ਤਿੰਨ ਮੁਲਜ਼ਮ ਹੈਰੋਇਨ ਤੇ ਅਸਲੇ ਸਣੇ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਗਰਾਉਂ, 19 ਮਈ
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸੀਆਈਏ ਦੀ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਹੈਰੋਇਨ ਤੇ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ, ਐੱਸਪੀ(ਡੀ) ਹਰਕਮਲ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਜਗਰਾਉਂ-ਮੋਗਾ ਮਾਰਗ ’ਤੇ ਗਸ਼ਤ ਲਈ ਮੌਜੂਦ ਪੁਲੀਸ ਪਾਰਟੀ ਨੂੰ ਸੂਹ ਮਿਲੀ ਸੀ ਕਿ ਅੰਮ੍ਰਿਤਪਾਲ ਉਰਫ ਅਵੀਜੋਤ ਵਾਸੀ ਅਜੀਤਵਾਲ, ਸਰਬਜੀਤ ਸਿੰਘ ਉਰਫ਼ ਸੱਬਾ ਤੇ ਰਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਢੁੱਡੀਕੇ (ਮੋਗਾ) ਹੈਰੋਇਨ ਵੇਚਦੇ ਹਨ ਤੇ ਉਨ੍ਹਾਂ ਕੋਲ ਨਾਜਾਇਜ਼ ਅਸਲਾ ਵੀ ਹੈ। ਉਹ ਤਿੰਨੇ ਅੱਜ ਮਾਰੂਤੀ ਕਾਰ ਵਿੱਚ ਚੂਹੜਚੱਕ ਤੋਂ ਜਗਰਾਉਂ ਵੱਲ ਆ ਰਹੇ ਹਨ। ਪੁਲੀਸ ਨੇ ਮਿਲੀ ਸੂਚਨਾ ’ਤੇ ਕਾਰਵਾਈ ਕਰਦਿਆਂ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲਈ ਤਾਂ ਕਾਲੇ ਰੰਗ ਦੇ ਲਿਫਾਫੇ ਵਿੱਚੋਂ 301 ਗ੍ਰਾਮ ਹੈਰੋਇਨ, .32 ਬੋਰ ਦਾ ਪਿਸਤੌਲ, ਮੈਗਜ਼ੀਨ, ਕਾਰਤੂਸ ਤੇ ਖਾਲੀ ਮੈਗਜ਼ੀਨ ਬਰਾਮਦ ਹੋਏ।
ਸਰਬਜੀਤ ਸਿੰਘ ਸੱਬਾ ਦੇ ਪਜਾਮੇ ਦੀ ਜੇਬ ਵਿੱਚੋਂ ਦੋ ਕਾਰਤੂਸ ਤੇ ਇਲੈਕਟ੍ਰਾਨਿਕ ਕੰਡਾ ਵੀ ਮਿਲਿਆ। ਮਲਜ਼ਮਾਂ ਨਾਲ ਕੀਤੀ ਪੁੱਛ-ਪੜਤਾਲ ਦੇ ਆਧਾਰ ’ਤੇ ਰੋਸ਼ਨ ਸਿੰਗ ਵਾਸੀ ਪਿੰਡ ਵਾੜਾ ਭਾਈਕਾ (ਫਿਰੋਜ਼ਪੁਰ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।