ਤਿੰਨ ਮਸ਼ਕੂਕ ਨਜ਼ਰ ਆਉਣ ਮਗਰੋਂ ਕਠੂਆ ’ਚ ਤਲਾਸ਼ੀ ਸ਼ੁਰੂ
ਜੰਮੂ, 2 ਜੂਨ
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਜੰਗਲੀ ਖੇਤਰ ਵਿੱਚ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਅੱਜ ਇੱਥੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੀਰਾਨਗਰ ਦੇ ਸਲਾਧੀ ਖੇਤਰ ਵਿੱਚ ਇੱਕ ਵਿਅਕਤੀ ਨੇ ਤਿੰਨ ਮਸ਼ਕੂਕ ਦੇਖਣ ਮਗਰੋਂ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਮਗਰੋਂ ਪੁਲੀਸ ਅਤੇ ਫ਼ੌਜ ਦੇ ਜਵਾਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਸਾਂਝੇ ਤੌਰ ’ਤੇ ਇਹ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤਰ ਅਤੇ ਹਾਈਵੇਅ ’ਤੇ ਚੌਕਸੀ ਵਧਾ ਦਿੱਤੀ ਗਈ ਹੈ।
ਉਧਰ ਜੰਮੂ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਿਆਪਕ ਜਾਂਚ ਤੋਂ ਬਾਅਦ ਅਫਵਾਹ ਨਿਕਲੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਸ਼ਾਮ ਇੱਕ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਮੁੱਖ ਸਟੇਸ਼ਨ ’ਤੇ ਬੰਬ ਰੱਖੇ ਜਾਣ ਬਾਰੇ ਜਾਣਕਾਰੀ ਦਿੱਤੀ ਸੀ। ਇਸ ਮਗਰੋਂ ਪੁਲੀਸ ਨੇ ਰੇਲਵੇ ਪੁਲੀਸ ਦੇ ਸਹਿਯੋਗ ਨਾਲ ਤੁਰੰਤ ਕਾਰਵਾਈ ਕੀਤੀ ਅਤੇ ਪੂਰੇ ਸਟੇਸ਼ਨ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਫੋਨ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਰੇਲਵੇ ਸਟੇਸ਼ਨ ’ਤੇ ਸਾਂਝੀ ਤਲਾਸ਼ੀ ਮੁਹਿੰਮ ਕਈ ਘੰਟਿਆਂ ਤੱਕ ਜਾਰੀ ਰਹੀ। ਇਸ ਦੌਰਾਨ ਸਨਿਫਰ ਕੁੱਤਿਆਂ ਅਤੇ ਮੈਟਲ ਡਿਟੈਕਟਰਾਂ ਦੀ ਵੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।
ਸਾਂਬਾ ’ਚ ਤਿੰਨ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਕੁਰਕ
ਜੰਮੂ: ਜੰਮੂ-ਕਸ਼ਮੀਰ ਪੁਲੀਸ ਨੇ ਅੱਜ ਸਾਂਬਾ ਜ਼ਿਲ੍ਹੇ ਦੇ ਤਿੰਨ ਨਸ਼ਾ ਤਸਕਰਾਂ ਦੇ ਤਿੰਨ ਘਰਾਂ ਨੂੰ ਕੁਰਕ ਕਰ ਲਿਆ ਹੈ। ਇਨ੍ਹਾਂ ਘਰਾਂ ਦੀ ਕੀਮਤ 81 ਲੱਖ ਰੁਪਏ ਹੈ। ਨਸ਼ਾ ਤਸਕਰਾਂ ਦੀ ਪਛਾਣ ਮੁਹੰਮਦ ਯੂਨਸ, ਮਾਸੂਮ ਅਲੀ ਉਰਫ ਕਾਲਾ ਅਤੇ ਸ਼ਮਸ ਦੀਨ ਉਰਫ ਬੱਚੂ ਵਜੋਂ ਹੋਈ ਹੈ। ਇਹ ਸਾਰੇ ਵਿਜੈਪੁਰ ਤਹਿਸੀਲ ਦੇ ਰੱਖ ਬਰੋਟੀਆਂ ਪਿੰਡ ਦੇ ਰਹਿਣ ਵਾਲੇ ਹਨ। ਤਿੰਨਾਂ ਘਰਾਂ ਨੂੰ ਐੱਨਡੀਪੀਐੱਸ ਐਕਟ ਤਹਿਤ ਕੁਰਕ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਤਿੰਨਾਂ ਮੁਲਜ਼ਮਾਂ ਨੂੰ 2023 ਅਤੇ 2025 ਵਿੱਚ ਵਿਜੈਪੁਰ ਥਾਣੇ ’ਚ ਐੱਨਡੀਪੀਐੱਸ ਐੱਕਟ ਤਹਿਤ ਦਰਜ ਵੱਖ-ਵੱਖ ਕੇਸਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। -ਪੀਟੀਆਈAdvertisementਦਹਿਸ਼ਤੀ ਜਥੇਬੰਦੀਆਂ ਦੇ ਪੰਜ ਸਹਿਯੋਗੀ ਗ੍ਰਿਫ਼ਤਾਰ
ਸ੍ਰੀਨਗਰ: ਪੁਲੀਸ ਨੇ ਸ੍ਰੀਨਗਰ ’ਚੋਂ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀਆਂ ਦੇ ਪੰਜ ਸਹਿਯੋਗੀਆਂ ਖ਼ਿਲਾਫ਼ ਪੀਐੱਸਏ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਨਈਮ ਅਹਿਮਦ ਖਾਨ, ਫੈਜਾਨ ਅਖਤਰ ਭੱਟ, ਮਹਿਰਾਜ ਉਦ ਦੀਨ ਭੱਟ, ਉਮਰ ਹਾਮਿਦ ਸ਼ੇਖ ਤੇ ਸੁਹੇਬ ਸ਼ਫੀ ਬਾਬਾ ਉਰਫ਼ ਚਮਨਾ ਵਜੋਂ ਹੋਈ ਹੈ।