ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਪਿਓਆਂ ਅਤੇ ਤਿੰਨ ਮਾਵਾਂ ਦੀ ਧੀ

12:32 PM Feb 05, 2023 IST

ਰਿਪੁਦਮਨ ਸਿੰਘ ਰੂਪ

Advertisement

ਤਿੰਨਾਂ ਪਿਓ-ਪੁੱਤਰਾਂ ਬਾਰੇ ਕਿਸੇ ਨੂੰ ਇਹ ਸਮਝ ਨਹੀਂ ਸੀ ਪੈ ਰਹੀ ਕਿ ਉਹ ਸਦਾ ਇਕੱਠੇ ਕਿਵੇਂ ਰਹਿੰਦੇ ਹਨ? ਕਿਵੇਂ ਇਕੱਠੇ ਵਿਚਰਦੇ ਹਨ? ਕਿਵੇਂ ਇਕੱਠੇ ਹੱਸਦੇ ਤੁੱਸਦੇ ਹਨ? ਕਿਸੇ ਵਿਆਹ ਸ਼ਾਦੀ ਜਾਂ ਸਮਾਗਮ ਵਿਚ ਕਿਵੇਂ ਇੱਕੋ ਮੇਜ਼ ਉੱਤੇ ਬੈਠਦੇ ਅਤੇ ਕਿਵੇਂ ਇਕੱਠੇ ਖਾਂਦੇ ਪੀਂਦੇ ਹਨ? ਕਿਵੇਂ ਲੰਮਾ-ਲੰਮਾ ਸਮਾਂ ਘੁਸਰ-ਮੁਸਰ ਕਰੀ ਜਾਂਦੇ ਹਨ?

ਅਜੀਬ ਅਜੀਬ ਗੱਲਾਂ ਇਨ੍ਹਾਂ ਤਿੰਨਾਂ ਪਿਓ-ਪੁੱਤਰਾਂ ਬਾਰੇ ਲੋਕ ਅਕਸਰ ਕਰਦੇ ਰਹਿੰਦੇ ਸਨ। ਇਉਂ ਤਾਂ ਕਿਸੇ ਤਿੰਨ ਦੋਸਤਾਂ ਨੂੰ ਵੀ ਵਿਚਰਦਿਆਂ ਕਦੇ ਕਿਸੇ ਨਹੀਂ ਸੀ ਦੇਖਿਆ, ਸੁਣਿਆ! ਉਨ੍ਹਾਂ ਦੇ ਆਲੇ-ਦੁਆਲੇ ਵਸਦੇ ਲੋਕਾਂ, ਰਿਸ਼ਤੇਦਾਰੀਆਂ, ਮੁਲਾਹਜ਼ੇਦਾਰੀਆਂ, ਅੱਗੋਂ ਉਨ੍ਹਾਂ ਦੇ ਆਪਣੇ ਆਪਣੇ ਦੋਸਤਾਂ ਮਿੱਤਰਾਂ ਵਿਚ ਇਨ੍ਹਾਂ ਅੜਾਉਣੀਆਂ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਪਰ ਕਿਸੇ ਦੇ ਕੱਖ ਪੱਲੇ ਨਹੀਂ ਸੀ ਪੈਂਦਾ।

Advertisement

ਕਈ ਵਾਰ ਲੋਕ ਫੰਕਸ਼ਨਾਂ ਅਤੇ ਇਕੱਠਾਂ ਵਿਚ ਉਨ੍ਹਾਂ ਨੂੰ ਪੁੱਛਦੇ, ”ਕਿਉਂ ਬਈ ਅੱਜ ਤੁਹਾਡੇ ਡੈਡੀ ਨਹੀਂ ਆਏ?”

”ਕਿਉਂ ਜਨਾਬ ਅੱਜ ਤੁਹਾਡਾ ਵੱਡਾ ਪੁੱਤਰ ਨਹੀਂ ਦੇਖਿਆ…?”

”ਅੱਜ ਛੋਟੇ ਨੂੰ ਕਿੱਥੇ ਛੱਡ ਆਏ ਦੋਵੇਂ ਪਿਓ-ਪੁੱਤਰ…?”

”ਕਿਉਂ ਬਈ… ਅੱਜ ਡੈਡੀ ਤੋਂ ਬਿਨਾਂ ਹੀ ਦੋਵੇਂ ਇਕੱਲੇ ਫਿਰਦੇ ਓ…?”

ਅਜਿਹੀਆਂ ਪੁੱਛਾਂ ਉਨ੍ਹਾਂ ਨੂੰ ਆਮ ਹੀ ਹੁੰਦੀਆਂ ਰਹਿੰਦੀਆਂ।

ਤਿੰਨੇ ਪਿਓ-ਪੁੱਤਰ ਕਈ ਵਾਰ ਜੇ ਕਿਸੇ ਅਖੰਡ ਪਾਠ ਦੇ ਭੋਗ ਉੱਤੇ ਜਾਂਦੇ ਤਾਂ ਪਿਓ ਅੱਗੇ ਅੱਗੇ ਹੁੰਦਾ ਅਤੇ ਪੁੱਤਰ ਉਹਦੇ ਅੱਗੜ-ਪਿੱਛੜ। ਕਈ ਵਾਰ ਪਰਿਵਾਰ ਨੂੰ ਸੱਦਾ ਪੱਤਰ ਇਕੋ ਦਿਨ ਦੇ ਕਈ ਕਈ ਆ ਜਾਂਦੇ ਤਾਂ ਉਹ ਵੰਡ ਕੇ ਚਲੇ ਜਾਂਦੇ। ਜੇ ਕੋਈ ਇਕ ਜਣਾ ਕਿਸੇ ਥਾਂ ਚਲਿਆ ਜਾਂਦਾ ਤਾਂ ਸਾਰਾ ਪਰਿਵਾਰ ਹੀ ਆ ਗਿਆ ਸਮਝਿਆ ਜਾਂਦਾ।

ਇਹ ਨਹੀਂ ਕਿ ਇਨ੍ਹਾਂ ਤਿੰਨਾਂ ਪਿਓ-ਪੁੱਤਰਾਂ ਵਿਚਾਲੇ ਕਦੇ ਝਗੜਾ ਜਾਂ ਬੋਲ ਬੁਲਾਰਾ ਨਹੀਂ ਸੀ ਹੁੰਦਾ। ਕਈ ਵਾਰ ਆਪੋ ਵਿੱਚੀਂ ਬਹਿਸ ਕਰਦੇ ਤਾਂ ਇਉਂ ਲੱਗਦਾ ਜਿਵੇਂ ਝਗੜ ਰਹੇ ਹੋਣ। ਹੁਣੇ ਡਾਂਗ ਚੱਲੀ ਕਿ ਚੱਲੀ। ਗਲੀ ਗੁਆਂਢ ਵਾਲੇ ਆਪਣੇ ਕੰਨ ਚੁੱਕ ਲੈਂਦੇ। ਖ਼ੁਸ਼ ਹੁੰਦੇ ਕਿ ਅੱਜ ਸਿਰ ਪਾਟਣਗੇ ਤਿੰਨਾਂ ਪਿਓ-ਪੁੱਤਰਾਂ ਦੇ। ਵੱਡੇ ਫਿਰਦੇ ਨੇ ਇਕੱਠੇ। ਲੋਕਾਂ ਵਿਚ ਇਉਂ ਵਿਚਰਦੇ ਨੇ ਜਿਵੇਂ ਨਾਢੂ ਖਾਂ ਹੋਣ। ਪਿਓ ਆਪਣੇ ਮੁੰਡਿਆਂ ਨਾਲ ਇਉਂ ਫਿਰੂ ਛਾਤੀ ਤਾਣ ਕੇ ਜਿਵੇਂ ਕੋਈ ਭਲਵਾਨ ਅਖਾੜੇ ਵਿਚ ਫਿਰਦਾ ਹੁੰਦੈ। ਹੰਕਾਰੇ ਹੋਏ ਨੇ ਤਿੰਨੇ ਪਿਓ-ਪੁੱਤਰ। ਕਿਸੇ ਨੂੰ ਖੰਘਣ ਨਹੀਂ ਦਿੰਦੇ ਆਲੇ-ਦੁਆਲੇ ਵਿਚ। ਕਿਸੇ ਦੀ ਗੱਡੀ ਪਾਰਕ ਵਿਚ ਖੜ੍ਹੀ ਨੀ ਹੋਣ ਦਿੰਦੇ। ਫੁੱਟਬਾਲ, ਕ੍ਰਿਕਟ ਖੇਡਣ ਨਹੀਂ ਦਿੰਦੇ ਪਾਰਕ ਵਿਚ। ਅਖੇ, ਇਹ ਪਾਰਕ ਛੋਟੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੇ ਸੈਰ ਕਰਨ ਲਈ ਹੈ। ਕਿਸੇ ਦੇ ਸਿਰ ਵਿਚ ਗੇਂਦ ਵੱਜੂ। ਕਿਸੇ ਵੱਡੀ ਸਕੂਲ ਬੱਸ ਨੂੰ ਮੁਹੱਲੇ ਵਿਚ ਨਹੀਂ ਵੜਨ ਦਿੰਦੇ। ਮੁਹੱਲੇ ਵਿਚ ਇੱਕ ਪੀ.ਜੀ. ਖੁੱਲ੍ਹਿਆ ਸੀ। ਉਹਨੂੰ ਬੰਦ ਕਰਵਾ ਕੇ ਹਟੇ। ਕਹਿੰਦੇ ਮੁਹੱਲੇ ਵਿਚ ਗੁੰਡਾਗਰਦੀ ਨਹੀਂ ਹੋਣ ਦੇਣੀ। ਆਲੇ-ਦੁਆਲੇ ਨੂੰ ਲੱਗਦਾ ਜਿਵੇਂ ਇਹ ਤਿੰਨੋਂ ਪਿਓ-ਪੁੱਤਰ ਬਹੁਤ ਹੈਂਕੜ ਵਿਚ ਰਹਿੰਦੇ ਹੋਣ।

ਉਸ ਦਿਨ ਉਹ ਤਿੰਨੋਂ ਕਿਸੇ ਵਿਆਹ ਦੀ ਰਿਸੈਪਸ਼ਨ ਵਿਚ ਗਏ ਹੋਏ ਸਨ। ਪਰਿਵਾਰ ਦੇ ਹੋਰ ਮੈਂਬਰ ਵੀ ਨਾਲ ਸਨ। ਉੱਥੇ ਜਾ ਕੇ ਸਾਰੇ ਏਧਰ-ਓਧਰ ਖਿੰਡ ਗਏ। ਔਰਤਾਂ ਔਰਤਾਂ ਨਾਲ ਗੱਲਾਂ ਮਾਰਨ ਲੱਗ ਪਈਆਂ। ਬੱਚੇ ਆਪਣੇ ਹਾਣੀਆਂ ਨਾਲ ਖੇਡਣ ਲੱਗ ਪਏ। ਲੜਕਿਆਂ ਦਾ ਪਿਓ ਵੀ ਆਪਣੇ ਦੋਸਤਾਂ ਵਿਚ ਜਾ ਬੈਠਾ। ਉਨ੍ਹਾਂ ਦਾ ਪਿਓ ਆਪਣੇ ਦੋਸਤਾਂ ਵਿਚ ਰਚਮਿਚ ਗਿਆ। ਹੁਣ ਪਿਓ ਆਪਣੇ ਦੋਸਤਾਂ ਵਿਚ ਬੈਠਾ ਵਿਸਕੀ ਦੀਆਂ ਚੁਸਕੀਆਂ ਲੈ ਰਿਹਾ ਸੀ।

ਕੁਝ ਸਮੇਂ ਮਗਰੋਂ ਛੋਟਾ ਪੁੱਤਰ ਆ ਕੇ ਪਿਓ ਦੇ ਕੰਨ ਵਿਚ ਕੁਝ ਕਹਿਣ ਲੱਗਾ। ਟੇਬਲ ਉੱਤੋਂ ਉੱਠ ਪਿਓ ਪਰ੍ਹੇ ਹੋ ਕੇ ਬੋਲਿਆ, ”ਹਾਂ ਦੱਸ ਕਮਲ! ਕੀ ਗੱਲ ਐ…?”

”ਡੈਡੀ ਕਮਾਲ ਕਰ ਤੀ ਤੁਸੀਂ ਤਾਂ ਅੱਜ… ਤੁਸੀਂ ਤਾਂ ਐਥੇ ਧਰਨਾ ਮਾਰ ਕੇ ਹੀ ਬੈਠ ਗਏ… ਆਓ ਓਧਰ.. ਸਣੇ ਗਿਲਾਸ ਆ ਜੋ ਓਧਰ… ਵੀਰ ਵੀ ਉੱਥੇ ਈ ਬੈਠੈ।”

ਉਨ੍ਹਾਂ ਦਾ ਪਿਓ ਸਣੇ ਗਿਲਾਸ ਉਸ ਟੇਬਲ ਉੱਤੇ ਚਲਾ ਗਿਆ ਜਿੱਥੇ ਉਹਦੇ ਦੋਵੇਂ ਪੁੱਤਰ ਪਹਿਲਾਂ ਹੀ ਬੈਠੇ ਸਨ।

ਉੱਥੇ ਬੈਠੇ ਉਹ ਗੱਲੀਂ ਲੱਗ ਗਏ। ਸਿਆਸਤ ਬਾਰੇ। ਸਾਹਿਤ ਬਾਰੇ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਬਾਰੇ। ਸੰਸਾਰ ਵਿਚ ਹੋ ਰਹੀ ਉੱਥਲ-ਪੁੱਥਲ ਬਾਰੇ। ਸੀਰੀਆ ਵਿਚ ਰੂਸ ਅਤੇ ਅਮਰੀਕਾ ਦੇ ਟਕਰਾਅ ਬਾਰੇ। ਦੇਸ਼ ਵਿਚ ਚੱਲ ਰਹੀ ਅਸਹਿਣਸ਼ੀਲਤਾ ਦੀ ਬਹਿਸ ਬਾਰੇ। ਰਾਸ਼ਟਰਵਾਦ ਬਾਰੇ। ਦੇਸ਼ ਧ੍ਰੋਹ ਬਾਰੇ। ਲੇਖਕਾਂ ਦੀਆਂ ਚੋਣਾਂ ਬਾਰੇ। ਨਵੇਂ ਰਸਾਲਿਆਂ ਵਿਚ ਛਪੀਆਂ ਕਹਾਣੀਆਂ ਕਵਿਤਾਵਾਂ ਬਾਰੇ। ਸਾਹਿਤ ਅਕਾਦਮੀ ਵੱਲੋਂ ਲੇਖਕਾਂ ਨੂੰ ਮਿਲੇ ਸਨਮਾਨਾਂ ਬਾਰੇ।

ਕੋਲ ਬੈਠਿਆਂ ਨੂੰ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਨਾ ਲੱਭਦਾ।

ਇੱਕ ਦੋ ਬੰਦੇ ਉਨ੍ਹਾਂ ਦੀ ਟੇਬਲ ਉੱਤੇ ਹੋਰ ਬੈਠੇ ਸਨ ਜਿਹੜੇ ਲਗਾਤਾਰ ਪੈੱਗ ਉੱਤੇ ਪੈੱਗ ਪੀ ਰਹੇ ਸਨ, ਪਰ ਇਹ ਤਿੰਨੋਂ ਪਿਓ-ਪੁੱਤਰ ਇੱਕ ਪੈੱਗ ਲੈ ਕੇ ਕਾਫ਼ੀ ਦੇਰ ਬੈਠੇ ਰਹਿੰਦੇ। ਗੱਲਾਂ ਕਰਦੇ ਰਹਿੰਦੇ।

ਉਨ੍ਹਾਂ ਦੀ ਟੇਬਲ ਉੱਤੇ ਇੱਕ ਅੱਧਖੜ ਉਮਰ ਦਾ ਵਿਅਕਤੀ ਵੀ ਬੈਠਾ ਸੀ ਜੋ ਉਨ੍ਹਾਂ ਦੀਆਂ ਗੱਲਾਂ ਲਗਾਤਾਰ ਸੁਣ ਰਿਹਾ ਸੀ। ਪਰ ਉਹਦੇ ਕੱਖ ਪੱਲੇ ਨਹੀਂ ਸੀ ਪੈ ਰਿਹਾ। ਉਹ ਜਕਦਾ ਜਕਦਾ ਪਿਓ ਨੂੰ ਬੋਲਿਆ, ”ਸਰਦਾਰ ਜੀ! ਮੈਂ ਇੱਕ ਗੱਲ ਪੁੱਛਾਂ, ਜੇ ਗੁੱਸਾ ਨਾ ਕਰੋ…?”

”ਹਾਂ…ਹਾਂ… ਕਿਉਂ ਨਹੀਂ… ਪੁੱਛੋ ਜੋ ਪੁੱਛਣਾ ਹੈ ਜਨਾਬ… ਬੇਝਿਜਕ ਪੁੱਛੋ…” ਜਿਵੇਂ ਤਿੰਨਾਂ ਨੇ ਇਕੱਠਿਆਂ ਹੀ ਬੜੇ ਸਤਿਕਾਰ ਨਾਲ ਜੁਆਬ ਦਿੱਤਾ।

”ਦੇਖੋ ਜਨਾਬ, ਹੈ ਤਾਂ ਗੁਸਤਾਖ਼ੀ… ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡਾ ਆਪੋ ਵਿੱਚੀਂ ਰਿਸ਼ਤਾ ਕੀ ਹੈ? … ਤੁਸੀਂ ਦੋਵੇਂ ਇਨ੍ਹਾਂ ਸਰਦਾਰ ਜੀ ਨੂੰ ਡੈਡੀ ਕਹਿੰਦੇ ਹੋ… ਅਤੇ ਤੁਹਾਨੂੰ ਇਹ ਭਾਅ ਜੀ ਕਹਿੰਦੇ ਹਨ… ਮੈਂ ਐਧਰ ਓਧਰ ਚੱਕਰ ਮਾਰ ਆਇਆ… ਕਈ ਪੈੱਗ ਪੀ ਲਏ.. ਐਨ ਟੱਲੀ ਆਂ ਮੈਂ ਹੁਣ… ਪਰ ਤੁਸੀਂ ਹੁਣ ਵੀ ਸੋਤੀ ਜਿਹੇ ਬੈਠੇ ਗੱਲਾਂ ਕਰੀ ਜਾ ਰਹੇ ਹੋ… ਮੇਰੀ ਸਮਝ ਤੋਂ ਬਾਹਰ ਹੈ…” ਉਹ ਬੰਦਾ ਉਨ੍ਹਾਂ ਤਿੰਨਾਂ ਵੱਲ ਨੀਝ ਲਾ ਕੇ ਦੇਖ ਰਿਹਾ ਸੀ।

ਛੋਟਾ ਪੁੱਤਰ ਬੋਲਿਆ, ”ਦੇਖੋ ਜਨਾਬ! ਇਹ ਸਾਡੇ ਡੈਡੀ ਨੇ… ਤੇ ਇਹ ਮੇਰੇ ਵੱਡੇ ਭਰਾ… ਅਸੀਂ ਤਿੰਨੇ ਪਿਓ-ਪੁੱਤਰ ਹਾਂ…।”

”ਪਰ ਕੀ ਇਹ ਤੁਹਾਡੇ… ਸਕੇ ਡੈਡੀ ਨੇ…?” ਉਹ ਉਤਸੁਕਤਾ ਨਾਲ ਬੋਲਿਆ।

”ਡੈਡੀ ਸਕਾ ਹੀ ਹੁੰਦੈ ਜਨਾਬ…।” ਉਹ ਤਿੰਨੇ ਮੁਸਕਰਾਉਣ ਲੱਗੇ।

”ਨਹੀਂ ਨਹੀਂ… ਮੇਰਾ ਮਤਲਬ ਕਈ ਵਾਰ ਆਪਾਂ ਆਪਣੇ ਕਿਸੇ ਦੋਸਤ ਦੇ ਫਾਦਰ ਨੂੰ ਵੀ ਡੈਡੀ ਕਹਿ ਕੇ ਬੁਲਾਉਂਦੇ ਆਂ… ਜਾਂ ਫਾਦਰਸ਼-ਇਨ-ਲਾਅ ਨੂੰ ਵੀ।” ਉਹ ਥੋੜ੍ਹਾ ਝਿਪ ਕੇ ਬੋਲਿਆ।

”ਨਹੀਂ ਨਹੀਂ ਸਰ… ਇਹ ਸਾਡੇ ਸਕੇ ਡੈਡੀ ਨੇ… ਬਿਲਕੁਲ ਸਕੇ…।” ਹੁਣ ਤਿੰਨੇ ਪਿਓ-ਪੁੱਤਰ ਖੁੱਲ੍ਹ ਕੇ ਹੱਸਣ ਲੱਗੇ।

”ਅਤੇ ਇਹ… ਤੁਹਾਡੇ ਵੱਡੇ ਭਰਾ…?”

”ਹਾਂ ਜੀ… ਇਹ ਮੇਰੇ ਵੱਡੇ ਭਰਾ ਨੇ… ਸਕੇ… ਬਿਲਕੁਲ ਸਕੇ… ਮੈਥੋਂ ਨੌਂ ਸਾਲ ਵੱਡੇ…।” ਛੋਟਾ ਪੁੱਤਰ ਹੀ ਸਾਰਿਆਂ ਦੀ ਵਾਕਫ਼ੀ ਕਰਵਾਉਣ ਲੱਗਾ।

”ਪਰ ਜਨਾਬ… ਮੇਰੇ ਪੱਲੇ ਅਜੇ ਵੀ ਕੁਝ ਨਹੀਂ ਪਿਆ…।” ਉਹ ਹੋਰ ਉਤਸੁਕਤਾ ਅਤੇ ਹੈਰਾਨੀ ਨਾਲ ਬੋਲਿਆ, ”ਦੇਖੋ! ਮੈਂ ਤਾਂ ਕਦੇ ਦੇਖਿਆ ਨਹੀਂ… ਬਈ ਤਿੰਨ ਪਿਓ-ਪੁੱਤਰ ਇਕੱਠੇ ਬੈਠੇ ਹੋਣ… ਦੋਸਤਾਂ ਵਾਂਗ ਗੱਲਾਂ ਕਰ ਰਹੇ ਹੋਣ… ਹੱਸ ਤੁੱਸ ਰਹੇ ਹੋਣ…।”

”ਪਰ ਅਸੀਂ ਤੁਹਾਨੂੰ ਹੋਰ ਕੀ ਸਬੂਤ ਦੇ ਸਕਦੇ ਹਾਂ… ਇਹੋ ਕਹਿ ਸਕਦੇ ਹਾਂ…।” ਪਿਓ ਪੁੱਤਰ ਤਿੰਨੇ ਹੀ ਜਿਵੇਂ ਇਕੱਠੇ ਬੋਲੇ ਹੋਣ।

”ਚੰਗਾ ਐਂ ਕਰੋ… ਆਪਣੇ ਆਪਣੇ ਘਰਾਂ ਦਾ ਪਤਾ ਦੇਵੋ… ਮੈਂ ਤੁਹਾਨੂੰ ਤੁਹਾਡੇ ਘਰ ਆ ਕੇ ਮਿਲਾਂਗਾ…।”

”ਬਿਲਕੁਲ ਜੀ… ਬਿਲਕੁਲ ਆਉਣਾ ਘਰ… ਆਪਾਂ ਉੱਥੇ ਵੀ ਇਕੱਠੇ ਵਿਸਕੀ ਪੀਵਾਂਗੇ… ਜ਼ਰੂਰ ਆਉਣਾ ਜਨਾਬ.. ਜ਼ਰੂਰ… ਅਸੀਂ ਤੁਹਾਨੂੰ ਉਡੀਕਾਂਗੇ, ਦੇ ਬਈ ਕਮਲ ਆਪਣਾ ਵਿਜ਼ਟਿੰਗ ਕਾਰਡ…” ਹੁਣ ਪਿਓ ਨੇ ਬੜੀ ਹੀ ਅਪਣੱਤ ਅਤੇ ਖੁੱਲ੍ਹਦਿਲੀ ਨਾਲ ਕਿਹਾ।

ਘਰ ਦਾ ਪਤਾ ਅਤੇ ਮੋਬਾਈਲ ਨੰਬਰ ਦੇਖ ਕੇ ਉਹ ਬੋਲਿਆ, ”ਅੱਛਿਆ, ਅੱਛਿਆ… ਨਾਲ ਦੇ ਫੇਜ਼ ਵਿਚ ਹੀ ਹੈ ਇਹ ਤਾਂ… ਸਾਰੇ ਇਕੱਠੇ ਹੀ ਰਹਿੰਦੇ ਹੋ। ਕਮਾਲ ਐ। ਲੈ ਮੈਂ ਤਾਂ ਸੈਰ ਕਰਦਾ ਕਰਦਾ ਆਜੂੰ ਕਿਸੇ ਦਿਨ…।”

”ਪਹਿਲੋਂ ਫੋਨ ਕਰ ਲੈਣਾ ਜਨਾਬ… ਤਾਂ ਕਿ ਸਾਨੂੰ ਪਹਿਲਾਂ ਪਤਾ ਲੱਗ ਜਾਵੇ… ਅਸੀਂ ਐਧਰ ਓਧਰ ਗਏ ਹੁੰਦੇ ਆਂ… ਤੁਹਾਡੇ ਆਉਣ ਤੱਕ ਇਕੱਠੇ ਹੋ ਜਾਵਾਂਗੇ।” ਵੱਡਾ ਪੁੱਤਰ ਬੋਲਿਆ।

ਇਹੋ ਜਿਹੀਆਂ ਪੁੱਛਾਂ ਅਤੇ ਹੈਰਾਨੀਆਂ ਦਾ ਉਨ੍ਹਾਂ ਨੂੰ ਆਮ ਹੀ ਸਾਹਮਣਾ ਕਰਨਾ ਪੈਂਦਾ ਸੀ।

ਪਰ ਇਹ ਤਿੰਨੇ ਪੁੱਤਰ ਸਿਰਫ਼ ਇਕੱਠੇ ਹੱਸਦੇ ਤੁਸਦੇ ਹੀ ਨਹੀਂ ਸਨ। ਇਕੱਠੇ ਖਾਂਦੇ ਪੀਂਦੇ ਹੀ ਨਹੀਂ ਸਨ। ਕਈ ਵਾਰ ਇਹ ਗਰਮ ਗਰਮ ਬਹਿਸ ਵੀ ਕਰਨ ਲੱਗ ਜਾਂਦੇ ਸਨ। ਬਹਿਸ ਹੁੰਦੀ ਹੁੰਦੀ ਭਖ ਜਾਂਦੀ। ਉੱਚੀ ਉੱਚੀ ਬੋਲਣ ਲੱਗਦੇ। ਇਉਂ ਬੋਲਦੇ ਜਿਵੇਂ ਲੜ ਰਹੇ ਹੋਣ। ਆਂਢੀ ਗੁਆਂਢੀ ਵਿੜਕਾਂ ਲੈਣ ਲੱਗਦੇ।

”ਅੱਜ ਹੋਊ ਇਨ੍ਹਾਂ ਦਾ ਝਗੜਾ… ਵੱਡਾ ਮੁੰਡਾ ਦੇਖੋ ਕਿਵੇਂ ਗੁੱਸੇ ਵਿਚ ਬੋਲ ਰਿਹੈ ਆਪਣੇ ਬਾਪ ਨੂੰ…।”

”ਅੱਜ ਪਾਟਣਗੇ ਜੀ ਇਨ੍ਹਾਂ ਦੇ ਸਿਰ… ਦੇਖਿਓ ਤੁਸੀਂ… ਐਂ ਤਾਂ ਦੁਸ਼ਮਣ ਵੀ ਨੀ ਲੜਦੇ ਦੇਖੇ ਕਦੇ…।”

ਪਰ ਉਨ੍ਹਾਂ ਨੂੰ ਇਨ੍ਹਾਂ ਦਾ ਝਗੜਾ ਸਮਝ ਨਹੀਂ ਸੀ ਆਉਂਦਾ। ਕਦੇ ਅਮਰੀਕਾ ਦੀ ਗੱਲ ਕਰਦੇ। ਕਦੇ ਪਾਕਿਸਤਾਨ ਦੀ। ਕਦੇ ਰੂਸ ਦੀ। ਕਦੇ ਚੀਨ ਦੀ। ਕਦੇ ਕਿਸੇ ਸਿਆਸੀ ਪਾਰਟੀ ਦਾ ਨਾਂ ਲੈਂਦੇ ਤੇ ਕਦੇ ਕਿਸੇ ਦਾ। ਪਰ ਕਹਿੰਦੇ ਕੀ ਹਨ ਇਨ੍ਹਾਂ ਬਾਰੇ? ਕਿਸੇ ਨੂੰ ਕੋਈ ਸਮਝ ਨਹੀਂ ਸੀ ਪੈਂਦੀ।

ਇਉਂ ਨਹੀਂ ਬਈ ਇਹ ਸ਼ਮ ਨੂੰ ਖਾਣ ਪੀਣ ਵੇਲੇ ਹੀ ਉੱਚੀ ਉੱਚੀ ਲੜਦੇ-ਝਗੜਦੇ ਸੁਣਦੇ। ਇਹ ਤਾਂ ਕਈ ਵਾਰ ਦਿਨੇ ਹੇਠਾਂ ਗਰਾਉਂਡ ਫਲੋਰ ਉੱਤੇ ਰੋਟੀ ਖਾਂਦੇ ਵੀ ਉੱਚੀ ਉੱਚੀ ਬੋਲਦੇ ਸੁਣਦੇ। ਕਈ ਵਾਰ ਕਿਸੇ ਬੱਚੇ ਨੂੰ ਡਾਂਟਦੇ ਲੱਗਦੇ। ਡਾਂਟਦੇ ਕੀ, ਥੱਪੜਾਂ ਦੀ ਆਵਾਜ਼ ਵੀ ਸੁਣਦੀ। ਹਾਲ ਵਿਚੋਂ ਉਨ੍ਹਾਂ ਦੀਆਂ ਆਵਾਜ਼ਾਂ ਬਾਹਰ ਜਾ ਰਹੀਆਂ ਹੁੰਦੀਆਂ, ”ਦਿਖਾਓ… ਆਪਣੀ ਆਪਣੀ ਫੇਸਬੁੱਕ… ਦਿਖਾਓ ਆਪਣੇ ਆਪਣੇ ਮੋਬਾਈਲ… ਕਿਨ੍ਹਾਂ ਕਿਨ੍ਹਾਂ ਲਫੰਡਰਾਂ ਦੇ ਫੋਨ ਤੁਸੀਂ ਫੀਡ ਕੀਤੇ ਹੋਏ ਹਨ…।”

ਬਾਹਰ ਸੁਣ ਰਹੇ ਲੋਕਾਂ ਨੂੰ ਇਹ ਸਮਝ ਨਹੀਂ ਸੀ ਪੈਂਦੀ ਕਿ ਉਹ ਮੁੰਡੇ ਨੂੰ ਝਿੜਕ ਰਹੇ ਹਨ ਕਿ ਕੁੜੀ ਨੂੰ। ਵਿਚ ਵਿਚ ਔਰਤਾਂ ਦੀਆਂ ਆਵਾਜ਼ਾਂ ਵੀ ਆਉਂਦੀਆਂ ਸਨ। ਉਹ ਵੀ ਜਿਵੇਂ ਨਾਲ ਝਿੜਕ ਰਹੀਆਂ ਹੋਣ। ਕਿਸੇ ਨੂੰ ਕੋਈ ਸਮਝ ਨਹੀਂ ਸੀ ਪੈਂਦੀ ਕਿ ਕੌਣ ਕੀਹਦੇ ਬੱਚੇ ਨੂੰ ਝਿੜਕ ਰਿਹਾ ਹੁੰਦਾ ਹੈ।

ਪਰ ਸਭ ਤੋਂ ਗੜਕਵੀਂ ਆਵਾਜ਼ ਪਿਓ ਦੀ ਹੁੰਦੀ ਸੀ। ਉਹ ਕਦੇ ਕਿਸੇ ਨੂੰ ਤਾੜ ਰਿਹਾ ਹੁੰਦਾ। ਕਦੇ ਕਿਸੇ ਨੂੰ ਸਮਝਾ ਰਿਹਾ ਹੁੰਦਾ।

”ਕਿਉਂ ਜੁਆਕ ਦੀ ਬਾਂਹ ਮਰੋੜ ਰਿਹੈਂ… ਸ਼ਰਮ ਕਰ ਥੋੜ੍ਹੀ ਜਿਹੀ… ਤੂੰ ਪਤਾ ਨੀ ਕਿਹੜੇ ਕਿਹੜੇ ਲੱਛਣ ਕਰਦੈ ਰਿਹੈਂ ਛੋਟਾ ਹੁੰਦਾ…।”

ਕਈ ਵਾਰ ਪਿਓ ਆਪਣੀ ਨੂੰਹ ਨੂੰ ਘੂਰਦਾ, ”ਕਿਉਂ ਜੁਆਕ ਨੂੰ ਕੁੱਟਦੀ ਐਂ… ਤੈਥੋਂ ਨੀ ਕਦੇ ਗਿਲਾਸ ਟੁੱਟਿਆ…?”

ਜਿੱਥੇ ਪਿਓ ਸਭ ਨੂੰ ਖਿੱਚ ਕੇ ਰੱਖਦਾ, ਉੱਥੇ ਪਿਆਰ ਅਤੇ ਮੋਹ ਵੀ ਉਨ੍ਹਾਂ ਨੂੰ ਬੜਾ ਕਰਦਾ। ਪੁੱਤਰਾਂ, ਨੂੰਹਾਂ ਅਤੇ ਅੱਗੋਂ ਉਨ੍ਹਾਂ ਦੇ ਬੱਚਿਆਂ ਦੇ ਖਾਣ ਪੀਣ ਦਾ ਖ਼ਿਆਲ ਰੱਖਦਾ। ਇਨ੍ਹਾਂ ਦਾ ਹੀ ਖ਼ਿਆਲ ਨਹੀਂ ਸੀ ਰੱਖਦਾ ਸਗੋਂ ਆਪਣੀਆਂ ਨੂੰਹਾਂ ਦੇ ਭਰਾਵਾਂ, ਭਰਜਾਈਆਂ, ਭੈਣਾਂ, ਭਣੋਈਆਂ ਸਭ ਦਾ ਖ਼ਿਆਲ ਰੱਖਦਾ ਸੀ। ਉਨ੍ਹਾਂ ਦੀਆਂ ਭੈਣਾਂ, ਭਰਜਾਈਆਂ ਨੂੰ ਕਹਿ ਦਿੰਦਾ ਸੀ ਕਿ ਭਾਈ ਆਪ ਹੀ ਰਸੋਈ ਵਿਚ ਜਾ ਕੇ ਜੋ ਮਰਜ਼ੀ ਬਣਾਓ। ਨਾਲੇ ਆਪ ਖਾਓ, ਨਾਲੇ ਸਾਨੂੰ ਬਣਾ ਕੇ ਖਵਾਓ। ਇਨ੍ਹਾਂ ਗੱਲਾਂ ਦਾ ਭਾਵ ਉਨ੍ਹਾਂ ਦੀ ਆਓ-ਭਗਤ ਕਰਨਾ ਹੁੰਦਾ ਸੀ। ਨਾ ਕੋਈ ਕਿਸੇ ਦੇ ਖਾਣ ਆਉਂਦੈ। ਨਾ ਕੋਈ ਕਿਸੇ ਦੇ ਖਾਣ ਜਾਂਦੈ। ਇਹ ਤਾਂ ਅਗਲੇ ਦੇ ਆਉਣ ਦਾ ਸਮਝੋ ਇੱਕ ਸੁਆਗਤ ਹੁੰਦਾ ਸੀ। ਨਿੱਘਾ ਅਤੇ ਮੋਹ ਭਿੱਜਿਆ।

ਪਰ ਇਹ ਵੀ ਨਹੀਂ ਸੀ ਕਿ ਪਿਓ ਹਰ ਇੱਕ ਨਾਲ ਹੀ ਇਸ ਤਰ੍ਹਾਂ ਨਾਲ ਵਰਤਾਓ ਕਰਦਾ ਸੀ। ਉਹ ਪਹਿਲੀ ਵਾਰ ਤਾਂ ਸਭ ਨੂੰ ਇਸੇ ਤਰ੍ਹਾਂ ਮਿਲਦਾ ਸੀ। ਪਰ ਜੇ ਕੋਈ ਚਾਂਭਲ ਜਾਂਦਾ ਸੀ ਤਾਂ ਉਹਦੇ ਤੋਂ ਅੱਖ ਫੇਰ ਲੈਂਦਾ ਸੀ। ਅੱਖ ਫੇਰ ਹੀ ਨਹੀਂ ਸੀ ਲੈਂਦਾ ਬਲਕਿ ਕੌੜੀਆਂ ਅੱਖਾਂ ਨਾਲ ਦੇਖ ਕੇ ਅਗਲੇ ਦੀ ਜਾਨ ਕੱਢ ਦਿੰਦਾ ਸੀ…। ਅਗਲੇ ਦੇ ਹੱਥ ਵਿਚ ਫੜ੍ਹਿਆ ਚਾਹ ਦਾ ਕੱਪ ਵੀ ਕੰਬਣ ਲੱਗ ਜਾਂਦਾ ਸੀ।

ਇਨ੍ਹਾਂ ਦਾ ਪਰਿਵਾਰ ਦਸਾਂ ਜੀਆਂ ਦਾ ਸੀ। ਪਿਓ ਤੇ ਉਸ ਦੀ ਪਤਨੀ ਅਤੇ ਦੋਵੇਂ ਪੁੱਤਰ, ਉਨ੍ਹਾਂ ਦੀਆਂ ਪਤਨੀਆਂ ਅਤੇ ਅੱਗੋਂ ਉਨ੍ਹਾਂ ਦੇ ਚਾਰ ਬੱਚੇ। ਵੱਡੇ ਪੁੱਤਰ ਦੀਆਂ ਦੋ ਲੜਕੀਆਂ ਅਤੇ ਇਕ ਲੜਕਾ। ਛੋਟੇ ਪੁੱਤਰ ਦੇ ਇਕ ਲੜਕਾ। ਉਹ ਰਹਿੰਦੇ ਇਸ ਤਰ੍ਹਾਂ ਸਨ ਕਿ ਭਾਵੇਂ ਦੋ ਚਾਰ ਹੋਰ ਮੈਂਬਰ ਵੀ ਸਮਾ ਜਾਂਦੇ। ਜੇ ਇੱਕ ਮੈਂਬਰ ਵੀ ਘਰੋਂ ਚਲਿਆ ਜਾਂਦਾ ਤਾਂ ਬਾਕੀਆਂ ਨੂੰ ਲੱਗਦਾ ਜਿਵੇਂ ਘਰ ਸੁੰਨਾ ਹੋ ਗਿਆ ਹੋਵੇ। ਜੇ ਕਦੇ ਇੱਕ ਪੁੱਤਰ ਦੀ ਪਤਨੀ ਅਤੇ ਉਹਦੇ ਬੱਚੇ ਨਾਨਕੇ ਚਲੇ ਜਾਂਦੇ ਜਾਂ ਕਿਸੇ ਹੋਰ ਪਾਸੇ ਤੁਰਨ ਫਿਰਨ ਚਲੇ ਜਾਂਦੇ ਤਾਂ ਸਮਝੋ ਬਾਕੀਆਂ ਲਈ ਘਰ ਖਾਲੀ ਹੋ ਜਾਂਦਾ।

ਛੋਟੇ ਪੁੱਤਰ ਦੇ ਵਿਆਹ ਮਗਰੋਂ ਇੱਕ ਦਿਨ ਦਰਾਣੀ ਜਠਾਣੀ ਬੈਠੀਆਂ ਆਪਣੇ ਸਹੁਰੇ ਪਰਿਵਾਰ ਬਾਰੇ ਗੱਲਾਂ ਕਰ ਰਹੀਆਂ ਸਨ। ਵੱਡੀ ਛੋਟੀ ਨੂੰ ਕਹਿੰਦੀ, ”ਪਰ ਇੱਕ ਗੱਲ ਐ ਇਹ ਦਾਜ ਦਹੂਜ ਬਿਲਕੁਲ ਨਹੀਂ ਮੰਗਦੇ… ਮੇਰੇ ਵਿਆਹ ਨੂੰ ਭਰਿਆ ਹੋਇਆ ਟਰੱਕ ਛੱਡ ਕੇ ਆ ਗਏ ਸੀ ਡੈਡੀ…। ਅਸੀਂ ਘਰ ਆਪ ਪੁਚਾਇਆ ਤਾਂ ਮਸਾਂ ਸਮਾਨ ਲਾਹਿਆ। ਉਹ ਵੀ ਇਨ੍ਹਾਂ ਦੇ ਰਿਸ਼ਤੇਦਾਰਾਂ ਦੇ ਝਾੜ ਪਾਉਣ ਮਗਰੋਂ…। ਇਹ ਆਪ ਹੀ ਨਹੀਂ ਇਨ੍ਹਾਂ ਦਾ ਸਾਰਾ ਸਰਕਲ ਹੀ ਅਜਿਹਾ ਹੈ…।”

ਛੋਟੀ ਬੋਲੀ, ”ਮੇਰੇ ਪਾਪਾ ਵੀ ਦੱਸਣ… ਮੰਗਣੇ ਤੋਂ ਪਹਿਲਾਂ ਉਹ ਐਥੇ ਮੁੰਦੀਆਂ ਦਾ ਮੇਚ ਲੈਣ ਆਏ… ਪਰ ਇਨ੍ਹਾਂ ਨੇ ਕਿਸੇ ਮੁੰਦੀ ਦਾ ਮੇਚ ਨਹੀਂ ਦਿੱਤਾ… ਇਨ੍ਹਾਂ ਦੇ ਡੈਡੀ ਕਹਿੰਦੇ, ਕੱਢੋ ਬਈ ਆਪਣੇ ਆਪਣੇ ਹੱਥ…। ਤਿੰਨਾਂ ਨੇ ਹੱਥ ਕੱਢੇ… ਕਹਿੰਦੇ ਦੇਖੋ, ਸਾਡੇ ਕਿਸੇ ਦੇ ਵੀ ਹੱਥਾਂ ਵਿਚ ਮੁੰਦੀ ਹੈੈ? ਸੋਨਾ ਤਾਂ ਕੀ, ਤਾਂਬੇ, ਲੋਹੇ ਦਾ ਛੱਲਾ ਵੀ ਹੈ…? ਮੇਰੇ ਪਾਪਾ ਕਹਿੰਦੇ… ਸਰਦਾਰ ਜੀ, ਤੁਹਾਡੀਆਂ ਤਾਂ ਗੱਲਾਂ ਹੀ ਸੋਨੇ ਵਰਗੀਆਂ ਨੇ… ਤੁਹਾਡੇ ਸਾਹਮਣੇ ਮੁੰਦੀਆਂ ਕੀ ਕਰਨਗੀਆਂ…!”

ਵੱਡੀ ਨੂੰਹ ਬੋਲੀ, ”ਹੋਰ ਦੱਸਾਂ ਪ੍ਰੀਤੀ ਵਿਆਹ ਤੋਂ ਸੱਤਾਂ ਸਾਲਾਂ ਮਗਰੋਂ ਮੇਰੀ ਧੀ ਜੰਮੀ…, ਪਰ ਮਜਾਲ ਐ ਘਰ ਵਿਚ ਕਿਸੇ ਨੇ ਇਕ ਦਿਨ ਵੀ ਕੋਈ ਮਿਹਣਾ ਦਿੱਤਾ ਹੋਵੇ। ਵਿਆਹੀ ਆਈ ਮੈਂ ਸਿਰਫ਼ ਬੀ.ਏ. ਸੀ। ਡੈਡੀ ਨੇ ਹੀ ਲਾਅ ਕਰਵਾਈ। ਕਹਿੰਦੇ ਮੈਂ ਚਾਹੁਣਾ ਮੇਰੀਆਂ ਨੂੰਹਾਂ ਆਪਣੇ ਪੈਰਾਂ ਉਪਰ ਹੋਣ, ਮੇਰੇ ਮੁੰਡਿਆਂ ਦੇ ਹੱਥਾਂ ਵੱਲ ਨਾ ਝਾਕਣ।” ਅਜਿਹੀਆਂ ਗੱਲਾਂ ਇਕੱਲੀਆਂ ਬੈਠੀਆਂ ਉਹ ਆਮ ਹੀ ਕਰਦੀਆਂ ਰਹਿੰਦੀਆਂ ਸਨ।

ਘਰ ਦੀਆਂ ਇਨ੍ਹਾਂ ਤਿੰਨਾਂ ਇਸਤਰੀਆਂ ਦਾ ਵੀ ਕਈ ਵਾਰ ਬੋਲ-ਬੁਲਾਰਾ ਹੋ ਜਾਂਦਾ ਸੀ। ਕਿਸੇ ਗੱਲ ਉੱਤੇ ਰਾਇ ਨਹੀਂ ਸੀ ਮਿਲਦੀ ਹੁੰਦੀ ਤਾਂ ਤਿੰਨੇ ਸੋਚਦੀਆਂ ਸਨ ਕਿ ਉਸੇ ਦੀ ਗੱਲ ਘਰ ਵਿਚ ਪੁੱਗੇ। ਪਰ ਜਦੋਂ ਪਿਓ ਨੂੰ ਪਤਾ ਲੱਗਦਾ ਤਾਂ ਉਹ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੇ ਕੋਲ ਇਕੱਲਿਆਂ ਬੁਲਾ ਕੇ ਗੱਲ ਕਰਦਾ ਅਤੇ ਘਰ ਦੀਆਂ ਔਰਤਾਂ ਵਿਚ ਪਈ ਗੁੰਝਲ ਨੂੰ ਸੁਲਝਾਉਣ ਬਾਰੇ ਰਾਇ ਕਰਦਾ। ਪੁੱਤਰ ਵੀ ਲਗਭਗ ਆਪਣੇ ਪਿਓ ਵਾਂਗ ਹੀ ਸੋਚਦੇ। ਉਹ ਔਰਤਾਂ ਦਾ ਕਸੂਰ ਨਹੀਂ ਸਨ ਸਮਝਦੇ। ਉਹ ਜਾਣਦੇ ਸਨ ਕਿ ਉਹ ਤਿੰਨੋਂ ਵੱਖੋ ਵੱਖ ਘਰਾਂ ਤੋਂ ਆਈਆਂ ਹਨ। ਇਸੇ ਲਈ ਉਨ੍ਹਾਂ ਦਾ

ਸੁਭਾਅ, ਸੋਚ ਅਤੇ ਰਾਵਾਂ ਨਹੀਂ ਮਿਲਦੀਆਂ। ਉਨ੍ਹਾਂ ਦਾ ਕਸੂਰ ਨਹੀਂ ਹੈ। ਇੱਕ ਰਾਇ ਅਤੇ ਸਲਾਹ ਕਰਕੇ ਪਿਓ ਪੁੱਤਰ ਮਸਲਾ ਸੁਲਝਾ ਦਿੰਦੇ। ਅਤੇ ਫੇਰ ਪਹਿਲਾਂ ਵਰਗਾ ਮਾਹੌਲ ਘਰ ਦਾ ਬਣ ਜਾਂਦਾ। ਭਾਵੇਂ ਇਸ ਸਭ ਕਾਸੇ ਦੌਰਾਨ ਪਿਓ-ਪੁੱਤਰਾਂ ਨੂੰ ਕਾਫ਼ੀ ਤਣਾਅ ਵਿਚੋਂ ਲੰਘਣਾ ਪੈਂਦਾ।

ਉਨ੍ਹਾਂ ਤਿੰਨਾਂ ਪਿਓ-ਪੁੱਤਰਾਂ ਦੇ ਮਿੱਤਰ ਵੀ ਸਾਂਝੇ ਸਨ। ਚਾਹੇ ਪੁੱਤਰਾਂ ਦੇ ਹਾਣ ਦੇ ਹੋਣ ਜਾਂ ਉਨ੍ਹਾਂ ਦੇ ਪਿਓ ਦੇ। ਉਹ ਤਿੰਨੋਂ ਉਨ੍ਹਾਂ ਨਾਲ ਬਰਾਬਰ ਘੁਲ-ਮਿਲ ਕੇ ਗੱਲਾਂ ਕਰਦੇ।

ਇਸੇ ਤਰ੍ਹਾਂ ਦੋ ਮਿੱਤਰ ਪਿਓ ਪੁੱਤਰਾਂ ਦੇ ਸਾਂਝੇ ਸਨ। ਦੋਵਾਂ ਨਾਲ ਪਿਓ ਪੁੱਤਰਾਂ ਦੀ ਵਿਚਾਰਧਾਰਾ, ਸੁਭਾਅ, ਸੋਚ ਬਹੁਤ ਮਿਲਦੀ-ਜੁਲਦੀ ਸੀ। ਇੱਕ ਮਿੱਤਰ ਕਿਸੇ ਵੱਡੇ ਅਖ਼ਬਾਰ ਵਿਚੋਂ ਰਿਟਾਇਰ ਹੋਇਆ ਸੀਨੀਅਰ ਪੱਤਰਕਾਰ ਸੀ ਜੋ ਪਿਓ ਦੇ ਹਾਣ ਪ੍ਰਵਾਨ ਸੀ। ਦੂਜਾ ਮਿੱਤਰ ਸ਼ਹਿਰ ਦੇ ਇੱਕ ਵੱਡੇ ਰੈਸਤਰਾਂ ਦਾ ਮਾਲਿਕ ਸੀ, ਜੋ ਪੁੱਤਰਾਂ ਦਾ ਹਾਣੀ ਸੀ। ਉਨ੍ਹਾਂ ਪੰਜਾਂ ਦੀ ਮਿਜਾਜ਼ ਬਹੁਤ ਮਿਲਦੀ ਸੀ। ਪੰਜੇ ਅਗਾਂਹਵਧੂ ਸੋਚ ਅਤੇ ਸਾਹਿਤਕ ਰੁਚੀਆਂ ਦੇ ਮਾਲਿਕ ਸਨ। ਪੱਤਰਕਾਰ ਤਾਂ ਆਪ ਕਵਿਤਾਵਾਂ ਅਤੇ ਲਗਾਤਾਰ ਇੱਕ ਫੀਚਰ ਲਿਖਦਾ ਸੀ। ਹੁਣ ਉਹ ਆਪਣੇ ਫੀਚਰ ਵਾਲੇ ਨਾਂ ਨਾਲ ਬਹੁਤਾ ਪ੍ਰਸਿੱਧ ਸੀ। ਜੇ ਉਸ ਦਾ ਇਕੱਲਾ ਨਾਂ ਲਿਆ ਜਾਂਦਾ ਅਤੇ ਅੱਗੋਂ ਕੋਈ ਪੁੱਛਦਾ, ਕਿਹੜਾ ਰਾਮ ਸਿੰਘ…। ਤਾਂ ਅਗਲਾ ਝੱਟ ਬੋਲਦਾ, ਯਾਰ ਰਾਮ ਸਿੰਘ ਰੰਗ-ਢੰਗ ਵਾਲਾ… ਹੋਰ ਕਿਹੜਾ?… ਹੋਰ ਹੈ ਕੋਈ ਰਾਮ ਸਿੰਘ…।

ਇਸੇ ਤਰ੍ਹਾਂ ਰੈਸਤਰਾਂ ਦੇ ਮਾਲਕ ਨੂੰ ਉਸ ਦੇ ਰੈਸਤਰਾਂ ਦੇ ਨਾਂ ਨਾਲ ਹੀ ਸਾਰਾ ਸਾਹਿਤਕ ਅਤੇ ਅਗਾਂਹਵਧੂ ਲਹਿਰ ਨਾਲ ਜੁੜਿਆ ਸਰਕਲ ਜਾਣਦਾ ਸੀ। ਕੁਲਵਿੰਦਰ ਸਿੰਘ। ਕਿਹੜਾ ਕੁਲਵਿੰਦਰ ਸਿੰਘ? ਕੁਲਵਿੰਦਰ ਸਿੰਘ ਸੁੱਚਤਮ। ਭਾਵ ਵਪਾਰ ਵਿਚ ਸੁੱਚਾ ਕੰਮ ਕਰਨ ਵਾਲਾ। ਕਿਸੇ ਸਮੇਂ ਉਹ ਨਾਟਕ ਕਰਦਾ ਰਿਹਾ ਸੀ ਅਤੇ ਅਗਾਂਹਵਧੂ ਲਹਿਰ ਵਿਚ ਸਰਗਰਮ ਸੀ। ਸਕੂਲ ਕਾਲਜ ਦੇ ਦਿਨਾਂ ਵਿਚ। ਇਸ ਲਈ ਹੁਣ ਉਹ ਲੇਖਕਾਂ, ਕਲਾਕਾਰਾਂ ਦੇ ਸਮਾਗਮ ਅਕਸਰ ਹੀ ਆਪਣੇ ਰੈਸਤਰਾਂ ਵਿਚ ਕਰਵਾਉਂਦਾ ਰਹਿੰਦਾ ਸੀ। ਚਾਹ ਪਾਣੀ ਵੀ ਨਾਲ ਪਿਲਾ ਦਿੰਦਾ ਸੀ।

ਰਾਮ ਸਿੰਘ ਰੰਗ-ਢੰਗ ਅਤੇ ਕੁਲਵਿੰਦਰ ਸਿੰਘ ਸੁੱਚਤਮ ਇਕ ਦਿਨ ਕਿਸੇ ਵਿਆਹ ਦੀ ਰਿਸੈਪਸ਼ਨ ਵਿਚ ਇਨ੍ਹਾਂ ਤਿੰਨਾਂ ਪਿਓ-ਪੁੱਤਰਾਂ ਨੂੰ ਮਿਲ ਗਏ। ਤਿੰਨੇ ਪਿਓ-ਪੁੱਤਰ ਵਿਸਕੀ ਦੇ ਗਿਲਾਸ ਹੱਥਾਂ ਵਿਚ ਫੜੀ ਲਾਅਨ ਵਿਚ ਟਹਿਲ ਰਹੇ ਸਨ।

”ਬੱਲੇ ਬੱਲੇ… ਬਈ ਕਮਾਲ ਹੈ… ਤਿੰਨਾਂ ਪਿਓ-ਪੁੱਤਰਾਂ ਦੀ… ਇਹ ਵਧੀਆ ਹੈ… ਕਿਸੇ ਦੀ ਹੋਰ ਲੋੜ ਹੀ ਨਹੀਂ…।”

ਹੁਣ ਪੰਜੇ ਹੱਸ ਰਹੇ ਸਨ। ਰਾਮ ਸਿੰਘ ਪੂਰੇ ਸਰੂਰ ਵਿਚ ਬੋਲਿਆ, ”ਕਿਉਂ ਬਈ! ਕੀ ਰਾਜ਼ ਹੈ… ਤੁਹਾਡਾ ਪਿਓ-ਪੁੱਤਰਾਂ ਦੇ ਇਕੱਠੇ ਵਿਚਰਨ ਦਾ…? ਗੱਲਾਂ ਵੀ ਤੁਹਾਡੀਆਂ ਨੀ ਮੁੱਕਦੀਆਂ… ਹੱਸਦੇ-ਤੁੱਸਦੇ ਖਿੜਖਿੜਾਉਂਦੇ ਰਹਿੰਦੇ ਓ… ਐਂ ਤਾਂ ਯਾਰ ਬਰਾਬਰ ਦੇ ਦੋਸਤ ਵੀ ਨਹੀਂ ਫਿਰਦੇ ਲਗਾਤਾਰ…।”

ਤਿੰਨੇ ਪਿਓ-ਪੁੱਤਰ ਮੁਸਕਰਾਉਣ ਲੱਗੇ। ਪਿਓ ਨੇ ਕਿਹਾ, ”ਯਾਰ ਰਾਮ ਸਿੰਘ… ਤੂੰ ਕਿੰਨੀ ਵਾਰ ਇਹ ਗੱਲ ਕਹੀ ਹੈ। … ਐਂ ਕਰੋ, ਤੂੰ ਤੇ ਕੁਲਵਿੰਦਰ ਇੱਕ ਦਿਨ ਸਾਡੇ ਘਰ ਆਓ… ਸਾਡੇ ਘਰਦਿਆਂ ਦੀ ਇੰਟਰਵਿਊ ਲਓ… ਇਨ੍ਹਾਂ ਦੀ ਮੰਮੀ ਦੀ, ਮੇਰੀਆਂ ਨੂੰਹਾਂ ਅਤੇ ਮੇਰੇ ਪੋਤੇ ਪੋਤੀਆਂ ਦੀ… ਜਾਓ ਤੁਹਾਨੂੰ ਖੁੱਲ੍ਹ ਐ… ਆਓ ਇੱਕ ਦਿਨ… ਮਿੱਥੋ ਤਰੀਕ… ਆਓ ਸਾਡੇ ਕੋਲ…।”

ਰਾਮ ਸਿੰਘ ਉਨ੍ਹਾਂ ਵੱਲ ਗੰਭੀਰ ਹੋ ਕੇ ਦੇਖਣ ਲੱਗਾ। ਉਹ ਸੋਚ ਰਿਹਾ ਸੀ ਕਿ ਕਿਤੇ ਪਿਓ ਨੇ ਸ਼ਰਾਬ ਦੇ ਨਸ਼ੇ ਵਿੱਚ ਤਾਂ ਨੀ ਕਹਿ ਦਿੱਤਾ। ਐਨੀ ਖੁੱਲ੍ਹ ਤਾਂ ਕੋਈ ਦਿੰਦਾ ਦੇਖਿਆ ਨਹੀਂ। ਰਾਮ ਸਿੰਘ ਨੂੰ ਦੁਚਿੱਤੀ ਜਿਹੀ ਵਿਚ ਦੇਖ ਕੇ ਪਿਓ ਫਿਰ ਬੋਲਿਆ, ”ਐਂ ਨਾ ਸਮਝੀਂ, ਨਸ਼ੇ ਵਿਚ ਕਹਿ ਰਿਹੈਂ… ਮਿੱਥ ਤਰੀਕ… ਕਰ ਗੱਲ…।”

ਰਾਮ ਸਿੰਘ ਆਲਾ-ਦੁਆਲਾ ਦੇਖਣ ਲੱਗਾ, ”ਦੱਸ ਬਈ ਕੁਲਵਿੰਦਰ… ਤੂੰ ਵੀ ਕੁਝ ਬੋਲ… ਕਿਵੇਂ ਕਰਨੈ…।” ਸਹਾਇਤਾ ਲਈ ਉਹ ਕੁਲਵਿੰਦਰ ਸਿੰਘ ਵੱਲ ਦੇਖਣ ਲੱਗਾ।

”ਚੱਲੇ ਚੱਲੋ ਜੀ ਇੱਕ ਦਿਨ… ਜਿਵੇਂ ਕਹਿੰਦੇ ਨੇ… ਐਨੀ ਅਪਣੱਤ ਨਾਲ ਤਾਂ ਕਹਿੰਦੇ ਨੇ…।”

”ਚੱਲ ਠੀਕ ਐ… ਲੈ ਬਈ ਅਗਲੇ ਸ਼ਨਿੱਚਰਵਾਰ ਡਨ ਕਰੋ… ਨਾਲੇ ਦੂਜੇ ਦਿਨ ਐਤਵਾਰ ਐ… ਸਾਝਰੇ ਉੱਠਣ ਦਾ ਫਿਕਰ ਨਾ ਹੋਊ ਕਿਸੇ ਨੂੰ…।” ਰਾਮ ਸਿੰਘ ਨੇ ਹਾਮੀ ਭਰੀ ਅਤੇ ਪ੍ਰੋਗਰਾਮ ਤੈਅ ਕਰ ਦਿੱਤਾ।

ਸ਼ਨਿੱਚਰਵਾਰ ਨੂੰ ਰਾਮ ਸਿੰਘ ਅਤੇ ਕੁਲਵਿੰਦਰ ਸਿੰਘ ਸਮੇਂ ਸਿਰ ਪਿਓ-ਪੁੱਤਰਾਂ ਦੇ ਘਰ ਪਹੁੰਚ ਗਏ। ਤਿੰਨ ਮੰਜ਼ਿਲਾ ਮਕਾਨ ਸੀ। ਬੈਠਣ ਲਈ ਉਨ੍ਹਾਂ ਦਫ਼ਤਰ ਹੀ ਚੁਣਿਆ। ਫਰਸਟ ਫਲੋਰ। ਵਕਾਲਤ ਵਾਲਾ। ਮੇਜ਼ ਜੋ ਉੱਚਾ ਤੇ ਵੱਡਾ ਸੀ। ਖੁੱਲ੍ਹ ਕੇ ਬੈਠਿਆ ਜਾਣਾ ਸੀ। ਸੋਫਿਆਂ ਵਿਚ ਧਸਣ ਨਾਲੋਂ ਐਥੇ ਸੁਖਾਲਾ ਲੱਗ ਰਿਹਾ ਸੀ। ਮੇਜ਼ ਉੱਤੇ ਬੋਤਲ ਆ ਗਈ। ਵੱਡਾ ਅਤੇ ਛੋਟਾ ਪੁੱਤਰ ਵਾਰੀ ਵਾਰੀ ਕੁਝ ਨਾ ਕੁਝ ਲਿਆ ਰਹੇ ਸਨ। ਬੱਚੇ ਵੀ ਨੇੜੇ-ਤੇੜੇ ਆਉਣ ਲੱਗੇ। ਗੱਲਾਂ ਸੁਣਨ ਲਈ। ਉਹ ਤਾਂ ਉਂਝ ਵੀ ਗੱਲਾਂ ਸੁਣਨ ਲੱਗੇ ਜਾਂਦੇ ਸਨ। ਜਦੋਂ ਕੋਈ ਆ ਜਾਂਦਾ ਸੀ।

ਗੱਲਾਂ ਆਪਮੁਹਾਰੇ ਚੱਲ ਪਈਆਂ।

”ਕਿਉਂ ਬਈ ਬੱਚਿਓ! ਤੁਹਾਡਾ ਦਾਦਾ ਕੈਸਾ ਬੰਦਾ ਹੈ…?” ਰਾਮ ਸਿੰਘ ਨੇ ਸਭ ਤੋਂ ਛੋਟੇ ਪੋਤੇ ਨੂੰ ਪੁੱਛਿਆ।

”ਬਹੁਤ ਨਾਲਾਇਕ ਹੈ… ਸਾਨੂੰ ਹਮੇਸ਼ਾ ਪੜ੍ਹਣ ਲਈ ਕਹਿੰਦਾ ਰਹਿੰਦਾ ਏ…।” ਛੋਟੇ ਪੋਤੇ ਨੇ ਉੱਤਰ ਦਿੱਤਾ। ਨਾਲੇ ਉਹ ਹੱਸਣ ਲੱਗ ਪਿਆ।

ਉਹ ਦੋਵੇਂ ਸਮਝ ਰਹੇ ਸਨ ਕਿ ਬੱਚੇ ਵੀ ਵਿਅੰਗ ਵਿਚ ਗੱਲਾਂ ਕਰਦੇ ਨੇ!

ਚਾਰੇ ਪੋਤੇ ਪੋਤੀਆਂ ਆਲੇ-ਦੁਆਲੇ ਐਧਰ ਓਧਰ ਕੁਰਸੀਆਂ ਉੱਤੇ ਬੈਠੇ ਸਨ। ਉਨ੍ਹਾਂ ਦੀ ਦਾਦੀ ਤਾਂ ਭਲਾ ਅਜਿਹੇ ਸਮੇਂ ਆਪ ਹੀ ਆ ਬੈਠਦੀ ਹੁੰਦੀ ਸੀ। ਉਹ ਦੇਖੀ ਸੁਣੀ ਜਾਂਦੀ ਸੀ ਜਾਂ ਲੋੜੀਂਦੀ ਚੀਜ਼ ਵਸਤ ਲਿਆਉਣ ਲਈ ਪੋਤੇ ਪੋਤੀਆਂ ਨੂੰ ਕਹਿੰਦੀ ਰਹਿੰਦੀ ਸੀ।

ਜਾ ਪਾਪੜ ਭੁੰਨ ਲਿਆ…।

ਜਾ ਸਲਾਦ ਬਣਾ ਲਿਆ ਆਪਣੀ ਚਾਚੀ ਨੂੰ ਕਹਿ ਕੇ…।

ਜਾਹ ਮੱਛੀ ਦੇ ਪਕੌੜੇ ਬਣਾ ਲਿਆ ਆਪਣੀ ਤਾਈ ਤੋਂ…।

ਉਹ ਅਜਿਹੀਆਂ ਗੱਲਾਂ ਆਪਮੁਹਾਰੇ ਕਰੀ ਜਾਂਦੀ ਸੀ।

ਹੁਣ ਸਾਰੇ ਖੁੱਲ੍ਹ ਕੇ ਗੱਲਾਂ ਕਰਨ ਲੱਗੇ। ਉਨ੍ਹਾਂ ਦੋਵਾਂ ਨੂੰ ਘਰ ਵਰਗਾ ਮਾਹੌਲ ਜਾਪਣ ਲੱਗਿਆ। ਬਿਲਕੁਲ ਓਪਰਾ ਨਹੀਂ ਲੱਗ ਰਿਹਾ ਸੀ। ਸਾਰਾ ਖਾਣ ਪੀਣ ਦਾ ਸਮਾਨ ਘਰੇ ਤਿਆਰ ਕੀਤਾ ਗਿਆ ਸੀ। ਉਹ ਅੱਛਣੇ-ਪੱਛਣੇ ਨਹੀਂ ਸਨ ਕਰਦੇ। ਇਉਂ ਨਹੀਂ ਬਈ ਤਰ੍ਹਾਂ ਤਰ੍ਹਾਂ ਦੇ ਸਨੈਕਸ ਮਾਰਕੀਟ ਤੋਂ ਲਿਆ ਕੇ ਤਲ ਤਲ ਦੇਈ ਜਾਂਦੇ ਹੋਣ।

”ਦੱਸ ਬੇਟਾ ਤੂੰ ਕੀ ਕਰਦੀ ਐਂ… ਕਿਹੜੀ ਜਮਾਤ ਵਿਚ ਪੜ੍ਹਦੀ ਐਂ…।” ਰਾਮ ਸਿੰਘ ਨੇ ਛੋਟੀ ਪੋਤੀ ਨੂੰ ਪੁੱਛਿਆ।

”ਮੈਂ ਅੰਕਲ ਟੈੱਨ-ਪਲੱਸ-ਟੂ ਵਿਚ ਪੜ੍ਹਦੀ ਆਂ…।” ਉਹਨੇ ਸੰਗ ਜਿਹੀ ਨਾਲ ਉੱਤਰ ਦਿੱਤਾ।

”ਇਹ ਬਹੁਤ ਸ਼ਰਾਰਤਨ ਹੈ ਜੀ… ਤੁਹਾਡੇ ਸਾਹਮਣੇ ਹੀ ਐਂ ਬੋਲਦੀ ਐ ਜਿਵੇਂ ਮੂੰਹ ਵਿਚ ਜ਼ੁਬਾਨ ਨਹੀਂ ਹੁੰਦੀ… ਇਹ ਇੱਕ ਨੰਬਰ ਪਿੱਛੇ ਆਪਣੀ ਮੈਡਮ ਨਾਲ ਲੜ ਪਈ ਸੀ ਅੰਕਲ … ਕਿ ਮੈਥ ਦੇ ਪੇਪਰ ‘ਚੋਂ ਸਤਾਨਵੇਂ ਨੰਬਰ ਕਿਉਂ ਲਾਏ… ਅਠਾਨਵੇਂ ਕਿਉਂ ਨਹੀਂ… ਇੱਕ ਨੰਬਰ ਕਿਵੇਂ ਕੱਟਿਆ ਮੈਡਮ…?” ਵੱਡੇ ਪੋਤੇ ਨੇ ਕਿਹਾ।

ਹੁਣ ਸਾਰੇ ਹੱਸਣ ਲੱਗੇ।

ਉਨ੍ਹਾਂ ਦੋਵਾਂ ਨੂੰ ਲੱਗਿਆ ਕਿ ਬੱਚੇ ਚੁਸਤ ਅਤੇ ਤੇਜ਼ ਹਨ। ਪੜ੍ਹਣ ਵਿਚ ਵੀ ਚੰਗੇ ਹਨ।

ਉਨ੍ਹਾਂ ਸਭ ਤੋਂ ਛੋਟੇ ਪੋਤੇ ਨੂੰ ਪੁੱਛਿਆ, ”ਤੂੰ ਦੱਸ ਬਈ ਕੀ ਕਰਦੈਂ…?”

”ਮੈਂ ਜੀ… ਨਾਟਕ ਕਰਦੈਂ… ਮੈਨੂੰ ਪਾਪਾ ਆਪਣੇ ਨਾਲ ਨਾਟਕ ਕਰਾਉਣ ਲੱਗ ਪਏ ਨੇ…।”

”ਕਰਦੈਂ ਤੂੰ ਨਾਟਕ…ਸਟੇਜ ਉੱਤੇ ਸੁਆਹ ਉਡਾਉਣੈ… ਡਾਇਲਾਗ ਤਾਂ ਭੁੱਲ ਜਾਨੈਂ…।” ਵੱਡੇ ਪੋਤੇ ਨੇ ਟਿੱਚਰ ਕੀਤੀ।

”ਤੂੰ ਤਾਂ ਜਾਣੀ ਬੜੇ ਯਾਦ ਰੱਖਦੈਂ ਡਾਇਲਾਗ… ਬੋਲਦੈਂ… ਤਾਂ ਹੱਕ ਪੈਣ ਲੱਗ ਜਾਂਦੀ ਐ…।” ਛੋਟੇ ਨੇ ਵੱਡੇ ਨੂੰ ਜੁਆਬ ਦਿੱਤਾ।

”…ਚੰਗਾ ਐਂ ਦੱਸੋ ਕਿਹੜੀ ਕਿਹੜੀ ਜਮਾਤ ਵਿਚ ਪੜ੍ਹਦੇ ਹੋ ਤੁਸੀਂ…।” ਹੁਣ ਕੁਲਵਿੰਦਰ ਬੋਲਿਆ।

”ਇਹ ਛੇਵੀਂ ਵਿਚ ਐ ਜੀ… ਮੈਂ ਗਿਆਰਵੀਂ ਵਿਚ… ਵੱਡੀ ਦੀਦੀ ਲਾਅ ਕਰਦੀ ਐ। ਛੋਟੀ ਬਾਰ੍ਹਵੀਂ ਵਿਚ ਹੈ।” ਵੱਡੇ ਪੋਤੇ ਨੇ ਸਾਰਿਆਂ ਬਾਰੇ ਦੱਸਿਆ।

”ਵੀਰਾ ਗੀਤ ਵੀ ਲਿਖਦੈ ਅੰਕਲ ਜੀ… ਇਹਦੇ ਗੀਤ ਯੂ ਟਿਊਬ ਉੱਤੇ ਪਏ ਹੋਏ ਨੇ ਅੰਕਲ…।” ਛੋਟੇ ਪੋਤੇ ਨੇ ਵੱਡੇ ਬਾਰੇ ਕਿਹਾ।

”ਅੱਛਿਆ… ਵਾਹ ਬਈ ਵਾਹ…।” ਰੈਸਤਰਾਂ ਦੇ ਮਾਲਿਕ ਕੁਲਵਿੰਦਰ ਸਿੰਘ ਸੁੱਚਤਮ ਨੇ ਕਿਹਾ ਜਿਵੇਂ ਉਹ ਬੱਚਿਆਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਰਿਹਾ ਹੋਵੇ।

”ਅੱਛਿਆ ਐਂ ਦੱਸੋਂ… ਤੁਹਾਡੇ ਦਾਦੇ ਅਤੇ ਤੁਹਾਡੇ ਭਾਪਿਆਂ ਵਿਚੋਂ ਕੌਣ ਜ਼ਿਆਦਾ ਸਖ਼ਤ ਐ…।” ਰਾਮ ਸਿੰਘ ਨੇ ਪੱਤਰਕਾਰਤਾ ਦਾ ਰੰਗ ਦਿਖਾਉਂਦਿਆਂ ਪੁੱਛਿਆ।

”ਇਹ ਤਾਂ ਅੰਕਲ… ਉਦੋਂ ਹੀ ਪਤਾ ਲੱਗਦੈ ਜਦੋਂ ਥਪੜਾਈ ਹੋਣ ਲੱਗਦੀ ਐ… ਜੇ ਇੱਕ ਮਾਰੂ ਤਾਂ ਦੂਜਾ ਕਹੂ ਹੋਰ ਮਾਰ… ਐਥੇ ਛੁਡਾਉਣ ਵਾਲਾ ਕੋਈ ਨਹੀਂ… ਮਾਰਨ ਵੇਲੇ ਤਿੰਨੋਂ ਏਕਾ ਕਰ ਲੈਂਦੇ ਨੇ…” ਵੱਡੀ ਪੋਤੀ ਬੋਲੀ ਜਿਹੜੀ ਕੋਲ ਬੈਠੀ ਹਰ ਗੱਲ ਨੂੰ ਅੱਗੇ ਤੋਰਦੀ ਸੀ। ਉਹ ਆਪੇ ਹੀ ਜਿਵੇਂ ਸੂਤਰਧਾਰ ਬਣ ਗਈ ਸੀ।

”ਜਦ ਸਾਡੀ ਵਾਰੀ ਆਉਂਦੀ ਐ… ਤਾਂ ਅਸੀਂ ਵੀ ਇਕੱਠੇ ਹੋ ਜਾਂਦੇ ਆਂ। ਅਸੀਂ ਵੀ ਫੇਰ ਇਨ੍ਹਾਂ ਦੇ ਵਾਲ ਪੱਟਦੇ ਹਾਂ ਰਲ ਕੇ। ਐਂ ਪੱਟਦੇ ਹਾਂ, ਐਂ…।” ਸਭ ਤੋਂ ਛੋਟੇ ਪੋਤੇ ਨੇ ਕੁਰਸੀ ਉੱਤੇ ਬੈਠੇ ਆਪਣੇ ਦਾਦੇ ਦੇ ਵਾਲਾਂ ਨੂੰ ਫੜ੍ਹ ਕੇ ਹਲੂਣਿਆ।

ਉਨ੍ਹਾਂ ਦਾ ਡੈਡੀ ਝੁੰਜਲਾ ਕੇ ਬੋਲਿਆ, ”ਓਏ ਓਏ… ਕੀ ਕਰਦੈਂ… ਬੇਵਕੂਫ…।” ਹੁਣ ਸਾਰੇ ਤਾੜੀਆਂ ਮਾਰ ਕੇ ਉੱਚੀ ਉੱਚੀ ਹੱਸਣ ਲੱਗੇ।

ਹੁਣ ਰਾਮ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਲਗਭਗ ਕਾਫ਼ੀ ਤਸੱਲੀ ਹੋ ਗਈ ਸੀ। ਉਹ ਪਰਿਵਾਰ ਨੂੰ ਬਹੁਤ ਡੂੰਘਾਈ ਵਿਚ ਸਮਝ ਰਹੇ ਸਨ। ਉਹ ਦੇਖ ਰਹੇ ਸਨ ਕਿ ਇਸ ਘਰ ਵਿਚ ਖੁੱਲ੍ਹ ਵੀ ਬੜੀ ਹੈ। ਅਨੁਸ਼ਾਸਨ ਵੀ ਬੜਾ ਹੈ। ਸਾਰੇ ਖ਼ੁਸ਼ ਅਤੇ ਮਿਲ ਕੇ ਰਹਿੰਦੇ ਹਨ।

ਹੁਣ ਸਾਰੇ ਗੱਲਾਂਬਾਤਾਂ ਦੀ ਸਿਖਰ ਉੱਤੇ ਸਨ। ਉੱਚੀ ਉੱਚੀ ਕਹਿਕਹੇ ਵੱਜ ਰਹੇ ਸਨ। ਉਨ੍ਹਾਂ ਅਖੀਰ ਵਿਚ ਸਭ ਤੋਂ ਵੱਡੀ ਪੋਤੀ ਤੋਂ ਪੁੱਛਣਾ ਸ਼ੁਰੂ ਕੀਤਾ ਜਿਹੜੀ ਲਗਭਗ ਸਾਰੇ ਬੱਚਿਆਂ ਦੀ ਆਗੂ ਲੱਗਦੀ ਸੀ। ਤੇਜ਼-ਤਰਾਰ ਰਾਮ ਸਿੰਘ ਰੰਗ ਢੰਗ ਨੇ ਪੁੱਛਿਆ, ”ਤੂੰ ਦੱਸ ਬੇਟਾ… ਕੀ ਕਰਦੀ ਐਂ…? ਕਵਿਤਾਵਾਂ ਤਾਂ ਤੇਰੀਆਂ ਅੰਗਰੇਜ਼ੀ ਦੀਆਂ ਕਈ ਵਾਰ ਸੁਣੀਆਂ ਨੇ… ਸਭਾਵਾਂ ਵਿਚ…।”

”ਮੈਂ ਅੰਕਲ ਲਾਅ ਕਰਦੀ ਆਂ…।”

”ਅੱਛਿਆ! ਅੱਛਿਆ… ਵਾਹ ਬਈ ਵਾਹ… ਕਿੱਥੇ ਪੜ੍ਹਦੀ ਐਂ ਪੁੱਤਰ…?”

”ਮੈਂ ਅੰਕਲ ਯੂਨੀਵਰਸਿਟੀ ਵਿਚ ਪੜ੍ਹਦੀ ਆਂ… ਇਸੇ ਸਾਲ ਦਾਖਲਾ ਮਿਲਿਆ ਹੈ…।”

”ਫੇਰ ਤਾਂ ਪੁੱਤਰ ਤੂੰ ਵੀ ਪੜ੍ਹਣ ਵਿਚ ਚੰਗੀ ਐਂ… ਯੂਨੀਵਰਸਿਟੀ ਤਾਂ ਟੌਪ ਬੱਚਿਆਂ ਨੂੰ ਹੀ ਦਾਖਲਾ ਮਿਲਦੈ…।”

ਪਰ ਸਭ ਤੋਂ ਵੱਡੀ ਪੋਤੀ ਨੇ ਇਸ ਦਾ ਕੋਈ ਉੱਤਰ ਨਾ ਦਿੱਤਾ। ਜਿਵੇਂ ਇਸ ਗੱਲ ਦਾ ਕੋਈ ਉੱਤਰ ਦੇਣਾ ਨਾ ਬਣਦਾ ਹੋਵੇ।

”ਅੱਛਿਆ ਬੇਟਾ ਤੂੰ ਦੱਸ ਆਪਣੇ ਦਾਦੇ ਬਾਰੇ, ਆਪਣੇ ਪਾਪਾ ਬਾਰੇ, ਆਪਣੇ ਚਾਚੂ ਬਾਰੇ, ਮੰਮੀਆਂ ਬਾਰੇ… ਤੇਰੀ ਕੀ ਰਾਇ ਹੈ… ਸੱਚ ਸੱਚ ਦੱਸੀਂ ਬੇਟਾ… ਨਾ ਜਕੀਂ, ਨਾ ਡਰੀਂ…।” ਰਾਮ ਸਿੰਘ ਨੇ ਤੋੜਾ ਝਾੜਦਿਆਂ ਸਭ ਤੋਂ ਵੱਡੀ ਪੋਤੀ ਨੂੰ ਪੁੱਛਿਆ।

”ਹੁਣ… ਮੈਂ ਤੁਹਾਨੂੰ ਸਹੀ ਸਹੀ ਦੱਸਾਂ ਅੰਕਲ…।”

”ਹਾਂ ਦੱਸ… ਬੇਟਾ ਦੱਸ…।” ਰਾਮ ਸਿੰਘ ਅਤੇ ਕੁਲਵਿੰਦਰ ਸਿੰਘ ਜਿਵੇਂ ਉਤਸੁਕਤਾ ਵਿਚ ਬੋਲੇ। ਉਨ੍ਹਾਂ ਨੂੰ ਹੁਣ ਇਸ ਲੜਕੀ ਤੋਂ ਜਿਵੇਂ ਵਿਚਲੀ ਗੱਲ ਦਾ ਪਤਾ ਲੱਗਣਾ ਸੀ। ਪਿਓ ਪੁੱਤਰਾਂ ਦਾ ਪਾਜ ਅਸਲ ਵਿਚ ਹੁਣ ਖੁੱਲ੍ਹਣਾ ਸੀ।

ਗੱਲਾਂਬਾਤਾਂ ਦੌਰਾਨ ਰਾਮ ਸਿੰਘ ਤੇ ਕੁਲਵਿੰਦਰ ਸਿੰਘ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਚਾਰੇ ਬੱਚਿਆਂ ਵਿਚੋਂ ਕੌਣ ਕੀਹਦਾ ਸੀ। ਉਤਸੁਕਤਾ ਵੱਸ ਕੁਲਵਿੰਦਰ ਨੇ ਵੱਡੀ ਪੋਤੀ ਨੂੰ ਪੁੱਛਿਆ, ”ਬੇਟਾ ਪਹਿਲਾਂ ਇਹ ਦੱਸ ਕਿ ਤੂੰ ਕੀਹਦੀ ਬੇਟੀ ਹੈਂ? ਤੇਰਾ ਪਾਪਾ ਕੀ ਕਰਦਾ ਏ… ਮੰਮੀ ਕੀ ਕਰਦੀ ਐੈ?”

”ਅੰਕਲ, ਮੇਰਾ ਇੱਕ ਭਾਪਾ ਹੋਵੇ ਤਾਂ ਦੱਸਾਂ… ਮੇਰੀ ਇਕ ਮੰਮੀ ਹੋਵੇ ਤਾਂ ਦੱਸਾਂ। ਮੈਨੂੰ ਤਾਂ ਪਤਾ ਹੀ ਨੀ ਲੱਗਦਾ ਕਿ ਤਿੰਨਾਂ ਵਿਚੋਂ ਮੇਰਾ ਕਿਹੜਾ ਪਿਓ ਹੈ ਅਤੇ ਤਿੰਨਾਂ ਵਿਚੋਂ ਕਿਹੜੀ ਮਾਂ…? ਮੈਂ ਤਾਂ ਤਿੰਨ ਪਿਓਆਂ ਅਤੇ ਤਿੰਨ ਮਾਵਾਂ ਦੀ ਧੀ ਆਂ।”

”ਤਿੰਨ ਪਿਓਆਂ ਅਤੇ ਤਿੰਨ ਮਾਵਾਂ ਦੀ ਧੀ!!” ਸੁਣ ਕੇ ਰਾਮ ਸਿੰਘ ਅਤੇ ਕੁਲਵਿੰਦਰ ਸਿੰਘ ਜਿਵੇਂ ਅਵਾਕ ਰਹਿ ਗਏ।

ਰਾਮ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਹੈਰਾਨੀ ਨੂੰ ਬਿਨਾਂ ਗੌਲਿਆਂ ਵੱਡੀ ਪੋਤੀ ਖੁੱਲ੍ਹ ਕੇ ਬੋਲਦੀ ਰਹੀ, ”ਜੇ ਇੱਕ ਘੂਰਦੈ ਤਾਂ ਝੱਟ ਦੂਜਾ ਹਮਾਇਤ ਕਰਨ ਲੱਗ ਜਾਂਦੈ… ਫੀਸਾਂ ਸਾਡੀਆਂ ਪਤਾ ਨੀ ਕਿਹੜਾ ਭਰ ਆਉਂਦੈ… ਜੇ ਚਾਚੂ ਘੂਰੂ… ਤਾਂ ਮੰਮੀ ਪਾਪਾ ਮਜਾਲ ਐਂ ਦਖ਼ਲ ਦੇਣ… ਬਲਕਿ ਨਾਲ ਲੱਗ ਜਾਂਦੇ ਨੇ… ਜੇ ਮੰਮੀ ਨਾਲ ਪਾਪਾ ਲੜੂ ਤਾਂ ਮੰਮੀ ਫੱਟ ਸ਼ਿਕਾਇਤ ਡੈਡੀ ਕੋਲ ਲਾਊ… ਜੇ ਮੰਮੀ ਕੋਈ ਡਰੈੱਸ ਲੈਣ ਤੋਂ ਰੋਕਦੀ ਹੈ ਤਾਂ ਚਾਚੀ ਜਾਂ ਦਾਦੀ ਲੈ ਦਿੰਦੀ ਹੈ।”

ਜਿੱਥੇ ਰਾਮ ਸਿੰਘ ਰੰਗ ਢੰਗ ਅਤੇ ਕੁਲਵਿੰਦਰ ਸਿੰਘ ਹੈਰਾਨ ਹੋ ਕੇ ਸੁਣ ਰਹੇ ਸਨ ਉੱਥੇ ਬਾਕੀ ਸਾਰੇ ਘਰ ਦੇ ਵੀ ਹੈਰਾਨ ਸਨ। ਉਹ ਵੀ ਪਹਿਲੀ ਵਾਰ ਆਪਣੀ ਲੜਕੀ ਤੋਂ ਇਹ ਗੱਲ ਸੁਣ ਰਹੇ ਸਨ। ਉਨ੍ਹਾਂ ਨੂੰ ਵੀ ਆਪਣੀ ਲੜਕੀ ਦੀ ਸੋਚ ਉੱਤੇ ਮਾਣ ਹੋ ਰਿਹਾ ਸੀ। ਉਹਦੇ ਭੈਣ ਭਰਾ ਵੀ ਉਸ ਤੋਂ ਨਵੀਂ ਗੱਲ ਸੁਣ ਰਹੇ ਸਨ।

ਪਿਓ ਬੋਲਿਆ, ”ਯਾਰ ਰਾਮ ਸਿੰਘ… ਐਂ ਕਰੋ ਯਾਰ… ਹੁਣ ਤੁਸੀਂ ਆਏ ਤਾਂ ਹੋ… ਲੱਗਦੇ ਹੱਥ ਮੇਰੀਆਂ ਨੂੰਹਾਂ ਨਾਲ ਵੀ ਗੱਲ ਕਰਦੇ ਜਾਓ… ਕੋਈ ਕਸਰ ਨਹੀਂ ਰਹਿਣੀ ਚਾਹਦੀ… ਤਾਂ ਹੀ ਸਾਰਾ ਪਰਿਵਾਰ ਕਵਰ ਹੋਊਗਾ…” ”ਜਾ ਬਈ ਬੁਲਾ ਕੇ ਲਿਆ। ਆਪਣੀਆਂ ਮੰਮੀਆਂ ਨੂੰ…।” ਪਿਓ ਨੇ ਛੋਟੇ ਪੋਤੇ ਨੂੰ ਕਿਹਾ।

”ਨਹੀਂ ਜੀ ਨਹੀਂ… ਬਿਲਕੁਲ ਨਹੀਂ… ਲੈ ਇਹ ਕੋਈ ਗੱਲ ਬਣੀ… ਨੂੰਹਾਂ ਨੂੰ ਕਿਉਂ… ਇਹ ਤਾਂ ਫੇਰ ਅੰਤਵਾਰਾ ਲੈਣਾ ਹੋਇਆ…।” ਕੁਲਵਿੰਦਰ ਸਿੰਘ ਸੁੱਚਤਮ ਇਹ ਕਹਿ ਕੇ ਉੱਠ ਖੜ੍ਹਾ ਹੋਇਆ।

”ਚੱਲੋ ਹੁਣ ਚੱਲੀਏ ਯਾਰ… ਸਾਢੇ ਬਾਰਾਂ ਵੱਜ ਗਏ ਯਾਰ… ਗੱਲਾਂ ਵਿਚ ਪਤਾ ਈ ਨੀ ਲੱਗਿਆ…।” ਰਾਮ ਸਿੰਘ ਵੀ ਘੜੀ ਵੱਲ ਵੇਖਦਿਆਂ ਉੱਠ ਖੜ੍ਹਾ ਹੋਇਆ।

ਹੇਠਾਂ ਆ ਕੇ ਉਹ ਆਪਣੀ ਕਾਰ ਸਟਾਰਟ ਕਰਨ ਲੱਗੇ। ਤਿੰਨੇ ਪਿਓ-ਪੁੱਤਰ ਅਤੇ ਬੱਚੇ ਉਨ੍ਹਾਂ ਦੇ ਨਾਲ ਹੀ ਹੇਠਾਂ ਉੱਤਰ ਆਏ। ਗਰਮਜੋਸ਼ੀ ਨਾਲ ਉਨ੍ਹਾਂ ਨੂੰ ਵਿਦਾ ਕਰਨ ਲੱਗੇ। ਰਾਮ ਸਿੰਘ ਕੋਠੀ ਨੂੰ ਨਿਹਾਰਦਿਆਂ ਬੋਲਿਆ, ”ਇਹ ਮਕਾਨ ਨਹੀਂ… ਘਰ ਹੈ… ਅਸਲੀ ਘਰ… ਭਰਿਆ ਭਕੁੰਨਿਆ ਘਰ…।”

ਗੱਡੀ ਤੁਰਨ ਲੱਗੀ। ਤਿੰਨੇ ਪਿਓ-ਪੁੱਤਰ ਅਤੇ ਬੱਚੇ ਉਨ੍ਹਾਂ ਨੂੰ ਹੱਥ ਹਿਲਾ ਕੇ ਵਿਦਾ ਕਰ ਰਹੇ ਸਨ। ਤਿੰਨ ਪਿਓਆਂ ਅਤੇ ਤਿੰਨ ਮਾਵਾਂ ਦੀ ਧੀ ਹੱਥ ਹਿਲਾਉਣ ਵਿਚ ਜਿਵੇਂ ਸਾਰਿਆਂ ਦੀ ਅਗਵਾਈ ਕਰ ਰਹੀ ਹੋਵੇ।

ਸੰਪਰਕ: 98767-68960

Advertisement