੈਰਿਟ ਵਿੱਚ ਲੁਧਿਆਣਾ ਨੇ ਸਭ ਤੋਂ ਵੱਧ 52 ਪੁਜ਼ੀਸ਼ਨਾਂ ਹਾਸਲ ਕਰਕੇ ਪੰਜਾਬ ਵਿੱਚ ਪਹਿਲੇ ਨੰਬਰ ’ਤੇ ਆਇਆ ਹੈ ਜਦੋਂਕਿ ਵੀਆਈਪੀ ਸ਼ਹਿਰ ਮੁਹਾਲੀ ਇੱਕ ਪੁਜ਼ੀਸਨ ਨਾਲ ਸਭ ਤੋਂ ਫਾਡੀ ਰਿਹਾ ਹੈ। ਪਿਛਲੇ ਸਾਲ ਵੀ ਦਸਵੀਂ ਦੇ ਨਤੀਜਿਆਂ ਵਿੱਚ ਮੁਹਾਲੀ ਜ਼ਿਲ੍ਹਾ ਫਾਡੀ ਆਇਆ ਸੀ। ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਅੱਠਵੇਂ ਸਥਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਜ਼ਿਲ੍ਹਾ ਰੂਪਨਗਰ ਜ਼ਿਲ੍ਹਾ ਪੱਧਰ ’ਤੇ 13ਵੇਂ ਸਥਾਨ ’ਤੇ ਆਇਆ ਹੈ।
ਬੋਰਡ ਦੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ 47 ਪੁਜ਼ੀਸ਼ਨਾਂ ਨਾਲ ਦੂਜੇ, ਅੰਮ੍ਰਿਤਸਰ 25 ਪੁਜ਼ੀਸ਼ਨਾਂ ਨਾਲ ਤੀਜੇ, ਫ਼ਰੀਦਕੋਟ 10 ਪੁਜ਼ੀਸ਼ਨਾਂ ਨਾਲ ਚੌਥੇ, ਫ਼ਾਜ਼ਿਲਕਾ 17 ਪੁਜ਼ੀਸ਼ਨਾਂ ਨਾਲ ਪੰਜਵੇਂ, ਪਟਿਆਲਾ 16 ਪੁਜ਼ੀਸ਼ਨਾਂ ਨਾਲ ਛੇਵੇਂ, ਮਾਨਸਾ 14 ਪੁਜ਼ੀਸ਼ਨਾਂ ਨਾਲ ਸੱਤਵੇਂ, ਜਲੰਧਰ 13 ਪੁਜ਼ੀਸ਼ਨਾਂ ਨਾਲ ਅੱਠਵੇਂ, ਨਵਾਂ ਸ਼ਹਿਰ 12 ਪੁਜ਼ੀਸ਼ਨਾਂ ਨਾਲ 9ਵੇਂ ਸਥਾਨ ’ਤੇ ਆਇਆ ਹੈ। ਜਦੋਂਕਿ ਮੋਗਾ ਅਤੇ ਸੰਗਰੂਰ 10-10 ਪੁਜ਼ੀਸ਼ਨਾਂ ਨਾਲ 10ਵੇਂ, ਗੁਰਦਾਸਪੁਰ 9 ਪੁਜ਼ੀਸ਼ਨਾਂ ਨਾਲ 11ਵੇਂ, ਫ਼ਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ 8-8 ਪੁਜ਼ੀਸ਼ਨਾਂ ਲੈ ਕੇ 12ਵੇਂ, ਬਠਿੰਡਾ ਤੇ ਰੂਪਨਗਰ 6-6 ਪੁਜ਼ੀਸ਼ਨਾਂ ਲੈ ਕੇ 13ਵੇਂ, ਫ਼ਤਿਹਗੜ੍ਹ ਸਾਹਿਬ, ਮਲੇਰਕੋਟਲਾ ਤੇ ਪਠਾਨਕੋਟ ਅਤੇ ਤਰਨ ਤਾਰਨ 5-5 ਪੁਜ਼ੀਸ਼ਨਾਂ ਨਾਲ 14ਵੇਂ, ਬਰਨਾਲਾ 4 ਪੁਜ਼ੀਸ਼ਨਾਂ ਨਾਲ 15ਵੇਂ ਅਤੇ ਕਪੂਰਥਲਾ 2 ਪੁਜ਼ੀਸ਼ਨਾਂ ਲੈ ਕੇ 16ਵੇਂ ਸਥਾਨ ’ਤੇ ਆਇਆ ਹੈ ਜਦੋਂਕਿ ਮੁਹਾਲੀ ਸਭ ਤੋਂ ਫਾਡੀ ਰਿਹਾ ਹੈ। ਸਰਕਾਰੀ ਹਾਈ ਸਕੂਲ ਰਾਜੋਮਾਜਰਾ (ਬਨੂੜ) ਦੀ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰੀ ਮਲਕੀਤ ਸਿੰਘ ਨੇ 650 ’ਚੋਂ 620 ਅੰਕ (96.62 ਫ਼ੀਸਦੀ) ਲੈ ਕੇ ਮੁਹਾਲੀ ਜ਼ਿਲ੍ਹੇ ਦੀ ਲਾਜ ਰੱਖੀ ਹੈ। ਦੱਸਣਯੋਗ ਹੈ ਿਕ ਇਸ ਸਾਲ 7 ਹਜ਼ਾਰ 9 ਸਕੂਲਾਂ ਦੇ 2,77, 746 ਵਿਦਿਆਰਥੀ ਦਸਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਸਨ। ਜਿਨ੍ਹਾਂ ’ਚੋਂ 11 ਹਜ਼ਾਰ 391 ਵਿਦਿਆਰਥੀ ਦੀ ਰੀ-ਅਪੀਅਰ ਅਤੇ 782 ਫੇਲ੍ਹ ਅਤੇ 25 ਬੱਚਿਆਂ ਦਾ ਨਤੀਜਾ ਰੋਕਿਆ ਗਿਆ।
ਚਾਰ ਵਿਸ਼ਿਆਂ ਦਾ ਨਤੀਜਾ ਸੌ ਫ਼ੀਸਦੀ
ਦਸਵੀਂ ਵਿੱਚ ਸਿਰਫ਼ 4 ਵਿਸ਼ਿਆਂ ਪੰਜਾਬੀ ਹਿਸਟਰੀ ਤੇ ਕਲਚਰ, ਉਰਦੂ ਇਲੈਕਟਿਵ, ਮਿਊਜ਼ਿਕ (ਇਨਸਟਰ) ਮਿਊਜ਼ਿਕ (ਤਬਲਾ) ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਅੰਗਰੇਜ਼ੀ ਵਿਸ਼ੇ ਦੀ ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ 97.98 ਫ਼ੀਸਦੀ ਹੈ। ਪੰਜਾਬੀ ਵਿਸ਼ੇ ਦੀ 99.43 ਫ਼ੀਸਦੀ ਅਤੇ ਹਿੰਦੀ ਵਿਸ਼ੇ ਦੀ 99.54 ਫ਼ੀਸਦੀ ਪਾਸ ਪ੍ਰਤੀਸ਼ਤਤਾ ਹੈ। ਸਮਾਜਿਕ ਸਿੱਖਿਆ ਵਿਸ਼ੇ ਦੀ 99.38 ਫ਼ੀਸਦੀ, ਸਾਇੰਸ ਵਿਸ਼ੇ ਦੀ 99.06 ਫ਼ੀਸਦੀ ਅਤੇ ਗਣਿਤ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 98.89 ਫ਼ੀਸਦੀ ਹੈ।
ਰਾਜੋਮਾਜਰਾ ਦੀ ਜਸ਼ਨਦੀਪ ਨੇ ਰੱਖੀ ਮੁਹਾਲੀ ਜ਼ਿਲ੍ਹੇ ਦੀ ਲਾਜ; ਪਹਿਲਾ ਸਥਾਨ ਹਾਸਲ ਕੀਤਾ
ਬਨੂੜ (ਕਰਮਜੀਤ ਸਿੰਘ ਚਿੱਲਾ): ਨਜ਼ਦੀਕੀ ਪਿੰਡ ਰਾਜੋਮਾਜਰਾ ਦੀ ਵਸਨੀਕ ਅਤੇ ਸਰਕਾਰੀ ਹਾਈ ਸਕੂਲ ਰਾਜੋਮਾਜਰਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਜ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿਚ 650 ਵਿੱਚੋਂ 628 (96.62ਫ਼ੀਸਦੀ) ਅੰਕ ਲੈ ਕੇ ਸੂਬਾਈ ਮੈਰਿਟ ਵਿਚ 22ਵਾਂ ਰੈਂਕ ਹਾਸਲ ਕਰਕੇ ਮੈਰਿਟ ਵਿਚ ਥਾਂ ਬਣਾਈ ਹੈ। ਜਸ਼ਨਦੀਪ ਕੌਰ ਮੁਹਾਲੀ ਜ਼ਿਲ੍ਹੇ ਵਿੱਚੋਂ ਅੱਵਲ ਰਹੀ ਹੈ ਅਤੇ ਮੁਹਾਲੀ ਜ਼ਿਲ੍ਹੇ ਲਈ ਇੱਕੋ-ਇੱਕ ਮੈਰਿਟ ਪੁਜੀਸ਼ਨ ਲੈ ਕੇ ਉਸ ਨੇ ਜ਼ਿਲ੍ਹੇ ਦੀ ਲਾਜ ਰੱਖੀ ਹੈ। ਜਸ਼ਨਦੀਪ ਕੌਰ ਨੇ ਦੱਸਿਆ ਕਿ ਮੈਰਿਟ ਵਿਚ ਆਉਣ ਲਈ ਉਹ ਰਾਤ ਨੂੰ ਦੋ-ਦੋ ਵਜੇ ਤੱਕ ਵੀ ਪੜ੍ਹਦੀ ਰਹੀ ਤੇ ਸਵੇਰੇ ਪੰਜ ਵਜੇ ਉੱਠ ਕੇ ਮੁੜ ਕਿਤਾਬ ਚੁੱਕ ਲੈਂਦੀ ਸੀ। ਉਸ ਨੇ ਕਿਹਾ ਕਿ ਉਸ ਨੇ ਕਦੇ ਵੀ ਟਿਊਸ਼ਨ ਨਹੀਂ ਪੜ੍ਹੀ। ਉਸ ਦੇ ਪਿਤਾ ਮਲਕੀਤ ਸਿੰਘ ਅਤੇ ਮਾਤਾ ਰਾਜ ਰਾਣੀ ਤੇ ਉਸ ਦਾ ਵੱਡਾ ਭਰਾ ਉਸ ਨੂੰ ਹਮੇਸ਼ਾ ਸਹਿਯੋਗ ਦਿੰਦੇ ਰਹੇ। ਜਸ਼ਨਦੀਪ ਕੌਰ ਸਾਫ਼ਟਬਾਲ ਦੀ ਰਾਜ ਪੱਧਰੀ ਖਿਡਾਰਨ ਹੈ। ਹੁਣ ਉਹ ਮੈਰੀਟੋਰੀਅਸ ਸਕੂਲ ਵਿੱਚ ਦਾਖ਼ਲਾ ਲਵੇਗੀ ਤੇ ਕਾਮਰਸ ਦੀ ਪੜ੍ਹਾਈ ਕਰੇਗੀ। ਉਸ ਦੇ ਪਿਤਾ ਮਲਕੀਤ ਸਿੰਘ ਮਿਸਤਰੀ ਹਨ ਅਤੇ ਉਸ ਦਾ ਵੱਡਾ ਭਰਾ ਵੀ ਪਿਤਾ ਨਾਲ ਹੀ ਕੰਮ ਕਰਦਾ ਹੈ। ਜਸ਼ਨਦੀਪ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਕੰਪਿਊਟਰ ਅਧਿਆਪਕਾ ਨੰਦਨੀ ਮੈਡਮ ਤੇ ਆਪਣੇ ਪਰਿਵਾਰ ਨੂੰ ਦਿੱਤਾ। ਰਾਜੋਮਾਜਰਾ ਸਕੂਲ ਦੀ ਮੁਖੀ ਪਰਮਜੀਤ ਕੌਰ ਅਤੇ ਅਧਿਆਪਕਾ ਨੰਦਨੀ ਜੋਸ਼ੀ ਨੇ ਖ਼ੁਦ ਜਸ਼ਨਦੀਪ ਦੇ ਘਰ ਪਹੁੰਚ ਕੇ ਉਸ ਨੂੰ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਮੁਹਾਲੀ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਗਿੰਨੀ ਦੁੱਗਲ ਨੇ ਮੈਰਿਟ ’ਚ ਆਈ ਮੁਹਾਲੀ ਜ਼ਿਲ੍ਹੇ ਦੀ ਇਕਲੌਤੀ ਵਿਦਿਆਰਥਣ ਜਸ਼ਨਦੀਪ ਕੌਰ ਨੂੰ ਫ਼ੋਨ ਕਰਕੇ ਵਧਾਈ ਦਿੱਤੀ।