ਦਸਮੇਸ਼ ਸਕੂਲ ਵਿੱਚ ‘ਮੇਰੀ ਮਾਂ ਬੋਲੀ ਪੰਜਾਬੀ’ ਕੈਂਪ ਸ਼ੁਰੂ
ਕੁਲਦੀਪ ਸਿੰਘ
ਨਵੀਂ ਦਿੱਲੀ, 20 ਮਈ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਗਲੀ ਨੰਬਰ 7, ਗੋਬਿਦਪੁਰੀ, ਨਵੀਂ ਦਿੱਲੀ ਦੇ ਪ੍ਰਬੰਧ ਅਧੀਨ ਚੱਲ ਰਹੇ ਦਸਮੇਸ਼ ਪਬਲਿਕ ਸਕੂਲ ਵਿੱਚ ਹਰ ਸਾਲ ਵਾਂਗ ‘ਆਓ ਪੰਜਾਬੀ ਸਿੱਖੀਏ ਤੇ ਸਿਖਾਈਏ’ ਮੁਹਿੰਮ ਤਹਿਤ ‘ਮੇਰੀ ਮਾਂ ਬੋਲੀ ਪੰਜਾਬੀ’ ਕੈਂਪ ਲਾਇਆ ਗਿਆ। 14 ਜੂਨ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ 130 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਹੈ। ਕੈਂਪ ਦੀ ਆਰੰਭਤਾ ਸ਼ਬਦ ਗਾਇਨ ਉਪਰੰਤ ਅਰਦਾਸ ਨਾਲ ਕੀਤੀ ਗਈ। ਬੱਚਿਆਂ ਨੂੰ ‘ਮੇਰਾ ਪੰਜਾਬੀ ਕੈਦਾ’ ਦੀ ਅਭਿਆਸ ਪੁਸਤਕਾ ਦਿੱਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿਤ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਨਾ ਚਾਹੀਦਾ। ਮਾਂ ਬੋਲੀ ਉਹ ਹੁੰਦੀ ਹੈ ਜਿਸ ਨੂੰ ਮਾਂ ਦੀ ਗੋਦ ’ਚ ਬੈਠ ਕੇ ਸਿੱਖਿਆ ਜਾਂਦਾ ਹੈ ਤੇ ਜਿਹੜਾ ਮਾਂ ਬੋਲੀ ਦਾ ਸਤਿਕਾਰ ਨਹੀਂ ਕਰਦਾ ਉਹ ਆਪਣੀ ਮਾਂ ਦਾ ਨਿਰਾਦਰ ਕਰਦਾ ਹੈ। ਉਨ੍ਹਾਂ ਸਕੂਲ ਅਧਿਆਪਕਾਂ ਤੇ ਸਮੁੱਚੇ ਸਟਾਫ ਨੂੰ ਵੀ ਕਿਹਾ ਕਿ ਉਹ ਵੀ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣ। ਉਪਰੰਤ ਗੁਰਦੁਆਰੇ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੱਸਿਆ ਕਿ ਕੈਂਪ ’ਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ 15 ਜੂਨ ਦੇ ਮਹੀਨਾਵਾਰ ਕੀਰਤਨ ਸਮਾਗਮ ਵਿੱਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਰਾਜਿੰਦਰ ਸਿੰਘ, ਖਜ਼ਾਨਚੀ ਅਜੈਪਾਲ ਸਿੰਘ, ਸਕੂਲ ਦੀ ਮੁਖੀ ਬੀਬੀ ਜਗਜੋਤ ਕੌਰ, ਬੀਬੀ ਜਸਵਿੰਦਰ ਕੌਰ ਅਤੇ ਦਸ਼ਮੇਸ਼ ਪਬਲਿਕ ਸਕੂਲ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।