ਦਵਾਰਕਾ ਐਕਸਪ੍ਰੈੱਸਵੇਅ ਦੀਆਂ ਨਵੀਆਂ ਸੁਰੰਗਾਂ ਅਤੇ ਅੰਡਰਪਾਸਾਂ ਦੇ ਟਰਾਇਲ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਈ
ਭਾਰਤ ਦੇ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਦਵਾਰਕਾ ਐਕਸਪ੍ਰੈੱਸਵੇਅ ਦੇ ਦਿੱਲੀ ਹਿੱਸੇ ਦੇ ਨਾਲ-ਨਾਲ ਆਪਣੀਆਂ ਨਵੀਆਂ ਬਣੀਆਂ ਸੁਰੰਗਾਂ ਅਤੇ ਅੰਡਰਪਾਸਾਂ ਲਈ ਟਰਾਇਲ ਸ਼ੁਰੂ ਕੀਤਾ, ਜੋ ਕਿ ਰੁਝੇਵਾਂ ਭਰੇ ਦਿੱਲੀ-ਗੁਰੂਗ੍ਰਾਮ ਕੋਰੀਡੋਰ ‘ਤੇ ਭੀੜ ਨੂੰ ਘੱਟ ਕਰਨ ਲਈ ਇੱਕ ਅਹਿਮ ਯੋਜਨਾ ਹੈ। 5.1 ਕਿੱਲੋਮੀਟਰ ਸੁਰੰਗ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ। ਦਵਾਰਕਾ ਐਕਸਪ੍ਰੈੱਸਵੇਅ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਰਾਸ਼ਟਰੀ ਰਾਜਮਾਰਗ 48 ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣ ਲਈ ਤਿਆਰ ਹੈ। ਅਧਿਕਾਰੀਆਂ ਮੁਤਾਬਕ ਮੁੱਖ 3.6 ਕਿਲੋਮੀਟਰ ਭਾਗ ਇੱਕ ਅੱਠ-ਲੇਨ ਸੁਰੰਗ ਹੈ ਜੋ ਸਿੱਧੇ ਹਵਾਈ ਅੱਡੇ ਵੱਲ ਜਾਂਦੀ ਹੈ, ਜਦੋਂਕਿ 1.5 ਕਿਲੋਮੀਟਰ ਦੋ-ਲੇਨ ਸੁਰੰਗ ਗੁਰੂਗ੍ਰਾਮ ਵੱਲ ਜਾਂਦੀ ਹੈ।
ਟਰਾਇਲ ਰਨ ਰੋਜ਼ਾਨਾ ਦੁਪਹਿਰ 1 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਚੱਲ ਰਿਹਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਇਸ ਹਿੱਸੇ ਵਿੱਚ ਦਵਾਰਕਾ ਅਤੇ ਯਸ਼ੋਭੂਮੀ ਨੂੰ ਹਵਾਈ ਅੱਡੇ ਨਾਲ ਜੋੜਨ ਵਾਲੀ ਇੱਕ ਸੁਰੰਗ ਸ਼ਾਮਲ ਹੈ, ਨਾਲ ਹੀ ਗੁਰੂਗ੍ਰਾਮ ਵੱਲ ਸੱਜੇ ਦੇ ਮੋੜਾਂ ਲਈ ਅੰਡਰਪਾਸ ਵੀ ਹਨ। ਟਰਮੀਨਲ 3 ਤੋਂ ਆਉਣ ਵਾਲੇ ਯਾਤਰੀਆਂ ਨੂੰ ਸਿਰਹੌਲ ਵੱਲ ਜਾਣ ਵਾਲੇ ਅੰਡਰਪਾਸ ਦਾ ਵੀ ਲਾਭ ਹੋਵੇਗਾ। ਸੁਰੰਗ ਵਿੱਚ ਸੀਸੀਟੀਵੀ ਨਿਗਰਾਨੀ, ਐਮਰਜੈਂਸੀ ਐਗਜ਼ਿਟ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਹੈ। ਟਰਾਇਲ ਪੜਾਅ ਦੌਰਾਨ ਕੁਝ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।