ਦਸਤਕ
ਰਾਮ ਸਵਰਨ ਲੱਖੇਵਾਲੀ
ਸਵੇਰੇ ਸੁਵੱਖਤੇ ਚੰਨ ਤਾਰਿਆਂ ਦੀ ਛਾਂ। ਪਿੰਡਾਂ, ਖੇਤਾਂ ਦੇ ਘਰਾਂ ਦੀਆਂ ਸੁਆਣੀਆਂ ਦਾ ਜਾਗਣ ਵੇਲਾ। ਚੁਫ਼ੇਰੇ ਪਸਰੀ ਸ਼ਾਂਤੀ। ਪੰਛੀਆਂ ਦੇ ਆਲ੍ਹਣਿਆਂ ਵਿਚੋਂ ਆਉਂਦੀਆਂ ਮਿੱਠੀਆਂ ਆਵਾਜ਼ਾਂ। ਵਗਦੀ ਪੌਣ ਤਨ ਮਨ ਨੂੰ ਸਰਸ਼ਾਰ ਕਰਦੀ। ਫੁੱਲਾਂ, ਫ਼ਸਲਾਂ ਦੀ ਮਹਿਕ ਦਿਲ ਦਾ ਸਕੂਨ ਬਣਦੀ। ਘਰਾਂ ਦੀਆਂ ਰੌਸ਼ਨੀਆਂ ਜਗਦੀਆਂ। ਪਸ਼ੂ, ਪ੍ਰਾਣੀ ਜਾਗਦੇ। ਅੰਮ੍ਰਿਤ ਰੂਪੀ ਦੁੱਧ ਦਿੰਦੀਆਂ ਮੱਝਾਂ, ਗਾਵਾਂ ਉੱਠਦੀਆਂ। ਸੁਆਣੀਆਂ ਦੀ ਪਹਿਲ ਉਨ੍ਹਾਂ ਨੂੰ ਚਾਰਾ ਪਾਉਣ ਦੀ ਹੁੰਦੀ। ਫਿਰ ਚੁੱਲ੍ਹਿਆਂ ਵਿਚ ਅੱਗ ਬਲਦੀ। ਗੈਸ ਚੁੱਲ੍ਹੇ ਜਗਦੇ। ਸੁਆਣੀਆਂ ਸੁੱਤੇ ਬਾਲਾਂ ਨੂੰ ਨਿਹਾਰਦੀਆਂ। ਜਿ਼ੰਦਗੀ ਦੀ ਜੀਣ ਥੀਣ ਦੀ ਤਾਂਘ ਕਰਵਟ ਲੈਂਦੀ। ਪਹੁ ਫੁਟਾਲੇ ਤੱਕ ਉਹ ਚਾਹ, ਪਾਣੀ ਪਿਲਾ ਪਰਿਵਾਰ ਨੂੰ ਉਠਾਲਦੀਆਂ।
ਸਵੇਰ ਹੁੰਦੀ। ਕਿਰਤੀ, ਕਾਮੇ ਖੇਤਾਂ ਦਾ ਰਾਹ ਫੜਦੇ। ਬਾਲ ਬੱਚੇ ਸਕੂਲ ਜਾਣ ਲਈ ਤਿਆਰ ਹੁੰਦੇ। ਮਾਵਾਂ ਚੁੱਲ੍ਹਾ ਚੌਂਕਾ ਸੰਭਾਲਦੀਆਂ। ਹੱਥਾਂ ਦਾ ਸੁਹਜ ਨਜ਼ਰ ਆਉਂਦਾ। ਰਸੋਈਆਂ ਤੇਲ ਤੜਕੇ ਦੀ ਖ਼ੁਸ਼ਬੂ ਵੰਡਦੀਆਂ। ਸਕੂਲ਼ ਜਾਂਦੇ ਬਾਲ, ਖੇਤਾਂ ਨੂੰ ਗਏ ਉੱਦਮੀ। ਡਿਊਟੀਆਂ ‘ਤੇ ਜਾਂਦੇ ਮੁਲਾਜ਼ਮਾਂ ਲਈ ਰੋਟੀ ਪਾਣੀ ਬਣਦਾ। ਬਾਲਾਂ ਨੂੰ ਤਿਆਰ ਕਰ ਸਕੂਲ ਤੋਰਦੀਆਂ। ਸਾਰਿਆਂ ਲਈ ਖਾਣਾ ਬਣਾ ਆਪ ਸਕੂਲ, ਦਫ਼ਤਰ ਜਾਣ ਲਈ ਅਹੁਲਦੀਆਂ। ਸੁਆਣੀਆਂ ਦਾ ਦਿਨ ਇੰਨੇ ਉੱਦਮ ਨਾਲ ਚੜ੍ਹਦਾ। ਮਾਵਾਂ ਦੀ ਕਿਰਤ ਦਾ ਇਹ ਪਹਿਲਾ ਪਹਿਰ ਹੁੰਦਾ।
ਨਜ਼ਰਾਂ ਤੱਕਦੀਆਂ। ਬੈਂਕ, ਸਕੂਲ, ਦਫ਼ਤਰ ਤੇ ਹੋਰ ਡਿਊਟੀਆਂ ‘ਤੇ ਜਾਣ ਵਾਲ਼ੀਆਂ ਔਰਤਾਂ ਆਪਣੀ ਡਿਊਟੀ ‘ਤੇ ਪੁੱਜਦੀਆਂ। ਪੜ੍ਹੀਆਂ ਲਿਖੀਆਂ ਆਪਣੀ ਕਾਬਲੀਅਤ ਦੇ ਬਲਬੂਤੇ ਮਾਣ ਹਾਸਲ ਕਰਦੀਆਂ। ਦਿਨ ਭਰ ਲੋਕਾਂ ਨਾਲ ਵਰਤ ਵਿਹਾਰ। ਸਖ਼ਤ ਡਿਊਟੀ ਨਾਲ ਵੀ ਨਿਭਦੀਆਂ। ਉਨ੍ਹਾਂ ਦਾ ਸੁਹਜ, ਸਲੀਕਾ ਡਿਊਟੀ ਨੂੰ ਸੁਖਾਲਾ ਕਰਦਾ। ਘਰ ਪਰਤਣ ਸਾਰ ਘਰ ਆਪਣੇ ਕਲਾਵੇ ਵਿਚ ਲੈਂਦਾ। ਸਾਰੇ ਜੀਆਂ ਦੀਆਂ ਲੋੜਾਂ ਦਾ ਖਿ਼ਆਲ। ਆਏ ਗਏ ਦਾ ਫਿ਼ਕਰ। ਕੰਮ ਵਾਲੀ ਬੀਬੀ ਨਾਲ ਸਾਫ਼ ਸਫ਼ਾਈ ਵਿਚ ਸਹਿਯੋਗ। ਅੱਟਣਾਂ ਭਰੇ ਹੱਥ, ਸਖ਼ਤ ਜਾਨ ਵਾਲੀ ਬੀਬੀ ਅੱਗੇ ਪਿੱਛੇ ਫਿਰਦੀ। ਆਪਣੇ ਬੱਚਿਆਂ ਦੀ ਚੰਗੀ ਜਿ਼ੰਦਗ਼ੀ ਲਈ ਕਲਪਦੀ। ਚੰਗੇ ਦਿਨਾਂ ਦਾ ਸੁਫਨਾ ਬੁਣਦੀ।
ਬੀਬੀ ਦੇ ਮਨ ਤੇ ਖ਼ਿਆਲ ਕਰਵਟ ਭਰਨ ਲਗਦੇ- ‘ਕਿਰਤ ਜਿ਼ੰਦਗ਼ੀ ਦਾ ਸਹਾਰਾ ਹੈ। ਕਰ ਕੇ ਖਾਂਦੇ, ਮਿਹਨਤ ਸੰਗ ਜਿਊਂਦੇ ਜਾਗਦੇ ਹਾਂ। ਬੱਚਿਆਂ ਨੂੰ ਪੈਰਾਂ ਸਿਰ ਕਰਨਾ ਜੀਵਨ ਆਸ ਹੈ। ਉਹ ਸਕੂਲ, ਕਾਲਜ ਜਾਂਦੇ ਆਪਣੇ ਧੀਆਂ ਪੁੱਤਾਂ ਦੇ ਕਦਮਾਂ ਨੂੰ ਨਿਹਾਰਦੀ। ਕਲਾਸਾਂ ਚੜ੍ਹਦੇ, ਅਵੱਲ ਆਉਂਦਿਆਂ ਦੀ ਖੁਸ਼ੀ ਮਾਣਦੀ। ਸਟੇਜਾਂ, ਸੱਥਾਂ, ਕੱਠਾਂ ਵਿਚ ਬੋਲਦੇ ਸੁਣ ਰਸ਼ਕ ਕਰਦੀ। ਇਹ ਪਲ ਉਸ ਨੂੰ ਤੰਗੀਆਂ ਤੁਰਸ਼ੀਆਂ ਤੋਂ ਰਾਹਤ ਦਿੰਦੇ। ਉਸ ਨੂੰ ਬੱਚਿਆਂ ਦੇ ਬਾਪ ਦਾ ਖੇਤਾਂ ਵਿਚ ਵਹਾਇਆ ਪਸੀਨਾ ਰਾਸ ਆਉਂਦਾ ਦਿਸਦਾ। ਕਿਰਤੀ ਮਾਵਾਂ ਦਾ ਇਹ ਸਿਦਕ ਔਕੜਾਂ ਨੂੰ ਖਿੜੇ ਮੱਥੇ ਟੱਕਰਦਾ ਹੈ।
ਤਲਖ਼ ਹਕੀਕਤ ਤੱਕਦਾਂ। ਕੰਬਾਈਨ ਨਾਲ ਕੱਟੀ ਹੋਣ ਕਣਕ ਦਾ ਖੇਤ। ਸਿੱਟੇ ਚੁਗਣ ਆਈਆਂ ਤਿੰਨ ਚਾਰ ਖੇਤ ਮਜ਼ਦੂਰ ਮਾਵਾਂ। ਸਖ਼ਤ ਚਿਹਰਿਆਂ ‘ਤੇ ਆਸ ਦੀ ਝਲਕ। ਹੱਥਾਂ ਵਿਚ ਦਾਤੀ ਤੇ ਪਿੱਛੇ ਬੰਨ੍ਹੀ ਖਾਲੀ ਝੋਲੀ। ਕਿਤੇ ਕਿਤੇ ਡਿੱਗਿਆ ਕਣਕ ਦਾ ਸਿੱਟਾ ਝੋਲੀ ਪਾਉਂਦੀਆਂ। ਦੂਰ ਤੱਕ ਨਜ਼ਰ ਮਾਰਦੀਆਂ। ਤਿੰਨ ਚਾਰ ਘੰਟਿਆਂ ਬਾਅਦ ਥੋੜ੍ਹੇ ਥੋੜ੍ਹੇ ਸਿੱਟੇ ਚੁਗ ਪਰਤਦੀਆਂ। ਮੂਹਰੇ ਆਉਂਦੀ ਬੀਬੀ ਬੋਲਦੀ, “ਉਹ ਵਕਤ ਗਏ ਗੁਜ਼ਰੇ ਜਦ ਹਾੜ੍ਹੀ ਦੀ ਰੁੱਤੇ ਸਿੱਟੇ ਚੁਗ ਕੇ ਕਈ ਮਹੀਨਿਆਂ ਦੀ ਕਣਕ ‘ਕੱਠੀ ਹੋ ਜਾਂਦੀ ਸੀ। ‘ਮਸ਼ੀਨਾਂ’ ਨੇ ਸਾਡੇ ਮੂੰਹੋਂ ਬੁਰਕੀਆਂ ਵੀ ਖੋਹ ਲਈਆਂ। ਬੱਸ ਖੇਤਾਂ ਵਿਚ ਰੁਲਣਾ ਹੀ ਰਹਿ ਗਿਆ। ਸਰਕਾਰਾਂ ਨੇ ਵੀ ਕੁਸ਼ ਹੱਥ ਪੱਲੇ ਨ੍ਹੀਂ ਪਾਇਆ। ਪੰਜਾਂ ਸਾਲਾਂ ਬਾਅਦ ਲਾਰਿਆਂ ਨਾਲ ਵਰਚਾ ਜਾਂਦੇ।”
“ਸੋਲਾਂ ਆਨੇ ਠੀਕ ਕਿਹਾ ਭੈਣੇ। ਹੁਣ ਕੋਈ ਉਮਰ ਆ ਆਪਣੀ ਖੇਤਾਂ ਵਿਚ ਰੁਲਣ ਦੀ। ਮੈਨੂੰ ਤਾਂ ਆਪਣੇ ਯੂਨੀਅਨ ਆਲੇ ਮੁੰਡਿਆਂ ਦੀਆਂ ਗੱਲਾਂ ਸੱਚੀਆਂ ਲਗਦੀਆਂ। ਕਹਿੰਦੇ, ਮੰਗਿਆਂ ਕੁਸ਼ ਨ੍ਹੀਂ ਮਿਲਦਾ। ਹਾਸਲ ਕਰਨਾ ਹੋਵੇ ਤਾਂ ਲੜਨਾ ਪੈਂਦਾ।” ਪਿੱਛੇ ਜਾਂਦੀ ਬੀਬੀ ਪਿੰਡ ਦੇ ਰਾਹ ਪੈਂਦਿਆਂ ਬੋਲੀ।
ਮਨ ਮਸਤਕ ਉਨ੍ਹਾਂ ਕਦਮਾਂ ਦੀ ਪੈੜ ਚਾਲ ‘ਚੋਂ ਸਬਰ ਤੇ ਸਿਰੜ ਦੀ ਝਲਕ ਦੇਖਦਾ ਹੈ। ਪੜ੍ਹ ਲਿਖ ਪੈਰਾਂ ‘ਤੇ ਖੜ੍ਹੀਆਂ ਧੀਆਂ ਨਜ਼ਰ ਆਉਂਦੀਆਂ ਹਨ। ਹਰ ਖੇਤਰ ਵਿਚ ਮੋਹਰੀ ਰਹਿੰਦੀਆਂ। ਜਿ਼ੰਦਗੀ ਤੇ ਮਾਪਿਆਂ ਦਾ ਮਾਣ ਬਣਦੀਆਂ। ਬਿਖੜੇ ਪੈਂਡਿਆਂ ਨੂੰ ਸਿਦਕਦਿਲੀ ਨਾਲ ਸਰ ਕਰਦੀਆਂ। ਪ੍ਰੋਫੈਸਰ, ਜੱਜ, ਵਕੀਲ, ਪਾਇਲਟ ਤੇ ਕਮਾਂਡਰ ਬਣ ਅੰਬਰੀਂ ਪਰਵਾਜ਼ ਭਰਦੀਆਂ। ਖੇਤਾਂ ਵਿਚ ਕੰਮ ਕਰਦੀਆਂ ਸੰਘਰਸ਼ ਦੇ ਅਖਾੜਿਆਂ ਵਿਚ ਹਿੱਸਾ ਪਾਉਂਦੀਆਂ। ਮਾਵਾਂ ਦੀ ਕੁੱਖ ਦਾ ਮਾਣ ਬਣਦੀਆਂ। ਇਹ ਧੀਆਂ ਭਵਿੱਖ ਦੀ ਆਸ ਨਜ਼ਰ ਆਉਂਦੀਆਂ।
ਛਿਪਦੇ ਸੂਰਜ ਨਾਲ ਅਸਮਾਨ ਵਿਚ ਬਿਖਰਿਆ ਸੁਨਿਹਰੀ ਰੰਗ। ਸਰੋਂ ਦੇ ਖਿੜੇ ਹੋਏ ਖੇਤਾਂ ਵਿਚ ਪਹੁੰਚਾ ਦਿੰਦਾ ਹੈ। ਸਿਰ ਉਠਾਈ ਖੜ੍ਹੇ ਪੀਲੇ ਫੁੱਲ। ਦੂਰ ਤੱਕ ਪਸਰੇ ਖੇਤਾਂ ਵਿਚ ਵਿਛੀ ਚਾਦਰ ਜਾਪਦੇ। ਕਲੋਲਾਂ ਕਰਦੇ ਪੰਛੀਆਂ ਦੀ ਮਨ ਮੋਹਦੀਆਂ ਆਵਾਜ਼ਾਂ। ਫੁੱਲਾਂ ਨਾਲ ਹਸਦੀਆਂ ਤਿਤਲੀਆਂ ਤੇ ਸ਼ਹਿਦ ਦੀਆਂ ਮੱਖੀਆਂ। ਇਹ ਸੁਖਦ ਪਲ ਚੇਤਿਆਂ ਵਿਚੋਂ ਯਾਦਾਂ ਦਾ ਪੰਨਾ ਪਲਟਦੇ। ਜਦ ਕਦੇ ਮਾਂ ਨੂੰ ਇਸ ਰੁੱਤੇ ਖੇਤ ਲਿਆਉਂਦਾ, ਖੇਤ ਦੇਖ ਨਿਹਾਲ ਹੁੰਦੀ। ਆਖਦੀ ਪੁੱਤ, “ਇਹ ਖੇਤ ਅਸੀਂ ਪਸੀਨਾ ਵਹਾ ਕੇ ਬਹਾਲ ਕੀਤੇ ਆ। ਸਰੋਂ ਦਾ ਬਿਖਰਿਆ ਰੰਗ ਸੁਨੇਹਾ ਹੁੰਦਾ। ਉੱਠ ਖਲੋਣ ਲਈ ਆਖਦਾ। ਜਿ਼ੰਦਗੀ ਵਿਚ ਰੰਗ ਭਰਨ ਲਈ ਸਬਕ ਦਿੰਦਾ। ਇਹ ਖੇਤਾਂ ਵਿਚ ਕੀਤੀ ਸਾਡੀ ਕਿਰਤ ਦਾ ‘ਜਸ’ ਹੈ।” ਮਾਂ ਦੇ ਸਖਤ ਜਾਨ ਚਿਹਰੇ ਤੋਂ ਮੈਨੂੰ ਬੁਲੰਦ ਜਿ਼ੰਦਗੀ ਦੀ ਆਸ ਨਜ਼ਰ ਆਉਂਦੀ।
ਕਿਰਤ ਦੇ ਉਸੇ ਜਸ ਦੀ ਸੰਘਰਸ਼ਾਂ ਨਾਲ ਪਨਪਦੀ ਸਾਂਝ ਸੁਖਦ ਅਹਿਸਾਸ ਬਣਦੀ ਦੇਖਦਾਂ। ਖੇਤਾਂ ਜਾਈਆਂ ਕਿਸਾਨ ਸੰਘਰਸ਼ ਦਾ ਹਿੱਸਾ ਬਣੀਆਂ। ਦਿੱਲੀ ਦੇ ਬਾਰਡਰਾਂ ‘ਤੇ ਜਾ ਅਲਖ ਜਗਾਈ। ਚੁੱਲ੍ਹੇ ਚੌਂਕੇ ਛੱਡ ਸੰਘਰਸ਼ ਨੂੰ ਮੋਢਾ ਲਾਇਆ। ਸਟੇਜਾਂ ਤੋਂ ਉਨ੍ਹਾਂ ਦੇ ਬੋਲ ਫਿਜ਼ਾਵਾਂ ਵਿਚ ਗੂੰਜੇ। ਮੀਂਹ, ਹਨੇਰੀਆਂ ਉਨ੍ਹਾਂ ਦਾ ਹੌਸਲਾ ਨ੍ਹੀਂ ਡੁੱਲਾ ਸਕੀਆਂ। ਉਨ੍ਹਾਂ ਮੰਜਿ਼ਲ ਦੇ ਦਰਾਂ ‘ਤੇ ਕਦਮ ਪਾਏ। ਪੀਲੀਆਂ ਚੁੰਨੀਆਂ ਵਾਲੀਆਂ ਇਹ ਬੀਬੀਆਂ ਜਿੱਤ ਦਾ ਪ੍ਰਤੀਕ ਬਣੀਆਂ ਜਿਨ੍ਹਾਂ ਆਪਣੀ ‘ਬਸੰਤੀ ਚੋਲੇ ਵਾਲੇ ਨਾਇਕ’ ਦੀ ਵਿਰਾਸਤ ਦਾ ‘ਪਰਚਮ’ ਦੇਸ਼ ਦੁਨੀਆ ਵਿਚ ਬੁਲੰਦ ਕੀਤਾ।
ਹੁਣ ਜਦ ਪੀੜਤ ਮਹਿਲਾ ਪਹਿਲਵਾਨਾਂ ਨੇ ਆਵਾਜ਼ ਮਾਰੀ ਤਾਂ ਬੀਬੀਆਂ ਉਨ੍ਹਾਂ ਦੇ ਹੱਕ ਵਿਚ ਜਾ ਖੜ੍ਹੀਆਂ। ਪਹਿਲਵਾਨ ਧੀਆਂ ਦੇ ਮੋਢਿਆਂ ‘ਤੇ ਹੌਸਲੇ ਦਾ ਹੱਥ ਰੱਖਿਆ। ਨਾਲ ਖੜ੍ਹਨ ਦਾ ਯਕੀਨ ਦਿੱਤਾ। ਦੋਸ਼ੀਆਂ ਦੀ ਪੁਸ਼ਤਪਨਾਹੀ ਕਰਦੀ ਸੱਤਾ ਨੂੰ ਦੱਸ ਕੇ ਪਰਤੀਆਂ- ‘ਸੱਚ ਨੇ ਕਦੇ ਨਹੀਂ ਹਰਨਾ। ਨਾ ਸੰਘਰਸ਼ਾਂ ਨੇ ਰੁਕਣਾ। ਜਿੱਤ ਹੱਕ ਸੱਚ ਲਈ ਜੂਝਦੇ ਲੋਕਾਂ ਦੀ ਹੋਣੀ ਏਂ’। ਚੇਤਨਾ ਤੇ ਸੰਘਰਸ਼ ਦੀਆਂ ਇਹ ਝਲਕਾਂ ਸਾਵੇਂ ਸੁਖਾਵੇਂ ਸਮਾਜ ਦੇ ਰਾਹਾਂ ‘ਤੇ ਦਸਤਕ ਜਾਪਦੀਆਂ ਹਨ। ਜਿਨ੍ਹਾਂ ‘ਤੇ ਜਾਗਣ, ਉੱਠਣ, ਤੁਰਨ, ਜੂਝਣ ਤੇ ਜਿੱਤ ਦੀ ਇਬਾਰਤ ਉਕਰੀ ਹੋਈ ਹੈ।
ਸੰਪਰਕ: 95010-06626