ਥਰਮਲ ਕਾਮਿਆਂ ਵੱਲੋਂ ਰੋਸ ਰੈਲੀ
ਘਨੌਲੀ: ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਅਧੀਨ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਨੇ ਅੱਜ ਆਪਣੀਆਂ ਉਜਰਤਾਂ ਵਿੱਚ ਵਾਧਾ ਨਾ ਹੋਣ ਕਾਰਨ ਥਰਮਲ ਪਲਾਂਟ ਦੇ ਮੇਨ ਗੇਟ ਅੱਗੇ ਰੋਸ ਰੈਲੀ ਕਰ ਕੇ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁੁਲਾਰਿਆਂ ਨੇ ਰੋਸ ਪ੍ਰਗਟਾਇਆ ਕਿ ਲੰਬੇ ਸਮੇਂ ਤੋਂ ਠੇਕੇਦਾਰੀ ਅਧੀਨ ਥਰਮਲ ਪਲਾਂਟ ਅੰਦਰ ਕੰਮ ਕਰਦੇ ਆ ਰਹੇ ਕਾਮਿਆਂ ਨੂੰ ਨਾ ਤਾਂ ਪੱਕਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਵਾਜ਼ਬ ਉਜਰਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਰੋਸ ਜ਼ਾਹਿਰ ਕੀਤਾ ਕਿ ਥਰਮਲ ਪਲਾਂਟ ਦੀਆਂ ਕਾਲੋਨੀਆਂ ਅੰਦਰ ਮੁਲਾਜ਼ਮਾਂ ਦੀ ਰਿਹਾਇਸ਼ ਨਾ ਹੋਣ ਕਾਰਨ ਸਰਕਾਰੀ ਕੁਆਰਟਰ ਖੰਡਰ ਤਾਂ ਬਣਦੇ ਜਾ ਰਹੇ ਹਨ, ਪਰ ਇਹ ਠੇਕੇਦਾਰੀ ਸਿਸਟਮ ਅਧੀਨ ਕਿਰਤੀਆਂ ਨੂੰ ਰਿਹਾਇਸ਼ ਲਈ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਿਰਤੀਆਂ ਨੂੰ ਪਾਵਰਕੌਮ ਵਿੱਚ ਪੱਕਾ ਕੀਤਾ ਜਾਵੇ ਤੇ ਕੁਆਰਟਰ ਅਲਾਟ ਕੀਤੇ ਜਾਣ। -ਪੱਤਰ ਪ੍ਰੇਰਕ
ਨਸ਼ੀਲੇ ਪਦਾਰਥਾਂ ਸਣੇ ਦੋ ਗ੍ਰਿਫ਼ਤਾਰ
ਐੱਸਏਐੱਸ ਨਗਰ (ਮੁਹਾਲੀ): ਮੁਹਾਲੀ ਦੀ ਥਾਣਾ ਫੇਜ਼-11 ਦੇ ਐੱਸਐੱਚਓ ਇੰਸਪੈਕਟਰ ਅਮਨ ਦੀ ਅਗਵਾਈ ਵਾਲੀ ਟੀਮ ਨੇ ਵੱਲੋਂ 25.95 ਗ੍ਰਾਮ ਹੈਰੋਇਨ ਸਣੇ ਮੁਲਜ਼ਮਾਂ ਲਖਵਿੰਦਰ ਸਿੰਘ ਅਤੇ ਸੂਰਜ ਸਿੰਘ ਵਾਸੀ ਸਹਾਰਨਾ (ਜ਼ਿਲ੍ਹਾ ਮਾਨਸਾ) ਨੂੰ ਕਾਬੂ ਕਰ ਕੇ ਫੇਜ਼-11 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਲਖਵਿੰਦਰ ਤੋਂ ਕੀਤੀ ਪੜਤਾਲ ਦੇ ਆਧਾਰ ’ਤੇ ਸੰਦੀਪ ਸਿੰਘ ਬਿੱਲਾ ਵਾਸੀ ਪਿੰਡ ਖਿਲਚੀਆ (ਫ਼ਿਰੋਜ਼ਪੁਰ) ਦੇ ਘਰ ਛਾਪਾ ਮਾਰ ਕੇ 18.61 ਗ੍ਰਾਮ ਨਸ਼ੀਲਾ ਪਾਊਡਰ ਤੇ 4,78,100 ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। -ਪੱਤਰ ਪ੍ਰੇਰਕ
‘ਆਪ’ ਅੱਜ ਚੁੱਕੇਗੀ ਧਰਨਾ
ਨੰਗਲ: ਹਰਿਆਣਾ ਨੂੰ ਪਾਣੀ ਨਾ ਦੇਣ ਦੇ ਮੁੱਦੇ ਦੇ ‘ਆਪ’ ਵਰਕਰਾਂ ਵੱਲੋਂ ਬੀਬੀਐੱਮਬੀ ਖਿਲਾਫ ਪਹਿਲੀ ਮਈ ਨੂੰ ਨੰਗਲ ਡੈਮ ’ਤੇ ਲਗਾਇਆ ਧਰਨਾ 21 ਮਈ ਨੂੰ ਚੁੱਕਿਆ ਜਾਵੇਗਾ। ਭਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਰੈਲੀ ਨੂੰ ਸਬੰਧੋਨ ਕਰਨਗੇ। ਟੈਕਨੀਕਲ ਕਮੇਟੀ ਬੀਬੀਐੱਮਬੀ ਮੁਤਾਬਕ ਅੱਜ ਰਾਤ ਨੰਗਲ ਡੈਮ ਤੋਂ ਵਾਧੂ ਪਾਣੀ ਛੱਡਿਆ ਜਾਵੇਗਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਪਿੰਡਾਂ ਨੂੰ ਨਹਿਰਾਂ ਦੀ ਪਾਣੀ ਦੇਣਗੇ ਜਿਸ ਨਾਲ ਕਿਸਾਨਾਂ ਦੀ ਫ਼ਸਲਾਂ ਦਾ ਭਰਪੂਰ ਲਾਭ ਲੈਣਗੇ। -ਪੱਤਰ ਪ੍ਰੇਰਕ