ਤਲਵਾੜਾ ਨਗਰ ਕੌਂਸਲ ਦੇ ਪ੍ਰਧਾਨ ਆਸ਼ੂ ਅਰੋੜਾ ਨੇ ਅਹੁਦਾ ਸੰਭਾਲਿਆ
ਦੀਪਕ ਠਾਕੁਰ
ਤਲਵਾੜਾ, 20 ਮਈ
ਇੱਥੇ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਹਰਸ਼ ਕੁਮਾਰ ਉਰਫ਼ ਆਸ਼ੂ ਅਰੋੜਾ ਨੇ ਅੱਜ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਨਗਰ ਕੌਂਸਲ ਦਫ਼ਤਰ ਸਾਹਮਣੇ ਮੈਦਾਨ ’ਚ ਵਿਧਾਇਕ ਦਸੂਹਾ ਐਡ. ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਕਰਵਾਏ ਤਾਜਪੋਸ਼ੀ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਗੁਰਪ੍ਰੀਤ ਕੌਰ ਮਾਨ ਨੇ ਨਵੇਂ ਬਣੇ ਪ੍ਰਧਾਨ ਆਸ਼ੂ ਅਰੋੜਾ ਨੂੰ ਵਧਾਈ ਦਿੱਤੀ। ਇਲਾਕਾ ਨਿਵਾਸੀਆਂ ਨਾਲ ਮੁਖਾਤਿਬ ਹੁੰਦਿਆਂ ਡਾ. ਮਾਨ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਮੁੜ ਰੰਗਲਾ ਅਤੇ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਰਹੇ ਹਨ। ‘ਆਪ’ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਡਾ. ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਆਸ਼ੂ ਅਰੋੜਾ ਸ਼ਹਿਰ ਤਲਵਾੜਾ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਣਗੇ।
ਸਮਾਗਮ ’ਚ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪਾਣੀਆਂ ਅਤੇ ਜਵਾਨੀ ਨੂੰ ਬਚਾਉਣ ਲਈ ਨਿਰੰਤਰ ਕੰਮ ਕਰ ਰਹੇ ਹਨ। ਉਨ੍ਹਾਂ ਹਲਕਾ ਦਸੂਹਾ ਅਤੇ ਤਲਵਾੜਾ ਵਿਚ ਕਰਵਾਏ ਕੰਮਾਂ ਦਾ ਵੇਰਵਾ ਦਿੱਤਾ। ਘੁੰਮਣ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ’ਚ ਪੇਂਡੂ ਸੜਕਾਂ ਦੀ ਰਿਪੇਅਰ ਦਾ ਕੰਮ ਪਹਿਲ ਦੇ ਅਧਾਰ ’ਤੇ ਸ਼ੁਰੂ ਕਰਵਾਇਆ ਜਾ ਰਿਹਾ ਹੈ। ਨਵੇਂ ਬਣੇ ਪ੍ਰਧਾਨ ਆਸ਼ੂ ਅਰੋੜਾ ਨੇ ਆਪਣੇ ਸੰਬੋਧਨ ’ਚ ਤਲਵਾੜਾ ਦੇ ਚਹੁੰਮੁਖੀ ਵਿਕਾਸ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦਾ ਹਾਜਰੀਨ ਨੂੰ ਵਿਸ਼ਵਾਸ ਦਿਵਾਇਆ। ਮੰਚ ਸੰਚਾਲਨ ਵਿਧਾਇਕ ਘੁੰਮਣ ਦੇ ਛੋਟੇ ਭਰਾ ਬਿੰਦੂ ਘੁੰਮਣ ਨੇ ਕੀਤਾ।