ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥਰੂਰ ਵੱਲੋਂ ਪੇਸ਼ਕਸ਼ ਮੰਨਣ ਕਾਰਨ ਸਿਆਸਤ ਭਖ਼ੀ

04:43 AM May 18, 2025 IST
featuredImage featuredImage

ਅਦਿੱਤੀ ਟੰਡਨ
ਨਵੀਂ ਦਿੱਲੀ, 17 ਮਈ
ਕੇਂਦਰ ਸਰਕਾਰ ਵੱਲੋਂ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਨੂੰ ਕੂਟਨੀਤਕ ਪੱਧਰ ’ਤੇ ਘੇਰਨ ਲਈ ਵਿਦੇਸ਼ ਭੇਜੇ ਜਾਣ ਵਾਲੇ ਵਫ਼ਦਾਂ ਲਈ ਸੰਸਦ ਮੈਂਬਰਾਂ ਦੀ ਚੋਣ ’ਤੇ ਸਿਆਸਤ ਭਖ ਗਈ ਹੈ। ਸਰਕਾਰ ਨੇ ਅਹਿਮ ਵਫ਼ਦ ਦੀ ਅਗਵਾਈ ਲਈ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਚੋਣ ਕੀਤੀ ਹੈ, ਜਦਕਿ ਪਾਰਟੀ ਵੱਲੋਂ ਤੈਅ ਕੀਤੀ ਗਈ ਸੂਚੀ ’ਚੋਂ ਉਨ੍ਹਾਂ ਦਾ ਨਾਮ ਗਾਇਬ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸ਼ਨਿਚਰਵਾਰ ਨੂੰ ਖ਼ੁਲਾਸਾ ਕੀਤਾ ਕਿ ਪਾਕਿਸਤਾਨ ਦੇ ਇਰਾਦਿਆਂ ਦਾ ਦੁਨੀਆ ਅੱਗੇ ਭੇਤ ਖੋਲ੍ਹਣ ਲਈ ਸੱਤ ਵਫ਼ਦ ਵੱਖ ਵੱਖ ਮੁਲਕਾਂ ’ਚ ਭੇਜੇ ਜਾਣਗੇ ਜਿਨ੍ਹਾਂ ’ਚੋਂ ਇਕ ਵਫ਼ਦ ਦੀ ਅਗਵਾਈ ਸ਼ਸ਼ੀ ਥਰੂਰ ਕਰਨਗੇ ਅਤੇ ਉਨ੍ਹਾਂ ਸਰਕਾਰ ਵੱਲੋਂ ਭੇਜਿਆ ਸੱਦਾ ਪ੍ਰਵਾਨ ਕਰ ਲਿਆ ਹੈ। ਇਸ ਮਾਮਲੇ ’ਚ ਮੋੜ ਉਸ ਸਮੇਂ ਆਇਆ ਜਦੋਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਬਹੁ-ਪਾਰਟੀ ਵਫ਼ਦ ’ਚ ਸ਼ਮੂਲੀਅਤ ਲਈ ਸਰਕਾਰ ਕੋਲ ਚਾਰ ਨਾਮ ਆਨੰਦ ਸ਼ਰਮਾ, ਗੌਰਵ ਗੋਗੋਈ, ਸਈਦ ਨਾਸਿਰ ਹੁਸੈਨ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਮ ਭੇਜੇ ਹਨ। ਸੂਤਰਾਂ ਮੁਤਾਬਕ ਸਰਕਾਰ ਨੇ ਸ਼ੁੱਕਰਵਾਰ ਨੂੰ ਕਾਂਗਰਸ ਨਾਲ ਚਾਰ ਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ ਜਿਨ੍ਹਾਂ ’ਚ ਥਰੂਰ ਤੋਂ ਇਲਾਵਾ ਮਨੀਸ਼ ਤਿਵਾੜੀ, ਸਲਮਾਨ ਖੁਰਸ਼ੀਦ ਅਤੇ ਅਮਰ ਸਿੰਘ ਦੇ ਨਾਮ ਸ਼ਾਮਲ ਸਨ। ਤਿਵਾੜੀ ਤੇ ਖੁਰਸ਼ੀਦ ਨੇ ਦੋ ਵਫ਼ਦਾਂ ਦੀ ਅਗਵਾਈ ਕਰਨੀ ਸੀ, ਪਰ ਕਾਂਗਰਸ ਨੇ ਅੰਤਿਮ ਸੂਚੀ ਵਿਚ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ। ਜੈਰਾਮ ਰਮੇਸ਼ ਨੇ ‘ਐਕਸ’ ’ਤੇ ਲਿਖਿਆ, ‘‘ਕੱਲ੍ਹ ਸਵੇਰੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨਾਲ ਗੱਲਬਾਤ ਕੀਤੀ ਸੀ। ਸਰਕਾਰ ਨੇ ਪਾਕਿਸਤਾਨ ਦੀ ਪੁਸ਼ਤ-ਪਨਾਹੀ ਵਾਲੇ ਅਤਿਵਾਦ ਬਾਰੇ ਭਾਰਤ ਦੇ ਰੁਖ਼ ਨੂੰ ਸਮਝਾਉਣ ਲਈ ਵਿਦੇਸ਼ ਭੇਜੇ ਜਾਣ ਵਾਲੇ ਵਫ਼ਦਾਂ ਲਈ ਚਾਰ ਸੰਸਦ ਮੈਂਬਰਾਂ ਦੇ ਨਾਮ ਮੰਗੇ ਸਨ।’’ ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਕਾਂਗਰਸ ਵੱਲੋਂ ਚਾਰ ਨਾਮ ਦਿੱਤੇ ਗਏ। ਉਨ੍ਹਾਂ ਮੁਤਾਬਕ ਰਾਹੁਲ ਗਾਂਧੀ ਨੇ ਵਫ਼ਦ ਲਈ ਆਨੰਦ ਸ਼ਰਮਾ, ਗੌਰਵ ਗੋਗੋਈ, ਸਈਦ ਨਾਸਿਰ ਹੁਸੈਨ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਮ ਲਏ ਸਨ।

Advertisement

ਦੇਸ਼ ਹਿੱਤ ’ਚ ਮੈਂ ਪਿੱਛੇ ਨਹੀਂ ਹਟਾਂਗਾ: ਥਰੂਰ

ਕਾਂਗਰਸ ਪਾਰਟੀ ਵੱਲੋਂ ਭੇਜੀ ਸੂਚੀ ’ਚ ਸ਼ਸ਼ੀ ਥਰੂਰ ਦਾ ਨਾਮ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਸਰਕਾਰ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਥਰੂਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਭਾਰਤ ਸਰਕਾਰ ਵੱਲੋਂ ਪੰਜ ਪ੍ਰਮੁੱਖ ਦੇਸ਼ਾਂ ਵਿਚ ਸਰਬ-ਪਾਰਟੀ ਵਫ਼ਦ ਦੀ ਅਗਵਾਈ ਕਰਨ ਦਾ ਮੈਨੂੰ ਸਨਮਾਨ ਮਿਲਿਆ ਹੈ, ਤਾਂ ਜੋ ਹਾਲੀਆ ਘਟਨਾਵਾਂ ’ਤੇ ਸਾਡੇ ਦੇੇਸ਼ ਦਾ ਪੱਖ ਰੱਖਿਆ ਜਾ ਸਕੇ। ਜਦੋਂ ਗੱਲ ਦੇਸ਼ ਹਿੱਤ ਦੀ ਹੋਵੇ ਤੇ ਮੇਰੀਆਂ ਸੇਵਾਵਾਂ ਦੀ ਲੋੜ ਹੋਵੇ ਤਾਂ ਮੈਂ ਪਿੱਛੇ ਨਹੀਂ ਹਟਾਂਗਾ। ਜੈ ਹਿੰਦ!’’

 

Advertisement

ਵੱਖ ਵੱਖ ਮੁਲਕਾਂ ’ਚ ਜਾਣਗੇ ਸੱਤ ਸਰਬ-ਪਾਰਟੀ ਵਫ਼ਦ

ਨਵੀਂ ਦਿੱਲੀ: ਪਾਕਿਸਤਾਨ ਦੇ ਇਰਾਦਿਆਂ ਨੂੰ ਬੇਨਕਾਬ ਕਰਨ ਲਈ ਅਹਿਮ ਭਾਈਵਾਲ ਮੁਲਕਾਂ ’ਚ ਭੇਜੇ ਜਾਣ ਵਾਲੇ ਸੱਤ ਸਰਬ-ਪਾਰਟੀ ਵਫ਼ਦਾਂ ਦੀ ਅਗਵਾਈ ਕਰਨ ਵਾਲਿਆਂ ’ਚ ਕਾਂਗਰਸ ਦੇ ਸ਼ਸ਼ੀ ਥਰੂਰ, ਡੀਐੱਮਕੇ ਦੀ ਕਨੀਮੋੜੀ, ਭਾਜਪਾ ਦੇ ਰਵੀਸ਼ੰਕਰ ਪ੍ਰਸਾਦ ਤੇ ਬੈਜਯੰਤ ਪਾਂਡਾ, ਜੇਡੀਯੂ ਦੇ ਸੰਜੈ ਕੁਮਾਰ ਝਾਅ, ਐੱਨਸੀਪੀ (ਐੱਸਪੀ) ਦੀ ਸੁਪ੍ਰਿਆ ਸੂਲੇ ਅਤੇ ਸ਼ਿਵ ਸੈਨਾ ਦੇ ਸ੍ਰੀਕਾਂਤ ਸ਼ਿੰਦੇ ਸ਼ਾਮਲ ਹਨ। ਸੂਤਰਾਂ ਮੁਤਾਬਕ ਸ਼ਸ਼ੀ ਥਰੂਰ ਅਮਰੀਕਾ ’ਚ ਭਾਰਤੀ ਵਫ਼ਦ ਦੀ ਅਗਵਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਰਵੀਸ਼ੰਕਰ ਪ੍ਰਸਾਦ ਦੀ ਅਗਵਾਈ ਹੇਠਲਾ ਵਫ਼ਦ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਅਲਜੀਰੀਆ ਤੇ ਸੂਲੇ ਦੀ ਟੀਮ ਓਮਾਨ, ਕੀਨੀਆ, ਦੱਖਣੀ ਅਫ਼ਰੀਕਾ ਤੇ ਮਿਸਰ ਜਾਵੇਗੀ। ਸੰਜੈ ਕੁਮਾਰ ਝਾਅ ਦੀ ਅਗਵਾਈ ਹੇਠਲੇ ਵਫ਼ਦ ਵੱਲੋਂ ਜਪਾਨ, ਸਿੰਗਾਪੁਰ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਇੰਡੋਨੇਸ਼ੀਆ ਜਾਣ ਦੀ ਸੰਭਾਵਨਾ ਹੈ। ਹਰੇਕ ਵਫ਼ਦ ’ਚ ਛੇ ਤੋਂ ਸੱਤ ਸੰਸਦ ਮੈਂਬਰ ਹੋਣਗੇ ਅਤੇ ਉਹ ਚਾਰ ਤੋਂ ਪੰਜ ਮੁਲਕਾਂ ਦੇ ਦੌਰੇ ’ਤੇ ਜਾਣਗੇ। ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ’ਚ ਅਨੁਰਾਗ ਠਾਕੁਰ, ਅਪਰਾਜਿਤਾ ਸਾਰੰਗੀ, ਮਨੀਸ਼ ਤਿਵਾੜੀ, ਅਸਦ-ਉਦ-ਦੀਨ ਓਵਾਇਸੀ, ਅਮਰ ਸਿੰਘ, ਰਾਜੀਵ ਪ੍ਰਤਾਪ ਰੂਡੀ, ਸਾਮਿਕ ਭੱਟਾਚਾਰਿਆ, ਬ੍ਰਿਜ ਲਾਲ, ਸਰਫ਼ਰਾਜ਼ ਅਹਿਮਦ, ਪ੍ਰਿਯੰਕਾ ਚਤੁਰਵੇਦੀ, ਵਿਕਰਮਜੀਤ ਸਾਹਨੀ, ਸਸਮਿਤ ਪਾਤਰਾ ਅਤੇ ਭੁਬਨੇਸ਼ਵਰ ਕਾਲਿਤਾ ਇਨ੍ਹਾਂ ਵਫ਼ਦਾਂ ਦਾ ਹਿੱਸਾ ਹੋਣਗੇ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਆਗੂ ਸਲਮਾਨ ਖੁਰਸ਼ੀਦ, ਜੋ ਸੰਸਦ ਮੈਂਬਰ ਨਹੀਂ ਹਨ, ਨੂੰ ਝਾਅ ਦੀ ਅਗਵਾਈ ਹੇਠਲੇ ਵਫ਼ਦ ’ਚ ਸ਼ਾਮਲ ਕੀਤਾ ਗਿਆ ਹੈ। ਸਰਕਾਰ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਨੂੰ ਵੀ ਵਫ਼ਦਾਂ ’ਚ ਸ਼ਾਮਲ ਕੀਤਾ ਸੀ ਪਰ ਉਨ੍ਹਾਂ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਇਸ ਮੁਹਿੰਮ ਤੋਂ ਪਾਸਾ ਵੱਟ ਲਿਆ। -ਪੀਟੀਆਈ

‘ਕਾਂਗਰਸ ਵਿਚ ਹੋਣ’ ਅਤੇ ‘ਕਾਂਗਰਸ ਦਾ ਹੋਣ’ ਵਿਚ ਫ਼ਰਕ: ਜੈਰਾਮ

ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਜਦੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਸਾਨੂੰ ਸੱਦਿਆ ਸੀ ਤਾਂ ਉਦੋਂ ਸਾਨੂੰ ਇਹ ਨਹੀਂ ਪਤਾ ਸੀ ਕਿ ਸਰਕਾਰ ਨਾਮਜ਼ਦ ਮੈਂਬਰਾਂ ਦੀ ਆਪਣੀ ਹੀ ਸੂਚੀ ਜਾਰੀ ਕਰ ਦੇਵੇਗੀ। ਸਾਡੇ ਕੋਲੋਂ ਚਾਰ ਨਾਮ ਮੰਗੇ ਗਏ ਸਨ ਜੋ ਅਸੀਂ ਦੇ ਦਿੱਤੇ। ਇਨ੍ਹਾਂ ਨਾਵਾਂ ’ਚੋਂ ਬਾਹਰਲੇ ਨਾਮ ਐਲਾਨਣੇ ਸਰਾਸਰ ਬੇਈਮਾਨੀ ਤੇ ਧਿਆਨ ਭਟਕਾਉਣ ਵਾਲੀ ਸਿਆਸਤ ਹੈ।’ ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਵੱਲੋਂ ਦਿੱਤੇ ਨਾਵਾਂ ਨੂੰ ਨਹੀਂ ਬਦਲੇਗੀ। ਥਰੂਰ ਦੀ ਕਾਰਵਾਈ ਨੂੰ ਅਨੁਸ਼ਾਸਨਹੀਣਤਾ ਵਜੋਂ ਲੈਣ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, ‘‘ਮੈਂ ਸਿਰਫ਼ ਇਹੋ ਆਖਾਂਗਾ ਕਿ ਕਾਂਗਰਸ ਵਿੱਚ ਹੋਣ ਅਤੇ ਕਾਂਗਰਸ ਦਾ ਹੋਣ ਵਿੱਚ ਫ਼ਰਕ ਹੈ।’’ ਥਰੂਰ ਵੱਲੋਂ ਸੱਦਾ ਸਵੀਕਾਰ ਕੀਤੇ ਜਾਣ ਮਗਰੋਂ ਬਣੇ ਹਾਲਾਤ ਬਾਰੇ ਪੁੱਛੇ ਜਾਣ ’ਤੇ ਜੈਰਾਮ ਰਮੇਸ਼ ਨੇ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਹੁਣ ਕੀ ਹੋਵੇਗਾ। ਇਹ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਉਹ ਕੀ ਫ਼ੈਸਲਾ ਲੈਂਦੀ ਹੈ। ਅਸੀਂ ਕੀ ਕਰ ਸਕਦੇ ਹਾਂ? ਅਸੀਂ ਆਪਣੇ ਧਰਮ ਦੀ ਪਾਲਣਾ ਕੀਤੀ ਹੈ। ਸਰਕਾਰ ਦੇ ਇਰਾਦੇ ਬੇਈਮਾਨ ਹਨ।’’

Advertisement