For the best experience, open
https://m.punjabitribuneonline.com
on your mobile browser.
Advertisement

ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

06:19 AM Jan 06, 2025 IST
ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਸਜਾਏ ਗਏ ਨਗਰ ਕੀਰਤਨ ਦਾ ਦ੍ਰਿਸ਼।
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 5 ਜਨਵਰੀ
ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਅਰਦਾਸ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਸ਼ੁਰੂ ਹੋਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਪ੍ਰਬੰਧਕ ਕਮੇਟੀ ਅਤੇ ਹਾਜ਼ਰ ਸੰਗਤ ਨੇ ਪਾਲਕੀ ਸਾਹਿਬ ਅਤੇ ਪੰਜ ਪਿਆਰਿਆਂ ’ਤੇ ਫੁੱਲਾਂ ਦੀ ਵਰਖਾ ਕੀਤੀ।
ਫੌਜੀ ਬੈਂਡ ਅਤੇ ਹੋਰ ਕਈ ਤਰ੍ਹਾਂ ਦੇ ਬੈਂਡ ਧੁਨਾਂ ਵਜਾ ਰਹੇ ਸਨ। ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ। ਰਸਤੇ ਵਿੱਚ ਥਾਂ-ਥਾਂ ’ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਬਰੈੱਡ ਪਕੌੜਿਆਂ, ਬਿਸਕੁਟ, ਦੁੱਧ, ਕੜਾਹ ਪ੍ਰਸਾਦਿ ਦੇ ਲੰਗਰ ਲਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ, ਸਤਵਿੰਦਰ ਸਿੰਘ ਸੋਢੀ ਅਤੇ ਤਰਲੋਚਨ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਪੂਰੇ ਇਲਾਕੇ ਦੀ ਪਰਿਕਰਮਾ ਕਰਦੇ ਹੋਏ ਵਾਪਸ ਗੁਰੂ-ਘਰ ਪਹੁੰਚ ਕੇ ਸੰਪੂਰਨ ਹੋਇਆ। ਉਨ੍ਹਾਂ ਦੱਸਿਆ ਕਿ ਭਲਕੇ 6 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਸਵੇਰੇ 10 ਵਜੇ ਭੋਗ ਪਾਏ ਜਾਣਗੇ।
ਅੰਬਾਲਾ (ਰਤਨ ਸਿੰਘ ਢਿੱਲੋਂ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ ਸ਼ਹਿਰ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਈ ਕੇਵਲ ਸਿੰਘ ਦੇ ਢਾਡੀ ਜਥੇ ਨੇ ਵਾਰਾਂ ਪੇਸ਼ ਕਰਕੇ ਸੰਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਨਾਲ ਜੋੜਿਆ ਅਤੇ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਿਆ ਗ੍ਰਹਿਣ ਕਰਨ ਦਾ ਸੱਦਾ ਦਿੱਤਾ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਾਰਜਕਾਰਨੀ ਮੈਂਬਰ ਤਰਵਿੰਦਰਪਾਲ ਸਿੰਘ ਅਤੇ ਮੈਂਬਰ ਹਰਪਾਲ ਸਿੰਘ ਕੰਬੋਜ ਨੇ ਸਮਾਗਮ ਵਿੱਚ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਪਿੰਡ ਮੁੱਲਾਂਪੁਰ ਗ਼ਰੀਬਦਾਸ ਤੋਂ ਸਜਾਏ ਨਗਰ ਕੀਰਤਨ ਦਾ ਭਰਵਾਂ ਸਵਾਗਤ ਮੁਸਲਿਮ ਭਾਈਚਾਰੇ ਵੱਲੋਂ ਪਿੰਡ ਰਾਣੀ ਮਾਜਰਾ ਵਿਖੇ ਕੀਤਾ ਗਿਆ।

Advertisement

Advertisement

ਤਪ ਅਸਥਾਨ ਮੁਮਤਾਜਗੜ੍ਹ ਵਿੱਚ ਵੱਡੀ ਗਿਣਤੀ ਸੰਗਤ ਨਤਮਸਤਕ

ਖ਼ਾਲਸਾ ਪ੍ਰਚਾਰ ਕਮੇਟੀ ਵਲੋਂ ਸਜਾਇਆ ਨਗਰ ਕੀਰਤਨ।

ਰੂਪਨਗਰ (ਜਗਮੋਹਨ ਸਿੰਘ): ਜ਼ਿਲ੍ਹੇ ਦੇ ਘਾੜ ਇਲਾਕੇ ਦੇ ਪਿੰਡ ਬੜੀ ਦੇ ਇਤਿਹਾਸਿਕ ਗੁਰਦੁਆਰਾ ਤਪ ਅਸਥਾਨ ਮੁਮਤਾਜਗੜ੍ਹ ਵਿੱਚ ਅੱਜ ਧਾਰਮਿਕ ਸਮਾਗਮ ਕਰਵਾਇਆ ਗਿਆ। ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਭਾਈ ਜਸਵੀਰ ਸਿੰਘ ਬੁਰਜ ਵਾਲਿਆਂ ਤੋਂ ਇਲਾਵਾ ਕਈ ਹੋਰ ਰਾਗੀ ਢਾਡੀ ਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਇਸ ਦੌਰਾਨ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ, ਬੁੱਢਾ ਦਲ 96 ਕਰੋੜੀ ਜਥੇਬੰਦੀ ਦੇ ਜ਼ਿਲ੍ਹਾ ਜਥੇਦਾਰ ਮਲੂਕ ਸਿੰਘ ਲਾਡੀ, ਡਾ. ਚਰਨਪ੍ਰੀਤ ਕੌਰ, ਚੌਧਰੀ ਚਰਨ ਸਿੰਘ, ਸੁਰਿੰਦਰ ਸਿੰਘ ਹਰੀਪੁਰ, ਦਵਿੰਦਰ ਸਿੰਘ ਬਾਜਵਾ ਪ੍ਰਧਾਨ ਗਜ਼ੀਦਾਸ ਕਲੱਬ ਰੋਡ ਮਾਜਰਾ, ਭੁਪਿੰਦਰ ਸਿੰਘ ਰੈਲੋਂ, ਸੁਖਵਿੰਦਰ ਸਿੰਘ ਗਿੱਲ ਆਦਿ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ। ਇਸ ਦੌਰਾਨ ਖਾਲਸਾ ਪ੍ਰਚਾਰ ਕਮੇਟੀ ਕੋਟਲਾ ਨਿਹੰਗ ਵੱਲੋਂ ਇੱਥੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੂਪਨਗਰ ਤੋਂ ਗੁਰਦੁਆਰਾ ਤਪ ਅਸਥਾਨ ਮੁਮਤਾਜਗੜ੍ਹ ਬੜੀ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਦੇਖ-ਰੇਖ ਅਧੀਨ ਸਜਾਇਆ ਨਗਰ ਕੀਰਤਨ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਬਾਅਦ ਦੁਪਹਿਰ ਗੁਰਦੁਆਰਾ ਤਪ ਅਸਥਾਨ ਮੁਮਤਾਜਗੜ੍ਹ ਬੜੀ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਇਆ।

ਨਗਰ ਕੀਰਤਨ ਦਾ ਪੁਆਧੀ ਮੰਚ ਤੇ ਪੰਚਾਇਤਾਂ ਵੱਲੋਂ ਸਵਾਗਤ

ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਪੁਆਧੀ ਮੰਚ ਦੇ ਆਗੂ ਤੇ ਹੋਰ।

ਬਨੂੜ ਕਰਮਜੀਤ ਚਿੱਲਾ): ਪਿੰਡ ਬਠਲਾਣਾ ਵਿਖੇ ਅੱਜ ਪੁਆਧੀ ਮੰਚ ਮੁਹਾਲੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮੰਚ ਦੇ ਅਹੁਦੇਦਾਰਾਂ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ, ਹਰਦੀਪ ਸਿੰਘ ਬਠਲਾਣਾ, ਗੁਰਪ੍ਰੀਤ ਸਿੰਘ ਨਿਆਮੀਆਂ ਦੀ ਅਗਵਾਈ ਹੇਠ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ ਗਏ। ਇਸ ਮੌਕੇ ਬਠਲਾਣਾ ਗੁੜ ਘੁਲਾੜੀ ਵੱਲੋਂ ਸੁਖਵੀਰ ਸਿੰਘ ਨੇ ਗੰਨੇ ਦੇ ਰਸ ਦੀ ਖੀਰ ਦਾ ਲੰਗਰ ਲਗਾਇਆ। ਇਸ ਮੌਕੇ ਪਿੰਡ ਦੇ ਸਰਪੰਚ ਹਰਪਾਲ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ, ਕਾਂਗਰਸੀ ਆਗੂ ਠੇਕੇਦਾਰ ਮੋਹਣ ਸਿੰਘ ਬਠਲਾਣਾ ਵੀ ਹਾਜ਼ਰ ਸਨ। ਨਗਰ ਕੀਰਤਨ ਪਿੰਡ ਸਨੇਟਾ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਦੇ ਪ੍ਰਬੰਧਕਾਂ ਵੱਲੋਂ ਸਜਾਇਆ ਗਿਆ ਸੀ ਜਿਸ ਦਾ ਪਿੰਡ ਗੁਡਾਣਾ, ਅਬਰਾਵਾਂ, ਖੇੜਾ ਗੱਜੂ, ਨੱਤਿਆਂ, ਮਾਣਕਪੁਰ, ਤਸੌਲੀ, ਢੇਲਪੁਰ, ਗੋਬਿੰਦਗੜ੍ਹ ਅਤੇ ਧੀਰਪੁਰ ਵਿਖੇ ਵੀ ਸ਼ਾਨਦਾਰ ਸਵਾਗਤ ਕੀਤਾ ਗਿਆ। ਗਤਕਾ ਪਾਰਟੀਆਂ ਅਤੇ ਫੌਜੀ ਬੈਂਡਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

 

ਅਜੈਵੀਰ ਲਾਲਪੁਰਾ ਵੱਲੋਂ ਧਾਰਮਿਕ ਸਮਾਗਮ ’ਚ ਸ਼ਿਰਕਤ

ਲਾਲਪੁਰ ਵਿੱਚ ਪੁੱਜੇ ਭਾਜਪਾ ਪ੍ਰਧਾਨ ਅਜੈਵੀਰ ਸਿੰਘ।

ਨੂਰਪੁਰ ਬੇਦੀ (ਬਲਵਿੰਦਰ ਰੈਤ): ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਜੱਦੀ ਪਿੰਡ ਲਾਲਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਵਿੱਚ ਸ਼ਿਕਕਤ ਕੀਤੀ ਅਤੇ ਸੰਗਤ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ। ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਪਿੰਡ ਦੇ ਮੋਹਤਬਰਾਂ ਵੱਲੋਂ ਉਨ੍ਹਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕੁਲਜਿੰਦਰ ਸਿੰਘ ਲਾਲਪੁਰ, ਸੁਰਿੰਦਰਪਾਲ ਸਿੰਘ ਰੂੜੇਮਾਜਰਾ, ਪ੍ਰਦੀਪ ਸਿੰਘ, ਹਰਵਿੰਦਰ ਸਿੰਘ, ਮਨੋਹਰ ਸਿੰਘ, ਗੁਰਸੇਵਕ ਸਿੰਘ, ਰਾਮਪਾਲ, ਰਮਨ ਕੁਮਾਰ, ਚਰਨਜੀਤ ਸਿੰਘ, ਸਰਬਣ ਸਿੰਘ, ਵਿਵੇਕ ਸਿੰਘ, ਮਨਜਿੰਦਰ ਸਿੰਘ, ਜਸਪ੍ਰੀਤ ਸਿੰਘ, ਫਤਹਿਵੀਰ ਸਿੰਘ, ਗੁਰਦੇਵ ਸਿੰਘ, ਪੰਡਤ ਰਜੇਸ਼ ਕੁਮਾਰ, ਨਰੇਸ਼ ਕੁਮਾਰ ਆਦਿ ਮੌਜੂਦ ਸਨ।

 

ਸੰਗਤ ਲਈ ਲੰਗਰ ਲਾਏ

ਫਤਹਿਗੜ੍ਹ ਸਾਹਿਬ ( ਨਿੱਜੀ ਪੱਤਰ ਪ੍ਰੇਰਕ): ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇਸੀ ਦਵਾਖਾਨਾ ਕੰਧੋਲਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਸੰਤ ਸੁਖਵੀਰ ਸਿੰਘ ਕੰਧੋਲੇ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਠੰਢਾ ਬੁਰਜ ਫਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਗਰਮ ਦੁੱਧ ਅਤੇ ਬਿਸਕੁੱਟਾਂ ਦਾ ਲੰਗਰ ਲਗਾਇਆ ਗਿਆ। ਸੰਤ ਸੁਖਵੀਰ ਸਿੰਘ ਨੇ ਦੱਸਿਆ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲਾਂ ਅਤੇ ਮਾਤਾ ਗੁਜਰੀ ਨੂੰ ਸਰਦੀ ਦੀ ਰੁੱਤ ਵਿੱਚ ਠੰਢੇ ਬੁਰਜ ਵਿੱਚ ਗਰਮ ਦੁੱਧ ਪਿਲਾਇਆ ਸੀ। ਇਸ ਦੌਰਾਨ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖ ਕੇ ਪਿੰਡ ਜਲਵੇੜਾ ਵਾਸੀਆਂ ਵੱਲੋਂ ਲੰਗਰ ਲਗਾਇਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਲ 2016 ਤੋਂ ਲਗਾਤਾਰ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਯਾਦ ਨੂੰ ਮੁੱਖ ਰੱਖ ਕੇ ਨਵੇਂ ਸਾਲ ਦੀ ਆਮਦ ਉੱਤੇ ਲੰਗਰ ਲਗਾਇਆ ਜਾਂਦਾ ਹੈ। ਲੰਗਰ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਲੰਗਰ ਛਕਿਆ ਅਤੇ ਪਿੰਡ ਦੀ ਸੰਗਤ ਵੱਲੋਂ ਕੀਤੇ ਜਾਂਦੇ ਹਰ ਸਾਲ ਕਾਰਜ ਦੀ ਸ਼ਲਾਘਾ ਕੀਤੀ।

Advertisement
Author Image

Advertisement