ਤਾਇਕਵਾਂਡੋ: ਪੈਰਾਡਾਈਜ਼ ਸਕੂਲ ਦੇ ਵਿਦਿਆਰਥੀਆਂ ਨੇ ਤਗ਼ਮੇ ਜਿੱਤੇ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਮਈ
ਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ (ਘੱਗਾ) ਦਫ਼ਤਰੀ ਵਾਲਾ ਦੇ ਵਿਦਿਆਰਥੀਆਂ ਨੇ ਮਿਲੇਨੀਅਮ ਸਕੂਲ ਪਟਿਆਲਾ ’ਚ ਕਰਵਾਈ 7ਵੀਂ ਪੰਜਾਬ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਜਿੱਤ ਹਾਸਲ ਕੀਤੀ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਸਮੇਤ ਗੁਆਂਢੀ ਰਾਜਾਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲਗਪਗ 500 ਵਿਦਿਆਰਥੀਆਂ ਨੇ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸੀਨੀਅਰ ਸ਼੍ਰੇਣੀ ਵਿੱਚ ਸਹਿਜਪਾਲ ਸਿੰਘ, ਗੁਰਸ਼ਰਨਜੀਤ ਸਿੰਘ, ਆਕਾਸ਼ਦੀਪ ਸਿੰਘ, ਹਰਿੰਦਰ ਸਿੰਘ ਅਤੇ ਹਰਮਨ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਪਛਾੜਦੇ ਹੋਏ ਸੋਨੇ ਦੇ ਤਗ਼ਮੇ ਜਿੱਤੇ। ਸਬ-ਜੂਨੀਅਰ ਸ਼੍ਰੇਣੀ ਦੇ ਤਹਿਤ ਹਰਮਨਜੋਤ ਸਿੰਘ ਨੇ ਸੋਨੇ ਦਾ ਤਗ਼ਮਾ ਜਿੱਤਿਆ, ਜਿਸ ਨੇ ਆਪਣੇ ਪ੍ਰਦਰਸ਼ਨ ਨਾਲ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਅਤੇ ਨਮਨਦੀਪ ਕੌਰ ਨੇ ਆਪਣੇ-ਆਪਣੇ ਜੂਨੀਅਰ ਅਤੇ ਸਬ-ਜੂਨੀਅਰ ਸ਼੍ਰੇਣੀਆਂ ਵਿੱਚ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਅਰਮਾਨ ਸਿੰਘ ਅਤੇ ਅਰਸ਼ਦੀਪ ਕੌਰ ਨੇ ਜੂਨੀਅਰ ਅਤੇ ਸਬ-ਜੂਨੀਅਰ ਸ਼੍ਰੇਣੀਆਂ ਵਿੱਚ ਕਾਂਸੀ ਦੇ ਤਗਮੇ ਜਿੱਤ ਕੇ ਅਸਾਧਾਰਨ ਹਿੰਮਤ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਖੇਡ ਨਾਲ ਸਬੰਧਤ ਸਾਮਾਨ ਇਨਾਮ ਤੌਰ ’ਤੇ ਦਿੱਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਕੋਚ ਅਭਿਨਵ ਸ਼ਰਮਾ ਦੀ ਸ਼ਲਾਘਾ ਕੀਤੀ।