ਤਿੰਨ ਲੱਖ ਠੱਗਣ ਦੇ ਦੋਸ਼ ਹੇਠ ਜੋਤਸ਼ੀ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੂਨ
ਦਿੱਲੀ ਪੁਲੀਸ ਨੇ ਇੱਕ ਜੋਤਸ਼ੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ ਜਿਸ ’ਤੇ ਇੱਕ ਮੁਟਿਆਰ ਤੋਂ ਤਿੰਨ ਲੱਖ ਰੁਪਏ ਠੱਗਣ ਦਾ ਦੋਸ਼ ਹੈ। ਸ਼ਿਕਾਇਤਕਰਤਾ ਨੇ ਐੱਨਸੀਆਰਪੀ ਪੋਰਟਲ ਰਾਹੀਂ ਉੱਤਰੀ ਜ਼ਿਲ੍ਹੇ ਦੇ ਪੀਐੱਸ ਸਾਈਬਰ ਵਿੱਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਇੰਸਟਾਗ੍ਰਾਮ ਰਾਹੀਂ ਜੋਤਸ਼ੀ ਬਾਰੇ ਪਤਾ ਲੱਗਿਆ। ਉਸ ਨੇ ਉਸ ਨਾਲ ਉਸ ਦੇ ਵਟਸਐਪ ਨੰਬਰ ਰਾਹੀਂ ਸੰਪਰਕ ਕੀਤਾ ਅਤੇ ਆਪਣੀ ਜ਼ਿੰਦਗੀ ਵਿਚਲੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਜੋਤਸ਼ੀ ਨੇ ਉਸ ਦੇ ਜੀਵਨ ਲਈ ਕੁਝ ਧਾਰਮਿਕ ਅਤੇ ਅਧਿਆਤਮਿਕ ਉਪਾਅ ਸੁਝਾਏ। ਉਸ ਨੇ ਉਪਾਅ ਕਰਨ ਲਈ ਆਪਣੇ ਬੈਂਕ ਖਾਤੇ ਵਿੱਚ ਲਗਪਗ 3 ਲੱਖ ਰੁਪਏ ਮੰਗਵਾ ਲਏ ਪਰ ਕੋਈ ਉਪਾਅ ਨਹੀਂ ਕੀਤਾ।
ਜਾਂਚ ਦੌਰਾਨ ਬੈਂਕ ਖਾਤਿਆਂ ਦੇ ਵੇਰਵੇ ਕਥਿਤ ਫੋਨ ਨੰਬਰਾਂ ਦਾ ਕਾਲ ਡਿਟੇਲ ਰਿਕਾਰਡ ਮੰਗਿਆ ਗਿਆ। ਪੈਸੇ ਦੀ ਜਾਂਚ ਕੀਤੀ ਗਈ ਅਤੇ ਹੋਰ ਤਕਨੀਕੀ ਵੇਰਵੇ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕੀਤੇ ਗਏ। ਸ਼ਿਕਾਇਤਕਰਤਾ ਵੱਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਰਾਜਸਥਾਨ ਦੇ ਜੈਪੁਰ ਵਿੱਚ ਸਥਿਤ ਵਿਦਿਆਧਰ ਨਗਰ, ਮਾਨਸਰੋਵਰ ਦੇ ਵੱਖ-ਵੱਖ ਸਥਾਨਾਂ ‘ਤੇ ਖਾਤਾ ਧਾਰਕ ਦੀ ਸਥਿਤੀ ਦਾ ਲਗਾਤਾਰ ਪਤਾ ਲਗਾਇਆ ਗਿਆ। ਟੀਮ ਨੇ ਜੋਤਸ਼ੀ ਨੂੰ ਉਸ ਦੇ ਘਰ ਤੋਂ ਦਬੋਚ ਲਿਆ। ਉਸ ਨੂੰ ਨੋਟਿਸ ਦਿੱਤਾ ਗਿਆ ਅਤੇ ਪੁੱਛਗਿੱਛ ਕੀਤੀ ਗਈ। ਉਸ ਨੇ ਖੁਲਾਸਾ ਕੀਤਾ ਕਿ ਉਸ ਦੇ ਪਿਤਾ ਅਤੇ ਦਾਦਾ-ਦਾਦੀ ਪਹਿਲਾਂ ਜੋਤਿਸ਼ ਅਤੇ ਉਪਚਾਰ ਕਰਦੇ ਸਨ। ਉਹ ਵੀ ਕੁਝ ਚਾਲਾਂ ਜਾਣਦਾ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਜੋਤਿਸ਼ ਅਤੇ ਅਧਿਆਤਮਿਕ ਉਪਚਾਰਾਂ ਲਈ ਕੁਝ ਇਸ਼ਤਿਹਾਰ ਅਪਲੋਡ ਕੀਤੇ। ਪੀੜਤ ਨੇ ਇਲਾਜ ਲਈ ਉਸ ਨਾਲ ਸੰਪਰਕ ਕੀਤਾ ਅਤੇ ਜੋਤਸ਼ੀ ਨੇ ਉਸ ਨੂੰ ਧੋਖਾ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਵਿੱਚ ਉਸ ਦੇ ਨਾਮ ’ਤੇ ਕੁਝ ‘ਪੂਜਾ ਅਰਚਨਾ’ ਵੀ ਕੀਤੀ ਸੀ।