ਤੱਪੜ ਹਰਨੀਆਂ ਏਪੀ ਰਿਫਾਇਨਰੀ ’ਚ ਪਰਾਲੀ ਨੂੰ ਅੱਗ ਲੱਗੀ
ਇੱਥੇ ਸਿੱਧਵਾਂ ਬੇਟ ਰੋਡ ’ਤੇ ਪਿੰਡ ਤੱਪੜ ਹਰਨੀਆਂ ਵਿੱਚ ਅੱਜ ਏਪੀ ਰਿਫਾਇਨਰੀ ਵਿੱਚ ਪਈ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਰਿਫਾਇਨਰੀ ’ਚ ਕੰਮ ਕਰਨ ਵਾਲੇ ਕਾਮਿਆਂ ਨੇ ਜਦੋਂ ਫੈਕਟਰੀ ’ਚ ਪਈ ਪਰਾਲੀ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਭਾਜੜ ਮੱਚ ਗਈ ਤੇ ਜਦੋਂ ਤੱਕ ਕੋਈ ਕੁਝ ਕਰ ਸਕਦਾ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ।
ਅੱਗ ਲੱਗਣ ਦੇ ਕਾਰਨਾ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਦੇ ਆਲੇ-ਦੁਲਾਲੇ ਕਈ ਪਿੰਡਾਂ ਵਿੱਚ ਧੂੰਆ ਫੈਲ ਗਿਆ। ਸੜਕ ’ਤੋਂ ਲੰਘਣ ਵਾਲਿਆਂ ਨੂੰ ਦਿਖਣਾ ਬੰਦ ਹੋ ਗਿਆ ਤੇ ਉਨ੍ਹਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਨਗਰ ਕੌਂਸਲ ਦਾ ਅੱਗ ਬੁਝਾਊ ਅਮਲਾ 6 ਗੱਡੀਆਂ ਲੈ ਕੇ ਰਿਫਾਇਨਰੀ ’ਚ ਪਹੁੰਚਿਆ ਤੇ ਅੱਗ ਬੁਝਾਉਣ ਦੇ ਕਾਰਜਾਂ ਵਿੱਚ ਲੱਗ ਗਿਆ। ਪਰਾਲੀ ਸੁੱਕੀ ਹੋਣ ਕਾਰਨ ਅੱਗ ਵੱਧਦੀ ਗਈ ਤੇ ਅਮਲੇ ਨੂੰ ਅੱਗ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ’ਚ ਕਾਫ਼ੀ ਮਾਤਰਾ ਵਿੱਚ ਪਰਾਲੀ ਦੇ ਵੱਡੇ ਅੰਬਾਰ ਲੱਗੇ ਹੋਏ ਸਨ, ਜੋ ਸਾਰੇ ਹੀ ਅੱਗ ਦੀ ਲਪੇਟ ਵਿੱਚ ਆ ਗਏ। ਹਵਾ ਤੇਜ਼ ਹੋਣ ਕਾਰਨ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਸੀ ਪਾਇਆ ਜਾ ਸਕਿਆ ਤੇ ਖ਼ਬਰ ਲਿਖੇ ਜਾਣ ਤੱਕ ਵੀ ਅੱਗ ਬਝਾਊ ਅਮਲੇ ਵੱਲੋਂ ਸਿਰਤੋੜ ਯਤਨ ਜਾਰੀ ਸਨ।