ਥਾਣੇ ’ਚ ਲਾਸ਼: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅੜੇ ਕਿਸਾਨ
ਜੋਗਿੰਦਰ ਸਿੰਘ ਮਾਨ
ਭੀਖੀ (ਮਾਨਸਾ), 24 ਮਈ
ਬੇਸ਼ੱਕ ਭੀਖੀ ਥਾਣੇ ਵਿੱਚ ਕਿਸਾਨ ਹਰਜੀਵਨ ਸਿੰਘ ਦੀ ਪਈ ਲਾਸ਼ ਖ਼ਰਾਬ ਹੋਣ ਲੱਗੀ ਹੈ ਪਰ ਕਿਸਾਨ ਜਥੇਬੰਦੀ ਤੇ ਪੀੜਤ ਪਰਿਵਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅੜਿਆ ਹੋਇਆ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਪੁਲੀਸ ਅਧਿਕਾਰੀ ਅੱਜ ਸਾਰਾ ਦਿਨ ਥਾਣੇ ਵਿੱਚ ਬੈਠੇ ਧਰਨਾਕਾਰੀਆਂ ਨੂੰ ਛੇਤੀ ਫੜਨ ਦਾ ਭਰੋਸਾ ਦਿੰਦੇ ਰਹੇ, ਪਰ ਸ਼ਾਮ ਤੱਕ ਮਸਲਾ ਕਿਸੇ ਤਣ-ਪੱਤਣ ਨਾ ਲੱਗਿਆ। ਜਥੇਬੰਦੀ ਵੱਲੋਂ ਧਰਨਾ ਜਾਰੀ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ 19 ਮਈ ਨੂੰ ਹਰਜੀਵਨ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਅਤੇ 21 ਮਈ ਨੂੰ ਉਸਦਾ ਪੋਸਟਮਾਰਟਮ ਕਰਵਾ ਲਿਆ ਗਿਆ, ਪਰ ਪੁਲੀਸ ਵੱਲੋਂ ਕਸੂਰਵਾਰਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ, ਜਿਸ ਕਰਕੇ ਪਰਿਵਾਰ ਦੀ ਰਜ਼ਾ ਨਾਲ ਜਥੇਬੰਦੀ ਨੇ ਥਾਣਾ ਵਿੱਚ ਲਾਸ਼ ਰੱਖ ਕੇ ਮਜਬੂਰਨ ਧਰਨਾ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਹਰ ਦੋ ਘੰਟਿਆਂ ਬਾਅਦ ਨਵਾਂ ਭਰੋਸਾ ਦੇ ਰਹੀ ਹੈ ਜਦਕਿ ਕਸੂਰਵਾਰਾਂ ਨੂੰ ਫੜਨ ਲਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਮ੍ਰਿਤਕ ਹਰਜੀਵਨ ਸਿੰਘ ਦੀ ਲਾਸ਼ ਖਰਾਬ ਹੋਣ ਲੱਗੀ ਹੈ ਅਤੇ ਉਸ ਵਿਚੋਂ ਬੋਅ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਸੂਰਵਾਰਾਂ ਨੂੰ ਫੜਨ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।
ਮਾਨਸਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਭੀਖੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਦੇ ਬਿਆਨਾਂ ’ਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਬਿਆਨਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਲੱਭਣ ਲਈ ਟੀਮਾਂ ਭੇਜੀਆਂ ਗਈਆਂ ਹਨ, ਜਦਕਿ ਤਿੰਨ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ।