ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਮਈ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਜਥੇਬੰਦੀ ਦੇ ਦੋ ਆਗੂਆਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਕਮੇਟੀ ਮੈਂਬਰ ਡਾ. ਗੁਰਮੇਲ ਸਿੰਘ ਕੁਲਾਰ ਖ਼ਿਲਾਫ਼ ਮੁੱਲਾਂਪੁਰ ਪੁਲੀਸ ਵੱਲੋਂ ਦਰਜ ਕੀਤੇ ਕੇਸ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਫੌਰੀ ਤੌਰ ’ਤੇ ਰੱਦ ਕਰਨ ਦੀ ਮੰਗ ਕੀਤੀ ਹੈ। ਅੱਜ ਨੇੜੇ ਵੇਰਕਾ ਮਿਲਕ ਪਲਾਂਟ ਵਿੱਚ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਅਮਰੀਕ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਜਥੇਦਾਰ ਗੁਰਮੇਲ ਸਿੰਘ ਢੱਟ ਅਤੇ ਗੁਰਸੇਵਕ ਸਿੰਘ ਸਵੱਦੀ ਨੇ ਕਿਹਾ ਕਿ ਮੁੱਲਾਂਪੁਰ ਪੁਲੀਸ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਸਮੇਤ ਆਮ ਲੋਕਾਂ ਦੇ ਜਾਇਜ਼, ਵਾਜਿਬ ਤੇ ਕਾਨੂੰਨੀ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ, ਪੁਲਿਸ ਧੱਕੇਸ਼ਾਹੀਆਂ ਤੇ ਰਿਸ਼ਵਤਖੋਰੀ ਤੇ ਜ਼ਬਰ ਨੂੰ ਠੱਲ੍ਹ ਪਾਉਣ ਲਈ ਅਤੇ ਹੱਕ, ਸੱਚ, ਇਨਸਾਫ਼ ਦੀ ਪ੍ਰਾਪਤੀ ਲਈ ਜਦੋ ਜਹਿਦ ਕਰਨ ਬਦਲੇ ਜਥੇਬੰਦੀ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਿਸ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਮੰਗ ਕੀਤੀ ਕਿ ਮੁੱਲਾਂਪੁਰ ਪੁਲੀਸ ਮੰਦਭਾਵਨਾ ਨਾਲ ਬਣਾਇਆ ਉਪਰੋਕਤ ਕੇਸ ਫੌਰੀ ਤੌਰ ਤੇ ਰੱਦ ਕਰੇ, ਨਹੀਂ ਤਾਂ ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ, ਜਮਹੂਰੀ ਤੇ ਇਨਸਾਫ਼ ਪਸੰਦ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਤਿੱਖਾ ਘੋਲ ਵਿਢਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਮੁੱਲਾਂਪੁਰ ਪੁਲੀਸ ਦੀ ਹੋਵੇਗੀ।
ਮੀਟਿੰਗ 'ਚ ਪਾਸ ਕੀਤੇ ਇੱਕ ਹੋਰ ਅਹਿਮ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ ਲੁਧਿਆਣਾ ਅਤੇ ਮੋਗੇ ਦੇ ਪਿੰਡਾਂ ਦੀ 24311 ਏਕੜ ਜ਼ਮੀਨ ਗ੍ਰਹਿਣ ਕਰਨ ਦੇ ਵੱਡੇ ਉਜਾੜੇ ਨੂੰ ਰੋਕਣ ਲਈ ਅਰਬਨ ਇਸਟੇਟ ਉਸਾਰੀ ਵਿਰੋਧੀ ਪ੍ਰਬੰਧਕ ਕਮੇਟੀ ਦੇ ਸਾਰੇ ਐਕਸ਼ਨਾਂ ਦੀ ਤਨ, ਮਨ ਅਤੇ ਧਨ ਨਾਲ ਦ੍ਰਿੜ ਤੇ ਠੋਕਵੀਂ ਮਦਦ ਜਾਰੀ ਰੱਖੀ ਜਾਵੇਗੀ। ਇੱਕ ਹੋਰ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ ਕੌਮੀ ਇਨਸਾਫ਼ ਮੋਰਚਾ ਮੁਹਾਲੀ ਦੇ ਸੱਦੇ 'ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਲਕੇ 29 ਮਈ ਨੂੰ 10:30 ਵਜੇ ਜਥੇਬੰਦੀ ਦਾ ਕਾਫ਼ਲਾ ਜਗਰਾਉਂ ਬੱਸ ਸਟੈਂਡ ਪੁੱਜੇਗਾ। ਮੀਟਿੰਗ ਵਿੱਚ ਡਾ. ਗੁਰਮੇਲ ਸਿੰਘ ਕੁਲਾਰ, ਜਸਵੰਤ ਸਿੰਘ ਮਾਨ, ਨਛੱਤਰ ਸਿੰਘ ਤਲਵੰਡੀ, ਗੁਰਬਖਸ਼ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ, ਗੁਰਦੀਪ ਸਿੰਘ ਸਵੱਦੀ, ਤੇਜਿੰਦਰ ਸਿੰਘ ਵਿਰਕ, ਰਾਜਵਿੰਦਰ ਸਿੰਘ ਬਰਸਾਲ, ਗੁਰਦੀਪ ਸਿੰਘ ਮੰਡਿਆਣੀ, ਜਥੇਦਾਰ ਬਲਦੇਵ ਸਿੰਘ ਪੰਡੋਰੀ, ਮੋਦਨ ਸਿੰਘ ਕੁਲਾਰ , ਅਮਰਜੀਤ ਸਿੰਘ ਖੰਜਰਵਾਲ, ਗੁਰਚਰਨ ਸਿੰਘ ਤਲਵੰਡੀ ਅਤੇ ਕਰਨੈਲ ਸਿੰਘ ਤਲਵੰਡੀ ਉਚੇਚੇ ਤੌਰ 'ਤੇ ਹਾਜ਼ਰ ਸਨ।
ਕੈਪਸਨ
ਮੀਟਿੰਗ ਦੌਰਾਨ ਵੱਖ ਵੱਖ ਆਗੂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਗੁਰਿੰਦਰ ਸਿੰਘ