ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

... ਤਾਂ ਕਿ ਅਸਹਿਮਤੀ ਬਣੀ ਰਹੇ

04:04 AM Apr 27, 2025 IST
featuredImage featuredImage

ਗੁਰਪ੍ਰੀਤ ਸਿੰਘ ਮੰਡ

Advertisement

ਮਨੁੱਖ ਦਾ ਮਾਨਸਿਕ ਸੰਸਾਰ ਅਤਿ ਗੁੰਝਲਦਾਰ ਸੰਕਲਪਾਂ-ਵਿਕਲਪਾਂ ਦਾ ਇੱਕ ਅਜਿਹਾ ਅਸਥਿਰ ਸੰਸਾਰ ਹੈ ਜੋ ਝੁੁਕਾਅਵਾਦੀ ਜਾਂ ਪਿਛਲੱਗ ਪ੍ਰਵਿਰਤੀ ਦਾ ਪੂਰਨ ਰੂਪ ਵਿੱਚ ਕਦੇ ਤਿਆਗ ਨਹੀਂ ਕਰਦਾ। ਅੱਜ ਦੇ ਤਕਨੀਕੀ ਯੁੱਗ ਵਿੱਚ ਸਾਰਾ ਸੰਸਾਰ ਇੱਕ ਸਮਾਜਿਕ ਸਮੂਹ ਬਣਦਾ ਜਾ ਰਿਹਾ ਹੈ ਤਾਂ ਮਨੁੱਖ ਦੇ ਇਸ ਵਿਸ਼ਾਲ ਸਮਾਜਿਕ ਚੌਗਿਰਦੇ ਅੰਦਰ ਵਾਪਰਨ ਵਾਲੀ ਹਰ ਘਟਨਾ ਜਾਂ ਵਿਚਾਰ ਉਸ ਦੇ ਮਾਨਸਿਕ ਸੰਸਾਰ ਨੂੰ ਸਿਰਫ਼ ਪ੍ਰਭਾਵਿਤ ਹੀ ਨਹੀਂ ਕਰ ਰਿਹਾ, ਸਗੋਂ ਸਮੂਹਿਕ ਸਮਝ ਦੇ ਨਕਸ਼ ਵੀ ਘੜ ਰਿਹਾ ਹੈ। ਇੱਕ-ਦੂਜੀ ਨਾਲ ਜੁੜੀਆਂ ਇਨ੍ਹਾਂ ਘਟਨਾਵਾਂ ਜਾਂ ਵਿਚਾਰਾਂ ਤੱਕ ਮਨੁੱਖੀ ਸਮਝ ਦੀ ਰਸਾਈ ਆਧੁੁਨਿਕ ਸੰਚਾਰ ਸਾਧਨਾਂ ਰਾਹੀਂ ਵਧੇਰੇ ਤੀਬਰ ਗਤੀ ਨਾਲ ਸੰਭਵ ਹੋਈ ਹੈ। ਅੱਜ ਵੱਖੋ-ਵੱਖਰੇ ਵਿਚਾਰਧਾਰਕ ਮੰਚ ਸਾਡੇ ਮਾਨਸਿਕ ਸੰਸਾਰ ਦੀਆਂ ਬਰੂਹਾਂ ਉੱਪਰ ਖੜੋ ਕੇ ਸਾਡੇ ਪਾਸੋਂ ਪੁੁਰਜ਼ੋਰ ਸਹਿਮਤੀ ਦੀ ਮੰਗ ਕਰ ਰਹੇ ਹਨ।
ਮਨੁੱਖ ਦਾ ਮਾਨਸਿਕ ਸੰਸਾਰ ਗਿਆਨ ਆਸਰੇ ਆਪਣੀ ਦਿਸ਼ਾ/ਆਕਾਰ ਘੜਨ ਦੇ ਸਮਰੱਥ ਹੈ, ਪਰ ਜਿਨ੍ਹਾਂ ਸਮਾਜਾਂ ਅੰਦਰ ਇਹ ਗਿਆਨ ਅਧੂਰਾ, ਇਕਪਾਸੜ ਜਾਂ ਸਮਾਜਾਂ ਉੱਪਰ ਕਾਬਜ਼ ਰਾਜਸੀ-ਧਾਰਮਿਕ ਤਾਕਤਾਂ ਦੁੁਆਰਾ ਨਿਰਦੇਸ਼ਿਤ ਕੀਤਾ ਗਿਆ ਹੋਵੇ, ਉਨ੍ਹਾਂ ਸਮਾਜਾਂ ਦਾ ਇਹ ਮਾਨਸਿਕ ਸੰਸਾਰ ਅਪਾਹਜ ਜਾਂ ਕਿਸੇ ਖ਼ਾਸ ਦਿਸ਼ਾ ਵੱਲ ਝੁੁਕਿਆ ਹੋਣਾ ਲਗਭਗ ਤੈਅ ਹੁੰਦਾ ਹੈ। ਅਜਿਹੇ ਸਮਾਜ ਹੀ ਸਮੂਹਿਕ ਰੂਪ ਵਿੱਚ ਵਿਚਾਰਧਾਰਕ ਧਰੁੁਵੀਕਰਨ ਦਾ ਜਾਣੇ-ਅਣਜਾਣੇ ਵਿੱਚ ਅਸਰ ਕਬੂਲ ਕੇ ਸਮੂਹਿਕ ਬੁੁਰਛਾਗਰਦੀ, ਕੱਟੜ ਧਾਰਮਿਕ ਸਮੂਹ ਜਾਂ ਫ਼ਿਰਕਾਪ੍ਰਸਤ ਸਿਆਸਤ ਦੇ ਚਿੰਨ੍ਹ ਬਣਦੇ ਹਨ।
ਸਿਆਸੀ ਜਾਂ ਧਾਰਮਿਕ ਖੇਤਰ ਵਿਚਲੇ ਕਿਸੇ ਖ਼ਾਸ ਨਿਸ਼ਾਨੇ ਦੀ ਪੂਰਤੀ ਹਿੱਤ ਪ੍ਰਚੱਲਿਤ ਰੂੜੀਵਾਦੀ ਧਾਰਨਾਵਾਂ ਦਾ ਪ੍ਰਚਾਰ ਜਾਂ ਸਿਰਜਣਾ ਕਰਨਾ, ਧਾਰਮਿਕ ਜਾਂ ਜਾਤੀਗਤ ਪਛਾਣਾਂ ਆਧਾਰਿਤ ਹਊਏ ਖੜ੍ਹੇ ਕਰਨੇ ਆਦਿ ਮਾਨਸਿਕ ਧਰੁੁਵੀਕਰਨ ਦੇ ਕੁੁਝ ਮੁੁੱਢਲੇ ਕਾਰਕ ਹਨ। ਅਰਧ-ਚੇਤੰਨ ਵਿਅਕਤੀਆਂ ਜਾਂ ਸਮਾਜਿਕ ਸਮੂਹਾਂ ਦੀ ਅਗਵਾਈ ਕਰਨ ਵਾਲਾ ਆਗੂ, ਭਾਵੇਂ ਉਹ ਧਾਰਮਿਕ ਜਾਂ ਸਿਆਸੀ ਆਦਿ ਕਿਸੇ ਵੀ ਖੇਤਰ ਨਾਲ ਸਬੰਧਿਤ ਹੋਵੇ, ਆਪਣੇ ਸ਼ਬਦਾਂ, ਬੋਲਾਂ ਜਾਂ ਕੰਮਾਂ ਰਾਹੀਂ ਸਬੰਧਿਤ ਸਮਾਜ ਦੀ ਮਾਨਸਿਕਤਾ ਨੂੰ ਰੂਪ ਦਿੰਦਾ ਹੈ ਅਤੇ ਸਮੂਹਿਕ ਸੋਚ-ਸਮਝ ਵਿੱਚ ਵਿਚਾਰਧਾਰਕ ਘੁੁਸਪੈਠ ਰਾਹੀਂ ਉਨ੍ਹਾਂ ਨੂੰ ਇੱਕ ਨਿਸ਼ਚਿਤ ਦਿਸ਼ਾ ਜਾਂ ਨਿਸ਼ਾਨੇ ਵੱਲ ਤੋਰਨ ਦਾ ਯਤਨ ਕਰਦਾ ਹੈ। ਵਿਚਾਰਧਾਰਕ ਘੁੁਸਪੈਠ ਦਾ ਇਹ ਅਤਿ ਮਹੀਨ ਪ੍ਰਵਾਹ ਸਾਧਾਰਨ ਲੋਕ-ਸਮਝ ਦੀ ਪਕੜ ਤੋਂ ਦੂਰ, ਬਹੁੁ-ਪਰਤੀ ਅਤੇ ਬਹੁੁ-ਦਿਸ਼ਾਵੀ ਹੋਣ ਕਾਰਨ ਕਿਸੇ ਖੇਤਰ ਦੇ ਜਨ ਸਮੂਹਾਂ ਨੂੰ ਇੱਕ ਖ਼ਾਸ ਸੇਧਿਤ ਦਿਸ਼ਾ ਜਾਂ ਨਿਸ਼ਾਨੇ ਵੱਲ ਕਦੋਂ ਤੋਰ ਦਿੰਦਾ ਹੈ, ਇਸ ਦਾ ਅਹਿਸਾਸ ਸਬੰਧਿਤ ਸਮਾਜ ਨੂੰ ਕਾਫ਼ੀ ਦੇਰ ਬਾਅਦ ਹੁੰਦਾ ਹੈ ਜਾਂ ਫਿਰ ਕਦੇ ਨਹੀਂ ਹੁੰਦਾ। ਪੰਜਾਬ ਵਿੱਚ ਨੌਜਵਾਨਾਂ ਅੰਦਰ ਪਰਵਾਸ ਦੀ ਰੁੁਚੀ ਇਸ ਵਰਤਾਰੇ ਦੀ ਇੱਕ ਛੋਟੀ ਜਿਹੀ ਮਿਸਾਲ ਹੈ। ਵੱਡੇ ਪਸਾਰਾਂ ਵਾਲਾ ਇਹ ਵਰਤਾਰਾ ਸਿਰਫ਼ ਅਰਧ-ਚੇਤੰਨ ਜਾਂ ਅਰਧ-ਸਿੱਖਿਅਤ ਸਮਾਜਿਕ ਸਮੂਹਾਂ ਦੇ ਵਿਚਾਰਾਂ ਅਤੇ ਜੀਵਨ ਜਾਚ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਸਗੋਂ ਚੇਤੰਨ ਸਮਾਜਿਕ ਸਮੂਹਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਦਾ ਹੈ, ਜਦੋਂ ਕਦੇ ਉਹ ਸਾਧਨ ਸੰਪੰਨ ਮਜ਼ਬੂਤ ਪਰ ਸੰਕੀਰਨ ਸ਼ਕਤੀਆਂ ਦੁੁਆਰਾ ਅਨੁੁਸ਼ਾਸਿਤ ਕੀਤੇ ਜਾਂਦੇ ਹਨ।
ਅਜੋਕੇ ਟੈਕਨੋ ਪੂੰਜੀਵਾਦੀ ਸੰਸਾਰ ਵਿੱਚ ਮਾਨਸਿਕ ਧਰੁੁਵੀਕਰਨ ਦੇ ਤੱਤਾਂ ਜਾਂ ਵਸੀਲਿਆਂ ਦਾ ਖੇਤਰ ਅਤਿ ਵਿਸ਼ਾਲ ਹੈ, ਜਿਸ ਵਿੱਚ ਇਲਾਕਾਈ ਪ੍ਰਭੂਸੱਤਾ, ਕਬੀਲਾ, ਜਾਤ, ਨਸਲ ਜਾਂ ਧਾਰਮਿਕ ਅਕੀਦਿਆਂ ਵਰਗੇ ਕੁਝ ਤੱਤ ਬੱਝਵੇਂ ਜਾਂ ਇਕਹਿਰੇ ਰੂਪ ਵਿੱਚ ਕਾਰਜ ਕਰਦੇ ਹਨ। ਅੱਜ ਇਨ੍ਹਾਂ ਸਾਰੇ ਤੱਤਾਂ ਦਾ ਮਿਲਗੋਭਾ ਅੰਧ-ਰਾਸ਼ਟਰਵਾਦ ਦਾ ਰੂਪ ਗ੍ਰਹਿਣ ਕਰ ਚੁੱਕਾ ਹੈ, ਜਿਸ ਵਿੱਚ ਕਿਸੇ ਤੱਤ ਦੀ ਇਕਹਿਰੇ ਰੂਪ ਵਿੱਚ ਪਛਾਣ ਕਰਨੀ ਨਾਮੁੁਮਕਿਨ ਨਹੀਂ ਤਾਂ ਅਤਿ ਮੁੁਸ਼ਕਿਲ ਜ਼ਰੂਰ ਹੋ ਗਈ ਹੈ। ਕਾਰਪੋਰੇਟ ਤਾਕਤਾਂ ਦੁੁਆਰਾ ਨਿਰਦੇਸ਼ਿਤ ਕੀਤੀਆਂ ਜਾਂ ਰਹੀਆਂ ਅੱਜ ਦੀਆਂ ਰਾਜਸੀ ਸ਼ਕਤੀਆਂ ਵੱਡੇ ਪੱਧਰ ’ਤੇ ਸਮੂਹਿਕ ਜਨ-ਚੇਤਨਾ ਨੂੰ ਕਿਸੇ ਅਜਿਹੇ ਅਮਾਨਵੀ ਸੰਸਾਰ ਅੰਦਰ ਧੱਕਣ ਦੀ ਪੁੁਰਜ਼ੋਰ ਕੋਸ਼ਿਸ਼ ਕਰ ਰਹੀਆਂ ਹਨ, ਜਿੱਥੇ ਮਨੁੱਖ ਅੰਧ-ਰਾਸ਼ਟਰਵਾਦ ਦੇ ਨਸ਼ੇ ਵਿੱਚ ਗੜੁੱਚ ਇੱਕ ਰੇਖਾਂਕਿਤ ਵਿਚਾਰਧਾਰਾ ਅਧੀਨ ਜੀਵਨ ਬਸਰ ਕਰਦਾ ਹੈ, ਜਿੱਥੇ ਮਨੁੱਖੀ ਵਿਚਾਰਧਾਰਕ ਅਸਹਿਮਤੀਆਂ ਜਾਂ ਆਲੋਚਨਾਵਾਂ ਕੋਈ ਅਰਥ ਨਹੀਂ ਰੱਖਦੀਆਂ ਅਤੇ ਮਨੁੱਖ ਕੇਵਲ ਇੱਕ ਵਸਤੂ ਬਣ ਕੇ ਰਹਿ ਜਾਂਦਾ ਹੈ। ਇੱਥੇ ਹਰ ਪ੍ਰਕਾਰ ਦੇ ਰਾਜਸੀ ਪ੍ਰਬੰਧ ਜਾਂ ਆਗੂ ‘ਸ਼ਰਧਾਮਈ ਸਰੂਪ’ ਧਾਰਨ ਕਰ ਜਾਂਦੇ ਹਨ ਅਤੇ ਇਸ ਸਰੂਪ ਨਾਲ ਵਿਚਾਰਧਾਰਕ ਅਸਹਿਮਤੀ ਜਾਂ ਆਲੋਚਨਾ ਘਿਣਾਉਣਾ ਜੁੁਰਮ ਸਮਝਿਆ ਜਾਂਦਾ ਹੈ। ਅਜਿਹੇ ਅਮਾਨਵੀ ਕੁੁਪ੍ਰਬੰਧ ਅੰਦਰ ਰਾਜਸੀ ਅਤੇ ਕਾਰਪੋਰੇਟ ਧਿਰਾਂ ਇੱਕ-ਦੂਸਰੇ ਦੀਆਂ ਪੂਰਕ ਹੋ ਕੇ ਚਲਦੀਆਂ ਹਨ ਅਤੇ ਚਾਰ ਜਾਂ ਪੰਜ ਸਾਲਾਂ ਬਾਅਦ ਸੱਤਾ ਦੀ ਇੱਕ ਤੋਂ ਦੂਸਰੇ ਹੱਥ ਤਬਦੀਲੀ ਨਾਗਰਿਕਾਂ ਦੇ ਅੱਖੀਂ ਘੱਟਾ ਪਾਉਣ ਤੋਂ ਇਲਾਵਾ ਹੋਰ ਕੋਈ ਅਰਥ ਨਹੀਂ ਰੱਖਦੀ।
ਕਿਸੇ ਭੂਗੋਲਿਕ ਖੇਤਰ ਆਧਾਰਿਤ ਸਮੂਹਿਕ ਮਾਨਵੀ ਸਮਝ ਜਾਂ ਵਿਚਾਰਧਾਰਾ ਦੇ ਧਰੁੁਵੀਕਰਨ ਦਾ ਸਿਲਸਿਲਾ ਕੋਈ ਨਿਵੇਕਲਾ ਵਰਤਾਰਾ ਨਹੀਂ ਹੈ। ਮਨੁੱਖੀ ਸੱਭਿਅਤਾ ਦਾ ਇਤਿਹਾਸ ਅਜਿਹੇ ਵਰਤਾਰਿਆਂ ਦੀ ਗਵਾਹੀ ਭਰਦਾ ਹੈ ਕਿ ਸ਼ਕਤੀਸ਼ਾਲੀ ਰਾਜਸੀ ਜਾਂ ਧਾਰਮਿਕ ਸਮੂਹਾਂ ਨੂੰ ਜਦ ਕਦੇ ਵੀ ਕਮਜ਼ੋਰ ਜਾਂ ਘੱਟਗਿਣਤੀ ਸਮਾਜਿਕ ਸਮੂਹਾਂ ਦੀ ਅਗਵਾਈ ਜਾਂ ਸ਼ਾਸਿਤ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਨ੍ਹਾਂ ਵੱਲੋਂ ਸਬੰਧਿਤ ਜਨ ਸਮੂਹਾਂ ਦੀਆਂ ਵਿਚਾਰਧਾਰਕ ਵਿਭਿੰਨਤਾਵਾਂ ਜਾਂ ਅਸਹਿਮਤੀਆਂ ਪ੍ਰਤੀ ਬਣਦੀ ਤਵੱਜੋ ਦੇਣ ਦੀ ਬਜਾਇ ਇਨ੍ਹਾਂ ਦਾ ਦਮਨ ਕਰਕੇ ਉਨ੍ਹਾਂ ਉੱਪਰ ਆਪਣਾ ਕੋਈ ਵਿਸ਼ੇਸ਼ ਵਿਚਾਰਧਾਰਕ ਗਲਬਾ ਪਾਉਣ ਨੂੰ ਤਰਜੀਹ ਦਿੱਤੀ ਗਈ ਹੈ। ਹਰ ਸੰਭਵ ਕੋਸ਼ਿਸ਼ ਰਾਹੀਂ ਆਪਣੇ ਰਾਜਸੀ ਵਿਚਾਰ, ਧਾਰਮਿਕ ਰਹੁੁ-ਰੀਤਾਂ ਜਾਂ ਸੱਭਿਆਚਾਰਕ ਫੈਲਾਅ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਸਾਡਾ ਵਰਤਮਾਨ ਅਜਿਹੇ ਬੇਕਿਰਕ ਤੌਖ਼ਲਿਆਂ ਦੀ ਗਵਾਹੀ ਭਰਦਾ ਹੈ।
ਚੌਦ੍ਹਵੀਂ-ਪੰਦਰਵੀਂ ਸਦੀ ਦਰਮਿਆਨ ਜਦ ਯੂਰੋਪ ਸਾਮੰਤਵਾਦੀ (Feudalism) ਪ੍ਰਬੰਧ ਦੀ ਜਕੜ ਤੋਂ ਉੱਭਰਦਾ ਹੈ ਤਾਂ ਠੀਕ ਉਸੇ ਸਮੇਂ ਪ੍ਰਬੁੱਧ ਰਾਸ਼ਟਰੀ ਰਾਜਾਂ ਦੇ ਨਿਰਮਾਣ ਦਾ ਕਾਰਜ ਆਰੰਭ ਹੁੰਦਾ ਹੈ, ਸੰਸਾਰ ਦੇ ਨਕਸ਼ੇ ਉੱਪਰ ਰਾਸ਼ਟਰੀ ਹੱਦਾਂ-ਸਰਹੱਦਾਂ ਦੀਆਂ ਲਕੀਰਾਂ ਦਾ ਉਭਾਰ ਹੋਣਾ ਸ਼ੁੁਰੂ ਹੁੰਦਾ ਹੈ, ਰਾਸ਼ਟਰੀ ਫ਼ੌਜਾਂ ਅਤੇ ਵਿਚਾਰਧਾਰਾਵਾਂ ਦੇ ਨਾਲ-ਨਾਲ ਰਾਸ਼ਟਰਵਾਦੀ ਭਾਵਨਾਵਾਂ ਮਜ਼ਬੂਤ ਚੌਖਟੇ ਵਿੱਚ ਬੱਝਦੀਆਂ ਹਨ। ਇਹ ਮਨੁੱਖੀ ਇਤਿਹਾਸ ਦਾ ਅਜਿਹਾ ਦੌਰ ਸੀ ਜਦ ਘੱਟਗਿਣਤੀ ਜਾਂ ਰਾਜਸੀ ਸ਼ਕਤੀ ਦੇ ਪੱਖੋਂ ਕਮਜ਼ੋਰ ਜਨ-ਸਮੂਹ, ਰਾਜਸੀ ਜਾਂ ਧਾਰਮਿਕ ਸੱਤਾ ਉੱਪਰ ਕਾਬਜ਼ ਵੱਡੇ ਜਨ-ਸਮੂਹਾਂ ਨਾਲ ਅਛੋਪਲੇ ਹੀ ਭੂਗੋਲਿਕ ਹੱਦਾਂ ਅੰਦਰ ਜਕੜੇ ਗਏ। ਇਨ੍ਹਾਂ ਬਹੁੁਗਿਣਤੀ ਮੁੱਢਲੇ ਰਾਸ਼ਟਰੀ ਰਾਜਾਂ ਅੰਦਰ ਸੱਭਿਆਚਾਰਕ ਜਾਂ ਵਿਚਾਰਧਾਰਕ ਪੱਧਰ ’ਤੇ ਵਿਭਿੰਨਤਾਵਾਂ ਦਾ ਹੋਣਾ ਇਨ੍ਹਾਂ ਦਾ ਖਾਸਾ ਸੀ। ਇੱਕ ਮਜ਼ਬੂਤ ਰਾਸ਼ਟਰੀ ਰਾਜ ਦੇ ਸੰਕਲਪ ਦੀ ਪੂਰਤੀ ਲਈ ਇਨ੍ਹਾਂ ਰਾਸ਼ਟਰਾਂ ਅੰਦਰ ਵਸਣ ਵਾਲੇ ਵਿਭਿੰਨ ਸਮਾਜਿਕ ਸਮੂਹਾਂ ਅੰਦਰ ਰਾਜਸੀ ਅਤੇ ਧਾਰਮਿਕ ਪੱਧਰ ’ਤੇ ਵਿਚਾਰਧਾਰਕ ਏਕਤਾ ਦੀ ਲੋੜ ਮਹਿਸੂਸ ਕੀਤੀ ਗਈ। ਇੱਕ ਸੰਗਠਿਤ ਮਜ਼ਬੂਤ ਰਾਸ਼ਟਰ ਦੀ ਉਸਾਰੀ ਲਈ ਰਾਸ਼ਟਰ ਪ੍ਰੇਮ ਦੀਆਂ ਭਾਵਨਾਵਾਂ ਦੇ ਉਭਾਰ ਦੀ ਬੇਹੱਦ ਸਖ਼ਤ ਲੋੜ ਮਹਿਸੂਸ ਕੀਤੀ ਗਈ, ਭਾਵੇਂ ਇਸ ਲੋੜ ਵਿੱਚ ਵੀ ਸਬੰਧਿਤ ਰਾਸ਼ਟਰਾਂ ਦੇ ਸੱਤਾ ਉੱਪਰ ਕਾਬਜ਼ ਵੱਡੇ ਸਮਾਜਿਕ ਸਮੂਹਾਂ ਦੀਆਂ ਆਪਣੀਆਂ ਰਾਜਸੀ ਜ਼ਰੂਰਤਾਂ ਹੀ ਲੁੁਕੀਆਂ ਹੋਈਆਂ ਸਨ। ਇੱਥੋਂ ਹੀ ਆਧੁੁਨਿਕ ਰਾਸ਼ਟਰਵਾਦ ਅਰਥਾਤ ਦੇਸ਼ਭਗਤੀ ਦਾ ਖ਼ਿਆਲ ਪਣਪਣਾ ਸ਼ੁੁਰੂ ਹੋਇਆ। ਇਹ ਵੱਖੋ-ਵੱਖਰੇ ਸਮਾਜਿਕ ਸਮੂਹਾਂ ਵਿਚਕਾਰ ਸਿਰਫ਼ ਰਾਸ਼ਟਰੀ ਪੱਧਰ ’ਤੇ ਏਕਤਾ ਦਾ ਮੁੱਢਲਾ ਕਾਰਜ ਸੀ। ਅਜੇ ਇਸ ਕਾਰਜ ਵਿੱਚ ਵਿਚਾਰਧਾਰਕ ਅਸਹਿਮਤੀਆਂ ਦੇ ਦਮਨ ਜਾਂ ਧਰੁੁਵੀਕਰਨ ਦਾ ਅੰਸ਼ ਦਾਖਲ ਨਹੀਂ ਹੋਇਆ ਸੀ।
ਅਸਲ ਵਿੱਚ ਵਿਚਾਰਧਾਰਕ ਅਸਹਿਮਤੀਆਂ ਦੇ ਦਮਨ ਦਾ ਇਹ ਵਰਤਾਰਾ ਉਸ ਸਮੇਂ ਵਿਸ਼ੇਸ਼ ਬਲ ਪ੍ਰਾਪਤ ਕਰਦਾ ਹੈ ਜਦ ਯੂਰੋਪ ਮਹਾਦੀਪ ’ਚ ਅਠ੍ਹਾਰਵੀਂ ਸਦੀ ਦੇ ਅਖੀਰ ਵਿੱਚ ਉਦਯੋਗਿਕ ਵਿਕਾਸ ਦੇ ਸਿੱਟੇ ਵਜੋਂ ਪੈਦਾ ਹੋਈਆਂ ਆਰਥਿਕ ਸਾਮਰਾਜਵਾਦੀ ਰੁੁਚੀਆਂ ਜਨਮ ਲੈਂਦੀਆਂ ਹਨ। ਇਨ੍ਹਾਂ ਰੁੁਚੀਆਂ ਨੇ ਦੋ ਵੱਡੀਆਂ ਆਲਮੀ ਜੰਗਾਂ ਨੂੰ ਜਨਮ ਦਿੱਤਾ ਅਤੇ ਅੰਧ-ਰਾਸ਼ਟਰਵਾਦ ਦੇ ਵਲਵਲੇ ਸ਼ੋਰ ਮਚਾਉਣ ਲੱਗੇ। ਇਨ੍ਹਾਂ ਵਲਵਲਿਆਂ ਅੰਦਰਲੀ ਅਸਲ ਭੁੱਖ ਕਿਸੇ ਵੀ ਢੰਗ ਨਾਲ ਸੱਤਾ ਦੀ ਪ੍ਰਾਪਤੀ ਕਰਨਾ ਲੋਚਦੀ ਸੀ ਅਤੇ ਇਸ ਤੋਂ ਵੀ ਕਿਤੇ ਵਧੇਰੇ ਤੀਬਰਤਾ ਨਾਲ ਆਪਣੇ ਧਰਮ, ਸੱਭਿਆਚਾਰ ਅਤੇ ਰਾਜਸੀ ਵਿਚਾਰਾਂ ਦੇ ਫੈਲਾਅ ਦੀ ਇੱਛੁਕ ਸੀ। ਜਿਨ੍ਹਾਂ ਰਾਸ਼ਟਰੀ ਰਾਜਾਂ ਅੰਦਰ ਕਿਸੇ ਵਿਸ਼ੇਸ਼ ਧਾਰਮਿਕ ਜਾਂ ਰਾਜਸੀ ਵਿਚਾਰਾਂ ਵਾਲੇ ਨਾਗਰਿਕਾਂ ਦੀ ਇੱਕ ਵੱਡੀ ਬਹੁੁਗਿਣਤੀ ਮੌਜੂਦ ਸੀ, ਉੱਥੇ ਰਾਜਤੰਤਰ ਜਾਂ ਕੋਈ ਇੱਕੋ-ਇੱਕ ਰਾਜਸੀ ਪਾਰਟੀ ਸੌਖਿਆਂ ਹੀ ਦੇਸ਼ ਦੀ ਸੱਤਾ ਉੱਪਰ ਕਾਬਜ਼ ਹੋ ਗਈ, ਪਰ ਦੂਜੇ ਪਾਸੇ ਉਹ ਦੇਸ਼ ਜਿਨ੍ਹਾਂ ਵਿੱਚ ਰਾਜਸੀ, ਧਾਰਮਿਕ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਜਾਂ ਅਸਹਿਮਤੀਆਂ ਦਾ ਬੋਲਬਾਲਾ ਸੀ, ਉੱਥੇ ਸੱਤਾ ਪ੍ਰਾਪਤੀ ਦੇ ਰਾਹਾਂ ਨੂੰ ਸਰ ਕਰਨਾ ਸੌਖਾ ਕਾਰਜ ਨਹੀਂ ਸੀ। ਅਜਿਹੇ ਹਾਲਾਤ ਦਾ ਸਾਹਮਣਾ ਕਰਨ ਵਾਲੇ ਰਾਸ਼ਟਰਾਂ ਕੋਲ ਦੋ ਹੀ ਰਾਹ ਸਨ, ਪਹਿਲਾਂ ਵਿਚਾਰਧਾਰਕ ਵਿਭਿੰਨਤਾਵਾਂ ਜਾਂ ਅਸਹਿਮਤੀਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਅਤੇ ਦੂਜਾ ਇਨ੍ਹਾਂ ਨੂੰ ਲਿਤਾੜ ਕੇ ਸੱਤਾ ਦੀ ਪ੍ਰਾਪਤੀ ਕਰ ਲਈ ਜਾਵੇ। ਆਪਣੇ ਸਿਆਸੀ ਮੁੁਫ਼ਾਦਾਂ ਦੀ ਪੂਰਤੀ ਲਈ ਜ਼ਿਆਦਾਤਰ ਰਾਸ਼ਟਰਾਂ ਨੇ ਲੁੁਕਵੇਂ ਢੰਗ ਨਾਲ ਦੂਜੇ ਰਾਹ ਦੀ ਚੋਣ ਕੀਤੀ।
ਸਿਰਾਂ ਦੀ ਗਿਣਤੀ ਨੂੰ ਆਧਾਰ ਬਣਾ ਕੇ ਸੱਤਾ ਦੀਆਂ ਪੌੜੀਆਂ ਚੜ੍ਹਨ ਵਾਲੇ ਵੋਟ-ਤੰਤਰੀ ਰਾਜਸੀ ਪ੍ਰਬੰਧ ਵਿੱਚ ਸਰਗਰਮ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਹਰ ਸਮੇਂ ਜਨ-ਚੇਤਨਾ ਅੰਦਰ ਵਿਚਾਰਧਾਰਕ ਘੁੁਸਪੈਠ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਘੁੁਸਪੈਠ ਦੇ ਪ੍ਰਮੁੱਖ ਅੰਸ਼ ਫ਼ਿਰਕਾਪ੍ਰਸਤੀ ਦੇ ਨਜ਼ਰੀਏ ਤੋਂ ਆਪਣੇ ਧਰਮ, ਜਾਤੀ, ਖਿੱਤੇ ਜਾਂ ਸੱਭਿਆਚਾਰਕ ਵਿਚਾਰਧਾਰਾ ਦੀ ਅਖੌਤੀ ਸ੍ਰੇਸ਼ਟਤਾ ਦਾ ਗੁੁਣਗਾਨ ਕਰ ਕੇ ਸਿਰਜੇ ਜਾਂਦੇ ਹਨ। ਕਈ ਵਾਰ ਉਪਰੋਕਤ ਤੱਤਾਂ ਦੀ ਖ਼ਾਲਸ ਹੋਂਦ ਨੂੰ ਕਿਸੇ ਦੂਜੇ ਜਨ-ਸਮੂਹ ਜਾਂ ਰਾਸ਼ਟਰ ਤੋਂ ਖ਼ਤਰਾ ਦਰਸਾ ਕੇ ਫ਼ਿਰਕਾਪ੍ਰਸਤੀ ਦਾ ਅਜਿਹਾ ਦੰਭ ਸਿਰਜ ਦਿੱਤਾ ਜਾਂਦਾ ਹੈ, ਜੋ ਪਲਾਂ ਵਿੱਚ ਹੀ ਵਰਤਮਾਨ ਨੂੰ ਇਤਿਹਾਸ ਦੇ ਕਾਲੇ ਅਧਿਆਏ ਵਜੋਂ ਦਰਜ ਕਰ ਦਿੰਦਾ ਹੈ। ਅੱਜ ਸੰਸਾਰ ਪੱਧਰ ਦੇ ਬਹੁਗਿਣਤੀ ਰਾਜਸੀ ਪ੍ਰਬੰਧ ਇਸ ਵਬਾਅ ਦਾ ਸ਼ਿਕਾਰ ਹਨ ਅਤੇ ਮੁੁਕਾਮੀ ਸਿਆਸਤ ਵੀ ਇਸ ਤੋਂ ਅਛੂਤੀ ਨਹੀਂ ਹੈ। ਮੁੁਲਕ ਦੀ ਭੂਗੋਲਿਕ ਅਤੇ ਆਬਾਦੀ ਦੀ ਵਿਸ਼ਾਲਤਾ ਕਾਰਨ ਚੋਣ ਕਮਿਸ਼ਨ ਲਗਾਤਾਰ ਚੁਣਾਵੀ ਛਿੰਝਾਂ ਦੀਆਂ ਤਰੀਕਾਂ ਦਾ ਐਲਾਨ ਕਰਦਾ ਰਹਿੰਦਾ ਹੈ ਅਤੇ ਮੁਲਕ ਦੇ ਸਿਖਰਲੇ ਅਹੁਦਿਆਂ ਉੱਪਰ ਬਿਰਾਜਮਾਨ ਸਿਆਸੀ ਪਹਿਲਵਾਨ ਹਰ ਸਮੇਂ ਆਪਣਾ ਅਤੇ ਜਨਤਾ ਦਾ ਖ਼ੂਨ ਗਰਮਾਈ ਰੱਖਦੇ ਹਨ। ਸਿਆਸੀ ਪਹਿਲਵਾਨਾਂ ਦੀ ਇਸ ਖੇਡ ਨੇ ਜਿੱਥੇ ਸਮਾਜਿਕ ਸਬੰਧਾਂ ਵਿੱਚ ਤਰੇੜਾਂ ਅਤੇ ਤਣਾਅ ਪੈਦਾ ਕੀਤਾ ਹੈ, ਉੱਥੇ ਮਹੱਤਵਪੂਰਨ ਸੰਸਥਾਵਾਂ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਨੂੰ ਵੀ ਖੋਰਾ ਲਾਇਆ ਹੈ। ਮੌਜੂਦਾ ਸਮੇਂ ਬਿਜਲਈ, ਪ੍ਰਿੰਟ ਅਤੇ ਸੋਸ਼ਲ ਮੀਡੀਆ ਕਿਸੇ ਉਸਾਰੂ ਬਹਿਸ ਜਾਂ ਵਿਚਾਰਾਂ ਤੋਂ ਸੱਖਣੇ ਹੋ ਕੇ ਸਿਆਸੀ ਚਿੱਕੜ ਨਾਲ ਓਤਪੋਤ ਹਨ।
ਅੱਜ ਸਿਆਸੀ ਪ੍ਰਬੰਧਾਂ ਉੱਪਰ ਕਾਬਜ਼ ਜਾਂ ਕਬਜ਼ਾ ਲੈਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਸਿਆਸੀ ਮਹਾਰਥੀਆਂ ਦੇ ਸਾਰੇ ਹਰਬੇ ਹਰ ਪ੍ਰਕਾਰ ਦੀਆਂ ਸਿਆਸੀ, ਵਿਚਾਰਧਾਰਕ ਜਾਂ ਸੱਭਿਆਚਾਰਕ ਅਸਹਿਮਤੀਆਂ ਦਾ ਅੰਤ ਕਰਕੇ ਇੱਕ ਸਮਾਜ, ਇੱਕ ਸੱਭਿਆਚਾਰ, ਇੱਕ ਵਿਚਾਰਧਾਰਾ ਅਤੇ ਇੱਕੋ ਸਿਆਸੀ ਪਾਰਟੀ ਦੀ ਹੋਂਦ ਨੂੰ ਸਥਾਈ ਕਰਨ ਵਿੱਚ ਮਸਰੂਫ਼ ਹਨ। ਸਮੇਂ-ਸਮੇਂ ’ਤੇ ਮਨੁੱਖੀ ਵਿਕਾਸ ਨੂੰ ਆਧਾਰ ਬਣਾ ਕੇ ਚੋਣ ਮੈਨੀਫੈਸਟੋ ਜਾਰੀ ਕਰਨ ਦੀ ਥਾਂ ਪੱਕੇ ਤੌਰ ’ਤੇ ਵੋਟਾਂ ਦੇ ਧਰੁਵੀਕਰਨ ਲਈ ਫ਼ਿਰਕਾਪ੍ਰਸਤ ਸ਼ਬਦਾਂ, ਅਖੌਤੀ ਵਿਚਾਰਧਾਰਾਵਾਂ ਅਤੇ ਇੱਕ ਖ਼ਾਸ ਵਿਚਾਰਾਧਾਰਾ ਨੂੰ ਸਮਰਪਿਤ ਸਿੱਖਿਆ ਪ੍ਰਬੰਧ ਰਾਹੀਂ ਸਭ ਅਸਹਿਮਤੀਆਂ ਦਾ ਦਮਨ ਕਰਕੇ ਸਮੂਹਿਕ ਮਾਨਵੀ ਸਮਝ ਨੂੰ ਇੱਕ ਸੇਧਿਤ ਦਿਸ਼ਾ ਵੱਲ ਤੋਰ ਕੇ ਸਮੂਹਿਕ ਮਾਨਸਿਕ ਧਰੁਵੀਕਰਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਵਿਕਾਸ ਅੰਕੜਿਆਂ ਦੀ ਖੇਡ ਬਣ ਕੇ ਰਹਿ ਗਿਆ ਹੈ। ਸਮਾਜਿਕ ਵਿਕਾਸ, ਨਿਆਂ, ਵਧਦੀ ਬੇਰੁਜ਼ਗਾਰੀ, ਖੇਤੀ ਸੰਕਟ, ਸਮਾਜਿਕ-ਆਰਥਿਕ ਨਾ-ਬਰਾਬਰੀਆਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਆਦਿ ਸਭ ਪਹਿਲੂਆਂ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।
ਵਿਚਾਰਧਾਰਕ ਅਸਹਿਮਤੀਆਂ ਮਨੁੱਖੀ ਵਿਕਾਸ ਦੇ ਨਵੇਂ ਰਾਹਾਂ ਨੂੰ ਰੋਸ਼ਨ ਕਰਦੀਆਂ ਹਨ, ਪਰ ਅੱਜ ਮੁਲਕ ਦੇ ਸਿਖਰਲੇ ਅਹੁਦਿਆਂ ਉੱਪਰ ਬਿਰਾਜਮਾਨ ‘ਸ਼ਰਧਾਮਈ ਹਸਤੀਆਂ’ ਇਸ ਪਹਿਲੂ ਤੋਂ ਪਾਸਾ ਵੱਟ ਰਹੀਆਂ ਹਨ। ਵਿਚਾਰਧਾਰਕ ਅਸਹਿਮਤੀਆਂ ਨੂੰ ਮੇਟਣ ਦੀ ਪ੍ਰਕਿਰਿਆ ਮੁਲਕ ਦੇ ਆਵਾਮ ਦੀ ਮਾਨਸਿਕ ਗ਼ੁਲਾਮੀ ਦਾ ਰਾਹ ਪੱਧਰਾ ਕਰ ਰਹੀ ਹੈ। ਸਮਾਂ ਰਹਿੰਦਿਆਂ ਇਸ ਪ੍ਰਕਿਰਿਆ ਪ੍ਰਤੀ ਸੁਚੇਤ ਹੋਣਾ ਅਤੇ ਇਨ੍ਹਾਂ ਅਸਹਿਮਤੀਆਂ ਦੀ ਹੋਂਦ ਨੂੰ ਬਣਾਈ ਰੱਖਣਾ ਅਤਿ ਲਾਜ਼ਮੀ ਹੈ।
ਸੰਪਰਕ: 98882-74856

Advertisement
Advertisement