ਤੂੰਬੇ ਅਲਗੋਜ਼ੇ ਦਾ ਗਵੱਈਆ ਰਾਗੀ ਨੂਰਦੀਨ ਮਾਲੇਰਕੋਟਲੇ ਵਾਲਾ
ਹਰਦਿਆਲ ਸਿੰਘ ਥੂਹੀ
ਤੂੰਬੇ ਅਲਗੋਜ਼ੇ ਦੀ ਗਾਇਕੀ ਨੂੰ ਮਾਲੇਰਕੋਟਲੇ ਸ਼ਹਿਰ ਦੀ ਮਹੱਤਵਪੂਰਨ ਦੇਣ ਹੈ। ਦੇੇਸ਼ ਦੀ ਵੰਡ ਤੋਂ ਬਾਅਦ ਇਹ ਸ਼ਹਿਰ ਇਸ ਗਾਇਕੀ ਨਾਲ ਸਬੰਧਤ ਗਾਇਕਾਂ ਦਾ ਕੇਂਦਰ (ਸਕੂਲ) ਬਣ ਗਿਆ। ਇਸ ਕੇਂਦਰ ਦੀ ਕੇਂਦਰੀ ਧੁਰੀ ਸੀ ਉਸਤਾਦ ਇਬਰਾਹੀਮ ਘੁੱਦੂ। ਘੁੱਦੂ ਦੇ ਅਨੇਕਾਂ ਸ਼ਾਗਿਰਦਾਂ ਵਿਚੋਂ ਇਕ ਜਾਣਿਆ ਪਛਾਣਿਆ ਨਾਂ ਸੀ ਨੂਰਦੀਨ।
ਨੂਰਦੀਨ ਦਾ ਜਨਮ 1935-36 ਵਿਚ ਮਾਲੇਰਕੋਟਲਾ ਵਿਖੇ ਪਿਤਾ ਰਹਿਮਦੀਨ ਤੇ ਮਾਂ ਰਹਿਮੀ ਦੇ ਘਰ ਹੋਇਆ। ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਬਾਬਾ ਬੋਹੜ ਇਬਰਾਹੀਮ ਘੁੱਦੂ ਉਸ ਦਾ ਚਾਚਾ ਸੀ। ਅੱਠ ਭੈਣ ਭਰਾਵਾਂ ਵਿਚੋਂ ਨੂਰਦੀਨ ਸਭ ਤੋਂ ਵੱਡਾ ਸੀ। ਉਹ ਜਾਤ ਦਾ ਕੰਬੋਅ ਸੀ ਤੇ ਪਿਤਾ ਦਿਹਾੜੀ ਕਰਕੇ ਕਬੀਲਦਾਰੀ ਚਲਾਉਂਦਾ ਸੀ। ਘਰ ਵਿਚ ਗ਼ਰੀਬੀ ਸੀ। ਅਜਿਹੇ ਹਾਲਾਤ ਵਿਚ ਨੂਰਦੀਨ ਸਕੂਲ ਦਾ ਮੂੰਹ ਨਹੀਂ ਦੇਖ ਸਕਿਆ। ਗਾਉਣ ਦੀ ਚੇਟਕ ਉਸ ਨੂੰ ਆਪਣੇ ਚਾਚੇ ਘੁੱਦੂ ਤੋਂ ਲੱਗੀ ਕਿਉਂਕਿ ਘੁੱਦੂ ਉਸ ਸਮੇਂ ਚੋਟੀ ਦਾ ਗਵੱਈਆ ਸੀ। ਦੇਸ਼ ਦੀ ਵੰਡ ਵੇਲੇ ਘੁੱਦੂ ਦੇ ਸਾਥੀ ਗਾਇਕ ਪਾਕਿਸਤਾਨ ਚਲੇ ਗਏ। ਉਸ ਨੂੰ ਨਵੇਂ ਸਾਥੀਆਂ ਦੀ ਲੋੜ ਸੀ। ਏਧਰੋਂ ਨੂਰਦੀਨ ਵੀ ਬਚਪਨ ਤੋਂ ਜਵਾਨੀ ਵਿਚ ਪੈਰ ਧਰ ਰਿਹਾ ਸੀ। ਗਾਇਕੀ ਵੱਲ ਉਸ ਦੇ ਸ਼ੌਕ ਨੂੰ ਦੇਖ ਕੇ ਘੁੱਦੂ ਨੇ ਉਸ ਨੂੰ ‘ਗੌਣ’ ਸਿਖਾਉਣਾ ਸ਼ੁਰੂ ਕਰ ਦਿੱਤਾ। ਇਸ ਗਰੁੱਪ ਵਿਚ ਮਾਲੇਰਕੋਟਲੇ ਦਾ ਸੁਲੇਮਾਨ ਅਤੇ ਸੋਹੀਆਂ ਦਾ ਦੁੱਲਾ ਘੁਮਿਆਰ ‘ਜੋੜੀ’ ਵਾਦਕ ਵਜੋਂ ਸਮੇਂ ਸਮੇਂ ‘ਤੇ ਸ਼ਾਮਲ ਰਹੇ। ਲੰਬਾ ਸਮਾਂ ਨੂਰਦੀਨ ਨੇ ਆਪਣੇ ਚਾਚੇ ਦੀ ਅਗਵਾਈ ਹੇਠ ਪਾਛੂ ਵਜੋਂ ਗਾਇਆ ਅਤੇ ਇਸ ਗਾਇਕੀ ਦੀਆਂ ਬਾਰੀਕੀਆਂ ਬਾਰੇ ਜਾਣਿਆ। ਲਗਾਤਾਰ ਮਿਹਨਤ ਕਰਕੇ ਬਹੁਤ ਸਾਰਾ ‘ਗੌਣ’ ਯਾਦ ਕੀਤਾ। ਇਸ ਤਰ੍ਹਾਂ ਆਪਣੇ ਗੁਰੂ ਚਾਚੇ ਦੇ ਅਸ਼ੀਰਵਾਦ, ਆਪਣੀ ਮਿਹਨਤ, ਦ੍ਰਿੜ ਇਰਾਦੇ ਅਤੇ ਲਗਨ ਸਦਕਾ ਉਹ ਇਕ ਨਾਮੀ ਗਵੱਈਏ ਵਜੋਂ ਸਥਾਪਿਤ ਹੋ ਗਿਆ। ਬਾਅਦ ਵਿਚ ਉਸ ਨੇ ਆਪਣਾ ਵੱਖਰਾ ਗਰੁੱਪ ਬਣਾ ਕੇ ਆਪ ਆਗੂ ਬਣ ਕੇ ਗਾਉਣਾ ਸ਼ੁਰੂ ਕਰ ਦਿੱਤਾ। ਇਸ ਗਰੁੱਪ ਵਿਚ ਸ਼ਾਦੀ ਮਾਲੇਰਕੋਟਲਾ ਤੂੰਬੇ ‘ਤੇ ਅਤੇ ਧੰਨਾ ਬੜੂੰਦੀ ਵਾਲਾ ਜੋੜੀ ‘ਤੇ ਸ਼ਾਮਲ ਸਨ। ਬਾਅਦ ਵਿਚ ਹਬੀਬ ਮਾਲੇਰਕੋਟਲਾ ਤੂੰਬੇ ‘ਤੇ ਅਤੇ ਸੁੱਚਾ ਸ਼ੇਰ ਮਾਜਰੇ ਵਾਲਾ ਜੋੜੀ ‘ਤੇ ਉਸ ਦਾ ਸਾਥ ਨਿਭਾਉਂਦੇ ਰਹੇ।
ਪੰਜਾਬ ਦੇ ਸਾਰੇ ਪ੍ਰਸਿੱਧ ਮੇਲਿਆਂ ਜਰਗ, ਛਪਾਰ, ਜਗਰਾਵਾਂ ਦੀ ਰੋਸ਼ਨੀ, ਮੁਕਤਸਰ ਦੀ ਮਾਘੀ, ਸੁਨਾਮ ਦੀ ਮੰਡੀ, ਜੈਤੋਂ ਦੀ ਮੰਡੀ, ਸੰਗਰੂਰ ਦੇ ਦੁਸਹਿਰੇ, ਸੰਢੌਰੇ ਤੇ ਘੜਾਮ ਦੇ ਉਰਸ ਆਦਿ ਥਾਵਾਂ ‘ਤੇ ਉਹ ਹਰ ਸਾਲ ਬਿਨਾਂ ਨਾਗਾ ਪਹੁੰਚਦੇ ਸਨ। ਪੰਜਾਬ ਤੋਂ ਬਾਹਰ ਨੈਣਾਂ ਦੇਵੀ, ਪਹੋਏ ਤੇ ਕਪਾਲ ਮੋਚਨ ਜਿਹੇ ਧਾਰਮਿਕ ਮੇਲਿਆਂ ਨੂੰ ਵੀ ਇਨ੍ਹਾਂ ਦੇ ਚਹੇਤੇ ਸਰੋਤੇ ਸਾਲ ਭਰ ਉਡੀਕਦੇ ਰਹਿੰਦੇ ਸਨ। ਏਧਰਲੇ ਪੰਜਾਬ ਤੋਂ ਇਲਾਵਾ ਉਹ ਆਪਣੇ ਚਾਚੇ ਘੁੱਦੂ ਨਾਲ ਓਧਰਲੇ ਪੰਜਾਬ (ਪਾਕਿਸਤਾਨ) ਦੇ ਪ੍ਰਸਿੱਧ ਸ਼ਹਿਰਾਂ ਲਾਹੌਰ, ਗੁੱਜਰਾਂਵਾਲਾ, ਲਾਇਲਪੁਰ, ਸਰਗੋਧੇ ਆਦਿ ਵਿਖੇ ਵੀ ਆਪਣੀ ਕਲਾ ਦਾ ਮੁਜ਼ਾਹਰਾ ਕਰ ਚੁੱਕਾ ਹੈ। ਮੇਲਿਆਂ ਤੋਂ ਇਲਾਵਾ ਕਿਸੇ ਸਮੇਂ ਇਨ੍ਹਾਂ ਕੋਲ ਸਾਈ ਵਾਲੇ ਅਖਾੜਿਆਂ ਦੀ ਭਰਮਾਰ ਹੁੰਦੀ ਸੀ। ਕਈ ਵਾਰ ਇਕ ਦਿਨ ਵਿਚ ਦੋ-ਦੋ, ਤਿੰਨ-ਤਿੰਨ ਪ੍ਰੋਗਰਾਮ ਵੀ ਹੁੰਦੇ ਸਨ। ਇਨ੍ਹਾਂ ਦੇ ਪ੍ਰੋਗਰਾਮ ਵਿਆਹ-ਸ਼ਾਦੀ ਦੀ ਖੁਸ਼ੀ ਨੂੰ ਦੁੱਗਣੀ ਤਿੱਗਣੀ ਕਰ ਦਿੰਦੇ ਸਨ। ਉਸ ਵੇਲੇ ਇਹ ਅਖਾੜਾ ਲੁਆਉਣ ਵਾਲੇ ਤੋਂ ਇਕ ਸੋਨੇ ਦੀ ਮੁੰਦਰੀ ਤੇ ਆਉਣ ਜਾਣ ਦਾ ਕਿਰਾਇਆ ਲੈਂਦੇ ਸਨ। ਉੱਪਰੋਂ ਜੋ ਵੀ ਇਨਾਮ ਬਣਦੇ ਸਨ, ਉਹ ਇਨ੍ਹਾਂ ਦੇ ਹੀ ਹੁੰਦੇ ਸਨ।
ਨੂਰਦੀਨ ਹੁਰੀਂ ਸਮੇਂ ਦੀ ਲੋੜ ਅਤੇ ਸਰੋਤਿਆਂ ਦੀ ਮੰਗ ਅਨੁਸਾਰ ਹਰ ਤਰ੍ਹਾਂ ਦਾ ਗੌਣ ਗਾ ਸਕਣ ਦੀ ਸਮਰੱਥਾ ਰੱਖਦੇ ਸਨ। ਹੀਰ, ਸੱਸੀ, ਸੋਹਣੀ, ਮਲਕੀ, ਢੋਲ ਸੰਮੀ, ਮਿਰਜ਼ਾ, ਪੂਰਨ, ਕੌਲਾਂ, ਸ਼ਾਹ ਦਹੂਦ, ਸ਼ਾਹ ਬਹਿਰਾਮ, ਰਾਜਾ ਹਰੀਸ਼ ਚੰਦਰ, ਦੁੱਲਾ ਭੱਟੀ, ਜੈਮਲ ਫੱਤਾ, ਜਿਉਣਾ ਮੌੜ ਆਦਿ ਗਾਥਾਵਾਂ ਉਹ ਗਾਉਂਦੇ ਸਨ। ‘ਹੀਰ’ ਦੀਆਂ ਕਲੀਆਂ ਉਹ ਹਜ਼ੂਰਾ ਸਿੰਘ ਬੁਟਾਹਰੀ ਵਾਲੇ ਦੀਆਂ ਹੀ ਗਾਉਂਦੇ ਸਨ। ‘ਪੂਰਨ’ ਕਰਮ ਸਿੰਘ ਟੂਸਿਆਂ ਵਾਲੇ ਦਾ, ‘ਜਿਉਣਾ ਮੌੜ’ ਤੇ ‘ਮਲਕੀ’ ਮੁਹੰਮਦੀ ਰੌਂਤ ਨਕੋਦਰ ਵਾਲੇ ਦੀਆਂ ਲੜੀਵਾਰ ਰਚਨਾਵਾਂ ਇਨ੍ਹਾਂ ਵੱਲੋਂ ਗਾਈਆਂ ਜਾਂਦੀਆਂ ਸਨ। ਬਹੁਤ ਸਾਰੀਆਂ ਰਚਨਾਵਾਂ ਉਹ ਸਦਰਦੀਨ ਜਗਰਾਵਾਂ, ਹਸ਼ਮਤ ਸ਼ਾਹ ਹਸ਼ਮਤੀ ਤੇ ਫਰਜੰਦ ਅਲੀ ਦੀਆਂ ਲਿਖੀਆਂ ਹੋਈਆਂ ਵੀ ਗਾਉਂਦੇ ਸਨ। ਕੁਝ ਨਮੂਨੇ ਹਨ:
* ਰਾਹੀਆ ਵੇ ਰਾਹੇ ਜਾਂਦਿਆ, ਜਾਣਾ ਕਿਹੜੇ ਦੇਸ।
ਕੀਹਨੂੰ ਫਿਰਦੈਂ ਭਾਲਦਾ ਘੋੜਾ ਵੇ ਤੇਰੇ ਹੇਠ।
* ਸੁੱਤੀ ਰਹਿ ਗਈ ਮੈਂ ਪਿਆਰ ਦੇ ਭੁਲੇਖੇ
ਸੁੱਤੀ ਨੂੰ ਲੈ ਗੇ ਚੋਰ ਲੁੱਟ ਕੇ।
* ਵਾਚਿਆ ਖ਼ਤ ਭਰਾ ਦਾ, ਜਿਉਣੇ ਜੱਟ ਨੇ ਮਾਰੀ ਧਾਹ।
ਉੱਚੀਆਂ ਕੂਕਾਂ ਮਾਰਦਾ ਬੁਰੇ ਭਾਈਆਂ ਦੇ ਦਾਹ।
* ਮੈਂ ਵਰਜੇਂਦੀ ਤੁਧ ਨੂੰ ਨਾ ਸੌਂ ਹੇਠਾਂ ਜੰਡ।
ਕਾਲੇ ਧਾੜੇ ਮਾਰ ਕੇ ਨਾ ਰਹੀਏ ਬਗ਼ਾਨੀ ਰੰਜ।
* ਵੰਝਲ ਲਾਸ਼ ਪਛਾਣੀ ਡਿਗ ਡਿਗ ਪੈਂਦਾ ਏ।
ਧਾਹ ਹਿਜ਼ਰ ਦੀ ਮਾਰੀ ਹਉਕੇ ਲੈਂਦਾ ਏ।
ਵੀਹਵੀਂ ਸਦੀ ਦੇ ਛੇਵੇਂ ਅਤੇ ਸੱਤਵੇਂ ਦਹਾਕੇ ਵਿਚ ਨੂਰਦੀਨ ਹੁਰਾਂ ਦੀ ਪੂਰੀ ਚੜ੍ਹਾਈ ਸੀ। ਇਕੋ ਜਿਹੇ ਸਫ਼ੈਦ ਪਹਿਰਾਵੇ ਵਿਚ ਉਹ ਤੇ ਫੰਮਣ ‘ਜੋੜੀ ਵਾਲਾ’ ਜਦੋਂ ਘੁੱਦੂ ਦੀ ਅਗਵਾਈ ਹੇਠ ਅਖਾੜੇ ਵਿਚ ਖੜ੍ਹਦੇ ਤਾਂ ਸਰੋਤੇ ਅਸ਼-ਅਸ਼ ਕਰ ਉੱਠਦੇ ਅਤੇ ਰੁਪਈਆਂ ਦਾ ਮੀਂਹ ਵਰ੍ਹਾ ਦਿੰਦੇ ਸਨ। ਬੇਅੰਤ ਮਾਇਆ ਅਤੇ ਸ਼ੁਹਰਤ ਕਮਾਈ, ਪਰ ਮਾਇਆ ਦੀ ਕਦਰ ਨਾ ਕਰਨ ਕਾਰਨ ਉਹ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨਾ ਸੁਧਾਰ ਸਕਿਆ।
ਨੂਰਦੀਨ ਦਾ ਨਿਕਾਹ 1956 ਵਿਚ ਮਾਲੇਰਕੋਟਲਾ ਵਿਖੇ ਉਨ੍ਹਾਂ ਦੇ ਗੁਆਂਢ ਵਿਚ ਹੀ ਬੀਬੀ ਸਲਮਾ ਬੇਗ਼ਮ ਨਾਲ ਹੋਇਆ। ਜਿਸ ਤੋਂ ਉਸ ਦੇ ਚਾਰ ਬੱਚੇ ਹੋਏ। ਇਨ੍ਹਾਂ ਵਿਚੋਂ ਕੋਈ ਵੀ ਪੜ੍ਹ ਨਹੀਂ ਸਕਿਆ। ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਹੇ ਹਨ। ਬਹੱਤਰ ਸਾਲ ਦੀ ਉਮਰ ਤੱਕ ਪਹੁੰਚ ਕੇ ਵੀ ਉਸ ਦੀ ਆਵਾਜ਼ ਦਮਦਾਰ ਸੀ ਤੇ ਉਹ ਪ੍ਰੋਗਰਾਮਾਂ ‘ਤੇ ਜਾਂਦਾ ਸੀ। 18 ਦਸੰਬਰ 2008 ਨੂੰ ਵੀ ਉਹ ਇਕ ਪ੍ਰੋਗਰਾਮ ‘ਤੇ ਜਾਣ ਲਈ ਸਵੇਰੇ ਘਰੋਂ ਚੱਲਿਆ। ਅਜੇ ਸੌ ਕੁ ਗਜ਼ ਦੀ ਦੂਰੀ ‘ਤੇ ਹੀ ਗਿਆ ਹੋਣਾ ਕਿ ਚੱਕਰ ਖਾ ਕੇ ਡਿੱਗ ਪਿਆ। ਇਸ ਤਰ੍ਹਾਂ ਕੁਝ ਸਮੇਂ ਵਿਚ ਹੀ ਉਸ ਦਾ ‘ਭੌਰ’ ਉਡਾਰੀ ਮਾਰ ਗਿਆ।
ਸੰਪਰਕ: 84271-00341