ਤੁਹਾਡੇ ਵਰਗਿਆਂ ਕਾਰਨ ਭਾਰਤੀ ਪਾਸਪੋਰਟ ਦੀ ਵੁੱਕਤ ਘਟੀ: ਸੁਪਰੀਮ ਕੋਰਟ
ਨਵੀਂ ਦਿੱਲੀ, 16 ਜੂਨ
ਸੁਪਰੀਮ ਕੋਰਟ ਨੇ ਇੱਕ ਵਿਅਕਤੀ ਨੂੰ ‘ਡੰਕੀ ਰੂਟ’ ਰਾਹੀਂ ਅਮਰੀਕਾ ਭੇਜਣ ਦਾ ਵਾਅਦਾ ਕਰਕੇ ਉਸ ਨਾਲ ਕਥਿਤ ਧੋਖਾਧੜੀ ਕਰਨ ਦੇ ਮਾਮਲੇ ’ਚ ਏਜੰਟ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਅੱਜ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਅਜਿਹੇ ਲੋਕ ਭਾਰਤੀ ਪਾਸਪੋਰਟ ਦਾ ਅਕਸ ਖਰਾਬ ਕਰਦੇ ਹਨ। ਜਸਟਿਸ ਉੱਜਲ ਭੁਈਆਂ ਤੇ ਜਸਟਿਸ ਮਨਮੋਹਨ ਦੇ ਬੈਂਚ ਨੇ ਕਿਹਾ, ‘ਤੁਹਾਡੇ ਜਿਹੇ ਲੋਕਾਂ ਕਾਰਨ ਭਾਰਤੀ ਪਾਸਪੋਸਟ ਦੀ ਵੁੱਕਤ ਘਟਦੀ ਹੈ।’ ਮਾਮਲੇ ਦੇ ਤੱਥਾਂ ਦਾ ਹਵਾਲਾ ਦਿੰਦਿਆਂ ਬੈਂਚ ਨੇ ਕਿਹਾ ਕਿ ਮੁਲਜ਼ਮ ਨੇ ਨਾ ਸਿਰਫ਼ ਸਬੰਧਤ ਵਿਅਕਤੀ ਨੂੰ ਧੋਖਾ ਦਿੱਤਾ ਬਲਕਿ ਉਸ ਨੂੰ ਅਣਮਨੁੱਖੀ ਹਾਲਤਾਂ ’ਚ ਅਮਰੀਕਾ ਦੀ ਸਰਹੱਦ ਨਾਲ ਲਗਦੇ ਕਈ ਦੇਸ਼ਾਂ ਦੀ ਯਾਤਰਾ ਵੀ ਕਰਵਾਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋ ਜਾਵੇ। ਬੈਂਚ ਨੇ ਦੋਸ਼ਾਂ ਨੂੰ ਬਹੁਤ ਗੰਭੀਰ ਕਰਾਰ ਦਿੱਤਾ ਤੇ ਹਰਿਆਣਾ ਦੇ ਰਹਿਣ ਵਾਲੇ ਓਮ ਪ੍ਰਕਾਸ਼ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਫ਼ੈਸਲੇ ਖ਼ਿਲਾਫ਼ ਦਾਇਰ ਕੀਤੀ ਗਈ ਸੀ ਜਿਸ ’ਚ ਉਸ ਨੂੰ ਮਾਮਲੇ ’ਚ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਸਬੰਧੀ ਦਰਜ ਐੱਫਆਈਆਰ ’ਚ ਦੋਸ਼ ਲਾਇਆ ਗਿਆ ਹੈ ਕਿ ਪ੍ਰਕਾਸ਼ ਮੁੱਖ ਮੁਲਜ਼ਮ ਦਾ ਸਹਿਯੋਗੀ ਸੀ, ਜੋ ਏਜੰਟ ਵਜੋਂ ਕੰਮ ਕਰ ਰਿਹਾ ਸੀ ਅਤੇ ਉਸ ਨੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਉਹ 43 ਲੱਖ ਰੁਪਏ ਦਾ ਭੁਗਤਾਨ ਕਰਨ ’ਤੇ ਉਸ ਜਾਇਜ਼ ਢੰਗ ਨਾਲ ਅਮਰੀਕਾ ਭੇਜ ਦੇਵੇਗਾ। ਮੁੱਖ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਸਤੰਬਰ 2024 ’ਚ ਦੁਬਈ ਭੇਜਿਆ ਅਤੇ ਉੱਥੋਂ ਵੱਖ ਵੱਖ ਮੁਲਕਾਂ, ਫਿਰ ਪਨਾਮਾ ਦੇ ਜੰਗਲਾਂ ਤੇ ਫਿਰ ਮੈਕਸੀਕੋ ਭੇਜਿਆ। ਪਹਿਲੀ ਫਰਵਰੀ 2025 ਨੂੰ ਮੁੱਖ ਮੁਲਜ਼ਮ ਦੇ ਏਜੰਟ ਨੇ ਉਸ ਨੂੰ ਅਮਰੀਕੀ ਸਰਹੱਦ ਪਾਰ ਕਰਵਾ ਦਿੱਤੀ। -ਪੀਟੀਆਈ