ਤਸਕਰਾਂ ਦਾ ਸਾਥ ਦੇਣ ਵਾਲੇ ਪੰਚਾਂ-ਸਰਪੰਚਾਂ ਦਾ ਅਹੁਦਾ ਵੀ ਖੁੱਸ ਸਕਦੈ: ਮਾਣੂੰਕੇ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਮਈ
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਅਤੇ ਸ਼ੁਰੂ ਕੀਤੀ ਯਾਤਰਾ ਤਹਿਤ ਅੱਜ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪਿੰਡਾਂ ਵਿੱਚ ਸਮਾਗਮ ਕਰਵਾ ਕੇ ਲੋਕਾਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ। ਪਿੰਡ ਮੀਰਪੁਰ ਹਾਂਸ, ਗਗੜਾ ਤੇ ਹੋਰਨਾਂ ਵਿੱਚ ਸਮਾਗਮ ਕਰਵਾ ਕੇ ਨਗਰ ਨਿਵਾਸੀਆਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ। ਨਾਲ ਹੀ ਲੋਕਾਂ ਦਾ ਮਾਰੂ ਨਸ਼ਿਆਂ ਨੂੰ ਰੋਕਣ ਲਈ ਸਹਿਯੋਗ ਮੰਗਿਆ।
ਵਿਧਾਇਕਾ ਮਾਣੂੰਕੇ ਨੇ ਇਸ ਸਮੇਂ ਨਸ਼ਾ ਤਸਕਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਜਾਂ ਤਾਂ ਇਹ ਕੰਮ ਛੱਡ ਦੇਣ ਜਾਂ ਫੇਰ ਪੰਜਾਬ, ਨਹੀਂ ਤਾਂ ਉਹ ਰਗੜੇ ਜਾਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਉਨ੍ਹਾਂ ਕੋਲ ਨਸ਼ਾ ਤਸਕਰਾਂ ਦੀ ਭੁੱਲ ਕੇ ਵੀ ਸਿਫਾਰਸ਼ ਨਾ ਕਰੇ ਅਤੇ ਨਾ ਹੀ ਕੋਈ ਪਾਰਟੀ ਆਗੂ ਕਿਸੇ ਨਸ਼ਾ ਵੇਚਣ ਵਾਲੇ ਦਾ ਪੱਖ ਪੂਰਨ ਦੀ ਗੁਸਤਾਖੀ ਕਰੇ। ਉਨ੍ਹਾਂ ਨਗਰ ਨਿਵਾਸੀਆਂ ਨੂੰ ਸੁਚੇਤ ਕੀਤਾ ਕਿ ਜੇਕਰ ਕੋਈ ਸਰਪੰਚ, ਪੰਚਾਇਤ ਮੈਂਬਰ ਜਾਂ ਨੰਬਰਦਾਰ ਕਿਸੇ ਵੀ ਚਿੱਟੇ ਦੇ ਸਮੱਗਲਰ ਜਾਂ ਨਸ਼ੇੜੀ ਦੀ ਸਹਾਇਤਾ ਲਈ ਸਿਫ਼ਾਰਸ਼ ਕਰੇਗਾ ਜਾਂ ਸਾਥ ਦੇਵੇਗਾ ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਹੋ ਸਕਦੀ ਹੈ। ਅਜਿਹਾ ਕਰਨ ਵਾਲੇ ਦਾ ਆਹੁਦਾ ਵੀ ਖੁੱਸ ਸਕਦਾ ਹੈ।
ਵਿਧਾਇਕਾ ਮਾਣੂੰਕੇ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਦੇ ਮੈਦਾਨਾਂ ਨਾਲ ਜੁੜਨ ਅਤੇ ਪੰਜਾਬ ਸਰਕਾਰ ਦੀ ਅਗਵਾਈ ਹੇਠ ਖੇਡ ਗਰਾਊਂਡਾਂ ਬਣਾ ਕੇ ਦੇਣ ਨਾਲ ਖੇਡਾਂ ਦਾ ਲੋੜੀਂਦਾ ਸਾਮਾਨ ਵੀ ਮੁਹੱਈਆ ਕਰਵਾਵੇਗੀ। ਜਿਹੜਾ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਵੇਗਾ ਤਾਂ ਸਰਕਾਰ ਵਲੋਂ ਉਸ ਪਿੰਡ ਦਾ ਸਨਮਾਨ ਕੀਤਾ ਜਾਵੇਗਾ ਅਤੇ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾਵੇਗੀ। ਇਸ ਮੌਕੇ ਕੋਆਰਡੀਨੇਟਰ ਵਿਕਰਮਜੀਤ ਸਿੰਘ ਥਿੰਦ, ਸਿੱਖਿਆ ਕੋਆਰਡੀਨੇਟਰ ਮਾ. ਪਰਮਿੰਦਰ ਸਿੰਘ ਗਿੱਦੜਵਿੰਡੀ, ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ, ਸ਼ੋਸ਼ਲ ਮੀਡੀਆ ਇੰਚਾਰਜ ਅਮਰਦੀਪ ਸਿੰਘ ਟੂਰੇ, ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ, ਬੀਡੀਪੀਓ ਸੁਖਦੀਪ ਸਿੰਘ ਆਦਿ ਤੋਂ ਇਲਾਵਾ ਪ੍ਰਧਾਨ ਗੁਰਦੇਵ ਸਿੰਘ ਬਾਰਦੇਕੇ, ਸਰਪੰਚ ਸਿਮਰਨਜੀਤ ਸਿੰਘ ਬਾਰਦੇਕੇ, ਸਰਪੰਚ ਮਨਪ੍ਰੀਤ ਕੌਰ ਮੀਰਪੁਰ ਹਾਂਸ, ਬਲਾਕ ਪ੍ਰਧਾਨ ਮਨਦੀਪ ਸਿੰਘ ਮੀਰਪੁਰ, ਅਵਤਾਰ ਸਿੰਘ ਪੰਚ, ਚਰਨਜੀਤ ਕੌਰ ਪੰਚ, ਸਰਬਜੀਤ ਕੌਰ ਪੰਚ ਤੇ ਹੋਰ ਹਾਜ਼ਰ ਸਨ।