ਤਾਪਘਰ ’ਚੋਂ ਕਬਾੜ ਚੋਰੀ ਕਰਕੇ ਵੇਚਣ ਵਾਲੇ ਪਿਓ-ਪੁੱਤ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਮਾਨਸਾ, 28 ਮਈ
ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਵਿੱਚ ਵਾਲਵ ਫਲੈਜ ਅਤੇ ਲੋਹੇ ਦਾ ਸਾਮਾਨ ਚੋਰੀ ਕਰਨ ਨੂੰ ਲੈ ਕੇ ਪੁਲੀਸ ਚੌਕੀ ਬਹਿਣੀਵਾਲ ਨੇ ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਵੇਰਵਿਆਂ ਅਨੁਸਾਰ ਇਹ ਚੋਰੀ ਦੀ ਘਟਨਾ ਉਨ੍ਹਾਂ ਦਿਨਾਂ ਵਿਚ ਵਾਪਰੀ, ਜਦੋਂ ਭਾਰਤ-ਪਾਕਿ ਵਿਚਕਾਰ ਤਣਾਅ ਪੂਰਨ ਸਥਿਤੀ ਬਣੀ ਹੋਈ ਸੀ ਅਤੇ ਪੁਲੀਸ ਵਲੋਂ ਤਲਵੰਡੀ ਸਾਬੋ ਪ੍ਰਾਈਵੇਟ ਖੇਤਰ ਦੇ ਥਰਮਲ ਪਲਾਂਟ ਦੀ ਸੁਰੱਖਿਆ ਵਧਾਈ ਹੋਈ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਚੋਰੀ ਹੋ ਜਾਣ ਦੀ ਇਲਾਕੇ ਭਰ ’ਚ ਪੂਰੀ ਚਰਚਾ ਹੈ। ਹਾਲਾਂਕਿ ਅਜਿਹੀਆਂ ਚੋਰੀਆਂ ਦਾ ਮਾਮਲਾ ਇਸ ਖੇਤਰ ਦੇ ਸਰਪੰਚਾਂ ਵੱਲੋਂ ਐੱਸਐੱਸਪੀ ਨਾਲ ਇੱਕ ਮੀਟਿੰਗ ਦੌਰਾਨ ਵੀ ਉਠਾਇਆ ਗਿਆ ਸੀ।
ਪੁਲੀਸ ਨੂੰ ਤਾਪਘਰ ਦੇ ਸੁਪਰਵਾਈਜ਼ਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਹ ਸੁਪਰਵਾਈਜ਼ਰ ਵਜੋਂ, ਉਥੇ ਕੰਮ ਕਰਦਾ ਹੈ, ਜਦੋਂ ਉਹ ਇਕ ਦਿਨ ਚੈਕਿੰਗ ਕਰ ਰਿਹਾ ਸੀ ਤਾਂ ਕੁਝ ਵਿਅਕਤੀ ਕੰਧ ਦੇ ਪਰਲੇ ਪਾਸੇ ਚੋਰੀ ਦਾ ਸਾਮਾਨ ਸੁੱਟ ਰਹੇ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ, ਜਿਸ ਵਿਚ ਜਗੀਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਵਿੰਦਰ ਸਿੰਘ ਵਾਸੀ ਬਹਿਣੀਵਾਲੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਕਿ ਕਬਾੜ ਦਾ ਕੰਮ ਕਰਨ ਵਾਲਾ ਉਨ੍ਹਾਂ ਦਾ ਸਾਥੀ ਸੁਨੀਲ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਚੋਰੀ ਕੀਤੇ ਗਏ ਸਮਾਨ ਦੀ ਕੀਮਤ 90 ਹਜ਼ਾਰ ਦੇ ਕਰੀਬ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਤਾਪਘਰ ਵਿਚੋਂ ਸਮਾਨ ਚੋਰੀ ਕਰਕੇ ਉਸ ਨੂੰ ਕਬਾੜ ਦੇ ਭਾਅ ਵੇਚ ਦਿੰਦੇ ਸਨ, ਜਿਸ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।