ਥਰਮਲ ਦੇ ਮੁੱਖ ਗੇਟ ’ਤੇ ਠੇਕਾ ਮੁਲਾਜ਼ਮ ਟਰੱਕ ਹੇਠ ਆਇਆ
ਪਵਨ ਗੋਇਲ
ਭੁੱਚੋ ਮੰਡੀ, 14 ਜਨਵਰੀ
ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਬੁਆਇਲਰ ਮੈਂਟੀਨੈਂਸ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮ ਕੁਲਦੀਪ ਸਿੰਘ ਪੰਨੂ ਦੀ ਥਰਮਲ ਦੇ ਮੁੱਖ ਗੇਟ ਅੱਗੇ ਟਰੱਕ ਹੇਠ ਆ ਜਾਣ ਕਾਰਨ ਸੱਜੀ ਲੱਤ ਬੁਰੀ ਤਰ੍ਹਾਂ ਨੁਕਸਾਨੀ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਆਦੇਸ਼ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਈ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਬੀਤੀ ਰਾਤ ਨੌਂ ਵਜੇ ਆਪਣੀ ਡਿਊਟੀ ਖ਼ਤਮ ਕਰ ਕੇ ਘਰ ਵਾਪਸ ਜਾ ਰਿਹਾ ਸੀ। ਉਹ ਰੁਜ਼ਗਾਰ ਲਈ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਲੋਹਕਾ ਤੋਂ ਆ ਕੇ ਲਹਿਰਾ ਮੁਹੱਬਤ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਥਰਮਲ ਦੀਆਂ ਜਥੇਬੰਦੀਆਂ ਐਂਪਲਾਈਜ਼ ਫੈਡਰੇਸ਼ਨ (ਚਾਹਲ) ਦੇ ਪ੍ਰਧਾਨ ਬਲਜੀਤ ਸਿੰਘ ਬਰਾੜ, ਜਨਰਲ ਸਕੱਤਰ ਰਜਿੰਦਰ ਸਿੰਘ ਨਿੰਮਾ ਅਤੇ ਜੀਐਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਪ੍ਰਧਾਨ ਜਗਰੂਪ ਸਿੰਘ ਅਤੇ ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਇਹ ਹਾਦਸਾ ਪਾਵਰਕੌਮ ਦੇ ਪ੍ਰਬੰਧਕਾਂ ਦੀ ਅਣਦੇਖੀ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਥਰਮਲ ਦੇ ਮੁੱਖ ਗੇਟ ਤੋਂ ਥਰਮਲ ਦੀ ਸੁਆਹ ਦੇ ਭਰੇ ਟਰੱਕ ਲੰਘਾਏ ਜਾ ਰਹੇ ਹਨ ਅਤੇ ਇਸੇ ਗੇਟ ਤੋਂ ਹੀ ਡਿਊਟੀ ਦੇਣ ਵਾਲੇ ਮੁਲਾਜ਼ਮ ਲੰਘਦੇ ਹਨ। ਸੁਆਹ ਉੱਡਣ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਲ ਆਉਂਦੀ ਹੈ। ਉਨ੍ਹਾਂ ਵੀਨਸ ਕੰਪਨੀ ਦੇ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਉਸ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਇਸ ਸਬੰਧੀ ਵੀਨਸ ਕੰਪਨੀ ਦੇ ਸੁਪਰਵਾਈਜ਼ਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਈਐੱਸਆਈ ਸਹੂਲਤ ਤਹਿਤ ਇਲਾਜ ਕਰਵਾਇਆ ਜਾਵੇਗਾ। ਪਰਿਵਾਰ ਦੇ ਗੁਜ਼ਾਰੇ ਲਈ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੇ ਮੈਡੀਕਲ ਫਿਟਨੈੱਸ ਵਿੱਚ ਇਹ ਮੁਲਾਜ਼ਮ ਯੋਗ ਨਹੀਂ ਹੋਵੇਗਾ ਤਾਂ ਕੰਪਨੀ ਇਸ ਮੁਲਾਜ਼ਮ ਦੀ ਪੈਨਸ਼ਨ ਲਾ ਸਕਦੀ ਹੈ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ। ਉਨ੍ਹਾਂ ਥਰਮਲ ਦੇ ਮੁੱਖ ਗੇਟ ਤੋਂ ਟਰੱਕ ਅਤੇ ਮੁਲਾਜ਼ਮਾਂ ਦੇ ਲੰਘਣ ਨੂੰ ਵੀ ਖ਼ਤਰਨਾਕ ਦੱਸਿਆ।